#AMERICA

ਸਰਹੱਦੀ ਸੁਰੱਖਿਆ ਬਿੱਲ ਖਤਮ ਕਰਨ ਲਈ ਜਿੰਮਵਾਰ ਹੈ ਡੋਨਲਡ ਟਰੰਪ-ਕਮਲਾ ਹੈਰਿਸ

ਐਟਲਾਂਟਾ,  3  ਅਗਸਤ (ਪੰਜਾਬ ਮੇਲ)- ਉੱਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਰਿਪਬਲੀਕਨ ਪਾਰਟੀ ਦੇ ਰਾਸ਼ਟਰਪਤੀ ਅਹੁੱਦੇ ਲਈ ਉਮੀਦਵਾਰ ਡੋਨਲਡ ਟਰੰਪ ਨੂੰ ਖੁਲੀ ਬਹਿਸ ਦੀ ਚੁਣੌਤੀ ਦਿੱਤੀ ਹੈ। ਰਾਸ਼ਟਰਪਤੀ ਅਹੁੱਦੇ ਲਈ ਡੈਮੋਕਰੈਟਿਕ ਉਮੀਦਵਾਰ ਵਜੋਂ ਰਸਮੀ ਦਾਅਵੇਦਾਰੀ ਪੇਸ਼ ਕਰਨ ਉਪਰੰਤ ਐਟਲਾਂਟਾ (ਜਾਰਜੀਆ) ਵਿਚ ਇਕ ਉਤਸ਼ਾਹ ਭਰਪੂਰ ਇਕੱਠ ਨੂੰ ਸੰਬੋਧਨ ਕਰਦਿਆਂ  ਹੈਰਿਸ ਨੇ ਕਿਹਾ ਕਿ ਮੇਰੇ ਵੱਲੋਂ ਇਸ ਤੋਂ ਪਹਿਲਾਂ ਬਹਿਸ ਲਈ ਦਿੱਤੀ ਚੁਣੌਤੀ ਤੋਂ ਟਰੰਪ ਭੱਜ ਗਿਆ ਸੀ ਤੇ ਉਨਾਂ ਨੇ ਕਿਹਾ ਸੀ ਕਿ ਸੰਭਾਵੀ ਤੌਰ ‘ਤੇ ਉਹ ਹੈਰਿਸ ਨਾਲ ਸਤੰਬਰ ਵਿਚ ਬਹਿਸ ਕਰਨਗੇ। ਹੈਰਿਸ ਨੇ ਕਿਹਾ ਬਹੁਤ ਵਧੀਆ ਟਰੰਪ ਮੈਨੂੰ ਆਸ ਹੈ ਕਿ ਤੁਸੀਂ ਮੇਰੇ ਨਾਲ ਮੰਚ ਉਪਰ ਬਹਿਸ ਬਾਰੇ ਮੁੜ ਵਿਚਾਰ ਕਰੋਗੇ। ਉਨਾਂ ਕਿਹਾ ” ਜੇਕਰ ਤੁਹਾਡੇ ਕੋਲ ਮੇਰੇ ਲਈ ਕੁਝ ਕਹਿਣ ਲਈ ਹੈ ਤਾਂ ਆਹਮੋ ਸਾਹਮਣੇ ਆ ਕੇ ਕਹੋ। ਇਹ ਐਲਾਨ ਉਨਾਂ ਨੇ ਰੈਲੀ ਵਿਚ ਇਕੱਤਰ ਭੀੜ ਦੀਆਂ ਤਾੜੀਆਂ ਦੀ ਗੜਗੜਾਹਟ ਦਰਮਿਆਨ ਕੀਤਾ। ਹੈਰਿਸ ਨੇ ਵਚਨਬੱਧਤਾ ਪ੍ਰਗਟਾਈ ਕਿ ਜੇਕਰ ਉਹ ਜਿੱਤ ਜਾਂਦੇ ਹਨ ਤਾਂ ਆਮ ਸਹਿਮਤੀ ਵਾਲਾ ਇਮੀਗ੍ਰੇਸ਼ਨ ਬਿੱਲ ਲਿਆਉਣਗੇ ਜਿਸ ਬਾਰੇ ਸੈਨੇਟ ਵਿਚ ਬਹਿਸ ਹੋ ਚੁੱਕੀ ਹੈ ਤੇ ਪਾਸ ਹੋ ਚੁੱਕਾ ਹੈ। ਉਨਾਂ ਕਿਹਾ ਦੂਸਰੇ ਪਾਸੇ ਡੋਨਲਡ ਟਰੰਪ ਸਾਡੀਆਂ ਸਰਹੱਦਾਂ ਨੂੰ ਸੁਰੱਖਿਅਤ ਕਰਨ ਦੀ ਗੱਲ ਕਰਦੇ ਹਨ  ਜਦ ਕਿ ਹਕੀਕਤ ਇਹ ਹੈ ਕਿ ਰਿਪਬਲੀਕਨਾਂ ਨੇ ਦੋ ਵਾਰ ਬਿੱਲ ਪਾਸ ਨਹੀਂ ਹੋਣ ਦਿੱਤਾ ਕਿਉਂਕਿ ਟਰੰਪ ਨੇ ਰਿਪਬਲੀਕਨ ਸਾਂਸੰਦਾਂ ਨੂੰ ਇਸ ਦਾ ਵਿਰੋਧ ਕਰਨ ਦੀ ਬੇਨਤੀ ਕੀਤੀ ਸੀ। ਟਰੰਪ ਦਾ ਕਹਿਣਾ ਸੀ ਕਿ ਇਸ ਬਿੱਲ ਦੇ ਪਾਸ ਹੋਣ ਨਾਲ ਚੋਣ ਵਾਲੇ ਸਾਲ ਵਿਚ ਬਾਈਡਨ ਦੀ ਜਿੱਤ ਦਾ ਸੰਕੇਤ ਮਿਲੇਗਾ। ਹੈਰਿਸ ਨੇ ਕਿਹਾ ਕਿ ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਟਰੰਪ ਨੂੰ ਸਰਹੱਦੀ ਸੁਰੱਖਿਆ ਦੀ ਚਿੰਤਾ ਨਹੀਂ ਹੈ ਤੇ ਉਹ ਕੇਵਲ ਆਪਣੀ ਚਿੰਤਾ ਕਰਦਾ ਹੈ। ਜਦੋਂ ਮੈ ਰਾਸ਼ਟਰਪਤੀ ਬਣਾਂਗੀ ਤਾਂ ਮੈ ਜ਼ਮੀਨੀ ਪੱਧਰ ‘ਤੇ ਸਮੱਸਿਆ ਦਾ ਹੱਲ ਕਰਨ ਲਈ ਕੰਮ ਕਰਾਂਗੀ। ਉਨਾਂ ਹੋਰ ਕਿਹਾ ਰਾਸ਼ਟਰਪਤੀ ਦੀ ਚੋਣ ਦੀ ਦੌੜ ਵਿਚ ਹਵਾ ਦਾ ਰੁਖ ਬਦਲ ਰਿਹਾ ਹੈ ਤੇ ਇਸ ਤਰਾਂ ਦੇ ਸੰਕੇਤ ਮਿਲੇ ਹਨ ਕਿ ਡੋਨਲਡ ਟਰੰਪ ਇਸ ਬਦਲੇ ਹਾਲਾਤ ਨੂੰ ਮਹਿਸੂਸ ਕਰ ਰਹੇ ਹਨ। ਉਨਾਂ ਜੁੜੀ ਭੀੜ ਨੂੰ ਕਿਹਾ ਹੋ ਸਕਦਾ ਹੈ ਕਿ ਤੁਸੀਂ ਵੀ ਇਸ ਨੂੰ ਮਹਿਸੂਸ ਕੀਤਾ ਹੋਵੇ।  ਆਪਣੇ ਭਾਸ਼ਣ ਦੌਰਾਨ ਹੈਰਿਸ ਨੇ ਜਾਰਜੀਆ ਵੱਲ ਆਪਣੀ ਤਵਜੋਂ ਉਪਰ ਜੋਰ ਦਿੱਤਾ। ਰਾਸ਼ਟਰਪਤੀ ਜੋ ਬਾਈਡਨ 2020 ਦੀਆਂ ਚੋਣਾਂ ਦੌਰਾਨ ਜਾਰਜੀਆ ਵਿਚੋਂ 12000 ਤੋਂ ਵੀ ਘੱਟ ਵੋਟਾਂ ਦੇ ਫਰਕ ਨਾਲ ਜਿੱਤੇ ਸਨ।ਹੋਸਟਨ ਵਿਚ ਇਕ ਵੱਖਰੇ ਸੰਬਧੋਨ ਵਿੱਚ ਕਮਲਾ ਹੋਰਿਸ ਨੇ ਡੋਨਲਡ ਟਰੰਪ ਵੱਲੋਂ ਇਕ ਮੁਲਾਕਾਤ ਦੌਰਾਨ ਉਸ ਦੀ ਨਸਲ ਬਾਰੇ ਝੂਠਾ ਦਾਅਵਾ ਕਰਨ ਬਾਰੇ ਕਿਹਾ ਕਿ ਅਮਰੀਕੀ ਇਸ ਤੋਂ ਉਪਰ ਸੋਚਦੇ ਹਨ ਤੇ ਉਹ ਇਸ ਤੋਂ ਵਧ ਦੇ ਹੱਕਦਾਰ ਹਨ। ਹੈਰਿਸ ਨੇ ਕਿਹਾ ਕਿ ” ਇਹ ਪੁਰਾਣਾ ਰਾਗ ਹੈ- ਵੰਡ ਪਾਓ ਤੇ ਅਪਮਾਣਤ ਕਰੋ।” ਉਨਾਂ ਕਿਹਾ ਕਿ ਅਮਰੀਕੀ ਲੋਕ ਅਜਿਹਾ ਆਗੂ ਚਹੁੰਦੇ ਹਨ ਜੋ ਸੱਚ ਬੋਲੇ ਅਜਿਹਾ ਆਗੂ ਨਹੀਂ ਜੋ ਜਦੋਂ ਤੱਥਾਂ ਦਾ ਸਾਹਮਣਾ ਕਰਨਾ ਪਵੇ ਤਾਂ ਦੁਸ਼ਮਣੀ ਤੇ ਕਰੋਧ ਨਾਲ ਜਵਾਬ ਦੇਵੇ। ਹੈਰਿਸ ਨੇ ਕਿਹਾ ਅਸੀਂ ਅਜਿਹਾ ਆਗੂ ਚਹੁੰਦੇ ਹਾਂ ਜੋ ਇਸ ਸਮਝੇ ਕਿ ਸਾਡੇ ਵਖਰੇਵੇਂ ਸਾਨੂੰ ਵੰਡ ਨਹੀਂ ਸਕਦੇ ਜੋ ਸਾਡੀ ਤਾਕਤ ਲਈ ਜਰੂਰੀ ਸਾਧਨ ਹਨ।