#CANADA

ਸਰੀ ‘ਚ ਫਿਰੌਤੀ ਨਾ ਦੇਣ ‘ਤੇ ਮੰਦਰ ਕਮੇਟੀ ਪ੍ਰਧਾਨ ਦੇ ਬੈਂਕੁਇਟ ਹਾਲ ‘ਤੇ ਹਮਲਾ

ਵੈਨਕੂਵਰ, 11 ਜੂਨ (ਗੁਰਮਲਕੀਅਤ ਸਿੰਘ ਕਾਹਲੋਂ/ਪੰਜਾਬ ਮੇਲ)- ਕੈਨੇਡਾ ਦੇ ਸਰੀ ਵਿਚ ਫਿਰੌਤੀ ਗਰੋਹ ਮੁੜ ਤੋਂ ਸਰਗਰਮ ਹੋ ਗਿਆ ਹੈ। ਬੀਤੇ ਚਾਰ ਦਿਨਾਂ ‘ਚ ਸਰੀ ਦੇ ਕਈ ਕਾਰੋਬਾਰੀਆਂ ਨੂੰ ਫਿਰੌਤੀ ਕਾਲਾਂ ਆਈਆਂ ਹਨ, ਪਰ ਇਨ੍ਹਾਂ ‘ਚੋਂ ਕਈ ਚੁੱਪ ਰਹਿਣ ‘ਚ ਹੀ ਭਲਾਈ ਸਮਝ ਰਹੇ ਹਨ। ਜਾਣਕਾਰੀ ਅਨੁਸਾਰ ਚਾਰ ਕੁ ਦਿਨ ਪਹਿਲਾਂ ਫਿਰੌਤੀ ਗਰੋਹ ਨੇ ਸਰੀ ਸਥਿਤ ਲਕਸ਼ਮੀ ਨਾਰਾਇਣ ਮੰਦਰ ਦੇ ਪ੍ਰਧਾਨ ਸਤੀਸ਼ ਕੁਮਾਰ (73) ਨੂੰ ਇਟਲੀ ਦੇ ਨੰਬਰ ਤੋਂ ਫੋਨ ਕਰਕੇ 20 ਲੱਖ ਡਾਲਰ ਦੀ ਫਿਰੌਤੀ ਮੰਗੀ, ਜਦੋਂ ਉਸ ਨੇ ਫਿਰੌਤੀ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਦੇ ਸਰੀ ਵਿਚਲੇ ਬੈਂਕੁਇਟ ਹਾਲ ‘ਤੇ ਗੋਲੀਆਂ ਚਲਾਈਆਂ ਗਈਆਂ। ਘਟਨਾ ਵੇਲੇ ਹਾਲ ਖਾਲੀ ਸੀ, ਜਿਸ ਕਾਰਨ ਕੋਈ ਜ਼ਖ਼ਮੀ ਨਹੀਂ ਹੋਇਆ।
ਸੰਪਰਕ ਕਰਨ ‘ਤੇ ਸਤੀਸ਼ ਕੁਮਾਰ ਨੇ ਦੱਸਿਆ ਕਿ ਉਸ ਕੋਲੋਂ 20 ਲੱਖ ਡਾਲਰ ਮੰਗੇ ਗਏ ਸਨ ਅਤੇ ਅਜਿਹਾ ਨਾ ਕਰਨ ‘ਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ। ਸਤੀਸ਼ ਨੇ ਫਿਰੌਤੀ ਦੇਣ ਦੀ ਜਗ੍ਹਾ ਜਦੋਂ ਉਸ ਨੂੰ ਵੰਗਾਰਿਆ, ਤਾਂ ਫਿਰੌਤੀ ਗਰੋਹ ਦਾ ਮੈਂਬਰ ਭੱਦੀ ਸ਼ਬਦਾਵਲੀ ਵਰਤਣ ਲੱਗ ਪਿਆ ਅਤੇ ਐਤਵਾਰ ਨੂੰ ਉਸ ਦੇ ਬੈਂਕੁਇਟ ਹਾਲ ‘ਤੇ ਹਮਲਾ ਕਰ ਦਿੱਤਾ ਗਿਆ।
ਅਜਿਹੀਆਂ ਫਿਰੌਤੀ ਕਾਲਾਂ ਕੁਝ ਹੋਰ ਭਾਰਤੀ ਕਾਰੋਬਾਰੀਆਂ ਨੂੰ ਵੀ ਆਈਆਂ ਹਨ, ਪਰ ਉਹ ਵਪਾਰਕ ਮਜਬੂਰੀਆਂ ਕਰਕੇ ਸਾਹਮਣੇ ਨਹੀਂ ਆਉਣਾ ਚਾਹੁੰਦੇ। ਬਰੈਂਪਟਨ, ਐਡਮਿੰਟਨ ਅਤੇ ਕੈਲਗਰੀ ‘ਚ ਵੀ ਕੁਝ ਕਾਰੋਬਾਰੀਆਂ ਨੂੰ ਅਜਿਹੀਆਂ ਧਮਕੀਆਂ ਮਿਲਣ ਦੀਆਂ ਸੂਚਨਾਵਾਂ ਹਨ। ਕੁੱਝ ਦਿਨ ਪਹਿਲਾਂ ਮਿਸੀਸਾਗਾ ‘ਚ ਮਾਰੇ ਗਏ ਹਰਜੀਤ ਸਿੰਘ ਢੱਡਾ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਸ ਨੂੰ ਵੀ ਅਜਿਹੀਆਂ ਧਮਕੀਆਂ ਆਉਂਦੀਆਂ ਰਹੀਆਂ ਸਨ।