ਸਰਬੱਤ ਦਾ ਭਲਾ ਟਰੱਸਟ ਵੱਲੋਂ ਸਰਹਾਲਾ ‘ਚ ਸਿਲਾਈ-ਕਢਾਈ ਕੇਂਦਰ ਦੀ ਸ਼ੁਰੂਆਤ

476
ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਸਰਹਾਲਾ ਵਿਖੇ ਸਿਲਾਈ ਕੇਂਦਰ ਦੇ ਉਦਘਾਟਨ ਸਮੇਂ ਪਿੰਡ ਦੇ ਮੋਹਤਬਰ ਵਿਅਕਤੀਆਂ ਨਾਲ ਕੇਂਦਰ ਦੀਆਂ  ਵਿਦਿਆਰਥਣਾਂ।
Share

ਅੰਮ੍ਰਿਤਸਰ, 4 ਨਵੰਬਰ (ਪੰਜਾਬ ਮੇਲ)- ਦੁਬਈ ਦੇ ਨਾਮਵਰ ਕਾਰੋਬਾਰੀ ਤੇ ਉੱਘੇ ਸਮਾਜ ਸੇਵਕ ਡਾ. ਐੱਸ.ਪੀ. ਸਿੰਘ ਓਬਰਾਏ ਦੀ ਸਰਪ੍ਰਸਤੀ ਹੇਠ ਚੱਲਣ ਵਾਲੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਨੌਜਵਾਨ ਲੜਕੀਆਂ ਅਤੇ ਘਰੇਲੂ ਔਰਤਾਂ ਨੂੰ ਕਿੱਤਾ ਮੁਖੀ ਸਿੱਖਿਆ ਰਾਹੀਂ ਆਤਮ ਨਿਰਭਰ ਬਣਾਉਣ ਲਈ ਪਿਛਲੇ ਲੰਮੇ ਸਮੇਂ ਤੋਂ ਪਿੰਡਾਂ ਅਤੇ ਸ਼ਹਿਰਾਂ ਵਿਚ ਚਲਾਏ ਜਾ ਰਹੇ ਸਿਲਾਈ ਤੇ ਕਢਾਈ ਕੇਂਦਰਾਂ ਦੀ ਲੜੀ ਤਹਿਤ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਸਰਹਾਲਾ ਵਿਖੇ ਵੀ ਇੱਕ ਸਲਾਈ ਤੇ ਕਢਾਈ ਕੇਂਦਰ ਦੀ ਸ਼ੁਰੂਆਤ ਕੀਤੀ ਗਈ।
ਕੋਵਿਡ-19 ਦੇ ਚੱਲਦਿਆਂ ਬੜੇ ਹੀ ਸਾਦੇ ਢੰਗ ਨਾਲ ਸਿਲਾਈ ਕੇਂਦਰ ਦੀਆਂ ਵਿਦਿਆਰਥਣਾਂ ਅਤੇ ਇਲਾਕੇ ਦੇ ਕੁਝ ਪਤਵੰਤੇ ਸੱਜਣਾਂ ਨੇ ਮਿਲ ਕੇ ਜਪੁਜੀ ਸਾਹਿਬ ਅਤੇ ਸ੍ਰੀ ਅਨੰਦ ਸਾਹਿਬ ਦੇ ਪਾਠ ਕਰਨ ਉਪਰੰਤ ਅਰਦਾਸ ਕਰਕੇ ਕੇਂਦਰ ਦੀ ਸ਼ੁਰੂਆਤ ਕੀਤੀ। ਜ਼ਿਕਰਯੋਗ ਹੈ ਕਿ ਟਰੱਸਟ ਵੱਲੋਂ ਕਰਵਾਏ ਜਾਂਦੇ 6 ਮਹੀਨੇ ਦੇ ਸਿਲਾਈ ਕਢਾਈ ਕੋਰਸ ਉਪਰੰਤ ਵਿਦਿਆਰਥੀਆਂ ਨੂੰ ਟਰੱਸਟ ਵੱਲੋਂ ਮਿਲਣ ਵਾਲਾ ਸਰਟੀਫਿਕੇਟ ਦੇਸ਼-ਵਿਦੇਸ਼ ਵਿਚ ਮਾਨਤਾ ਪ੍ਰਾਪਤ ਹੁੰਦਾ ਹੈ। ਇਸ ਦੌਰਾਨ ਸਰਬੱਤ ਦਾ ਭਲਾ ਟਰੱਸਟ ਦੀ ਅੰਮ੍ਰਿਤਸਰ ਇਕਾਈ ਦੇ ਮੈਂਬਰ ਪਲਵਿੰਦਰ ਸਿੰਘ ਸਰਹਾਲਾ ਤੋਂ ਇਲਾਵਾ ਪਿੰਡ ਦੀ ਗ੍ਰੈਜੂਏਟ ਅਤੇ ਅਗਾਂਹਵਧੂ ਸੋਚ ਵਾਲੀ ਸਰਪੰਚ ਗੁਰਪ੍ਰੀਤ ਕੌਰ, ਸਾਬਕਾ ਸਰਪੰਚ ਅਜੀਤ ਸਿੰਘ, ਨੰਬਰਦਾਰ ਭਗਵੰਤ ਸਿੰਘ, ਮੈਂਬਰ ਜਗੀਰ ਸਿੰਘ ਉੱਪਲ, ਮੈਂਬਰ ਗੁਰਦਿਆਲ ਸਿੰਘ ਉੱਪਲ, ਮਨਜਿੰਦਰ ਸਿੰਘ ਹੁੰਦਲ, ਪ੍ਰਗਟ ਸਿੰਘ ਢੇਸੀ, ਅਧਿਆਪਕਾ ਹਰਪ੍ਰੀਤ ਕੌਰ ਆਦਿ ਹਾਜ਼ਰ ਸਨ।


Share