ਸ਼ੰਭੂ ਬਾਰਡਰ, 24 ਫਰਵਰੀ (ਪੰਜਾਬ ਮੇਲ)- ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਸ਼ੰਭੂ ਅਤੇ ਖਨੌਰੀ ਵਿਚ ਮੋਰਚੇ ਦਾ ਅੱਜ 12ਵਾਂ ਦਿਨ ਹੈ। ਕੱਲ੍ਹ ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਨੇ ਫੈਸਲਾ ਕੀਤਾ ਹੈ ਕਿ ਅੱਜ ਸ਼ਾਮ ਦੋਵੇਂ ਸਰਹੱਦਾਂ ’ਤੇ ਸ਼ਹੀਦ ਕਿਸਾਨਾਂ ਲਈ ਮੋਮਬੱਤੀ ਮਾਰਚ ਕੱਢਿਆ ਜਾਵੇਗਾ। ਇਸ ਤੋਂ ਬਾਅਦ 25 ਫਰਵਰੀ ਨੂੰ ਦੋਵਾਂ ਸਰਹੱਦਾਂ ’ਤੇ ਕਾਨਫ਼ਰੰਸ ਕੀਤੀ ਜਾਵੇਗੀ ਤੇ 26 ਫਰਵਰੀ ਨੂੰ ਡਬਲਿਊਟੀਓ ’ਤੇ ਚਰਚਾ ਹੋਵੇਗੀ। 26 ਫਰਵਰੀ ਨੂੰ ਹੀ ਡਬਲਿਊਟੀਓ, ਕਾਰਪੋਰੇਟ ਘਰਾਣਿਆਂ ਅਤੇ ਸਰਕਾਰਾਂ ਦੇ ਦੋਨਾਂ ਸਰਹੱਦਾਂ ’ਤੇ 20 ਫੁੱਟ ਤੋਂ ਵੱਧ ਉੱਚੇ ਪੁਤਲੇ ਫੂਕੇ ਜਾਣਗੇ। 27 ਫਰਵਰੀ ਨੂੰ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਦੇਸ਼ ਭਰ ਦੇ ਆਪਣੇ ਸਾਰੇ ਆਗੂਆਂ ਦੀ ਮੀਟਿੰਗ ਕਰੇਗੀ ਤੇ 28 ਫਰਵਰੀ ਨੂੰ ਦੋਵੇਂ ਮੰਚ ਬੈਠ ਕੇ ਚਰਚਾ ਕਰਨਗੇ। ਉਨ੍ਹਾਂ ਦੱਸਿਆ ਕਿ ਅਗਲਾ ਕਦਮ 29 ਫਰਵਰੀ ਨੂੰ ਲਿਆ ਜਾਵੇਗਾ।