ਡਾ. ਬੀ.ਆਰ. ਅੰਬੇਂਦਕਰ ਸਟੇਟ ਇੰਸਟੀਟਿਉਟ ਆਫ਼ ਮੈਡੀਕਲ ਸਾਇੰਸਿਜ਼ ਨੂੰ ਦਾਨ ਕੀਤਾ ਗਿਐ ਆਕਸੀਜਨ ਪਲਾਂਟ
ਮੋਹਾਲੀ, 20 ਅਗਸਤ (ਪੰਜਾਬ ਮੇਲ)- ਬਿਨਾਂ ਕਿਸੇ ਤੋਂ ਇੱਕ ਪੈਸਾ ਵੀ ਇਕੱਠਾ ਕੀਤਿਆਂ ਆਪਣੀ ਜੇਬ ‘ਚੋਂ ਹੀ ਕਰੋੜਾਂ ਰੁਪਏ ਖ਼ਰਚ ਕਰਕੇ ਮਿਸਾਲੀ ਸੇਵਾ ਨਿਭਾਉਣ ਵਾਲੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ. ਐੱਸ.ਪੀ. ਸਿੰਘ ਓਬਰਾਏ ਵੱਲੋਂ ਡਾ. ਬੀ.ਆਰ. ਅੰਬੇਂਦਕਰ ਸਟੇਟ ਇੰਸਟੀਟਿਉਟ ਆਫ਼ ਮੈਡੀਕਲ ਸਾਇੰਸਿਜ਼, ਐਸ.ਏ.ਐਸ. ਨਗਰ ਨੂੰ ਦਾਨ ਵਿੱਚ ਦਿੱਤੇ ਗਏ ਆਕਸੀਜਨ ਪਲਾਂਟ (ਪੀ.ਐਸ.ਏ.) 1000 ਐਲ.ਪੀ.ਐਮ. ਦਾ ਉਦਘਾਟਨ ਅੱਜ ਪੰਜਾਬ ਦੇ ਸਿਹਤ, ਪਰਿਵਾਰ ਭਲਾਈ ਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸ.ਪੀ. ਓਬਰਾਏ ਵੱਲੋਂ ਸਾਂਝੇ ਤੌਰ ‘ਤੇ ਆਪਣੇ ਕਰ ਕਮਲਾਂ ਨਾਲ ਕੀਤਾ ਗਿਆ।


ਇਸ ਸਮੇਂ ਬੋਲਦਿਆਂ ਡਾ. ਉਬਰਾਏ ਨੇ ਕਿਹਾ ਕਿ ਜਦੋਂ ਤੋਂ ਕਰੋਨਾ ਮਹਾਂਮਾਰੀ ਸ਼ੁਰੂ ਹੋਈ ਉਦੋਂ ਤੋਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਲੋਕਾਂ ਨੂੰ ਜਿੱਥੇ ਮੈਡੀਕਲ ਸੁਵਿਧਾਵਾਂ ਮੁੱਹਈਆ ਕਰਵਾਈਆਂ ਗਈਆਂ ਉੱਥੇ ਹੀ ਡਾਕਟਰਾਂ ਦੀਆਂ ਟੀਮਾਂ ਨੂੰ ਡਾਕਟਰੀ ਯੰਤਰ ਵੀ ਮੁੱਹਈਆ ਕਰਵਾਏ ਗਏ। ਉਨ੍ਹਾਂ ਕਿਹਾ ਕਿ ਉਸ ਸਮੇਂ ਲੋਕਾਂ ਨੂੰ ਰਾਸ਼ਨ ਦੀ ਨਹੀਂ ਵੇਂਟੀਲੇਟਰਾਂ ਅਤੇ ਆਕਸੀਜਨ ਕੰਸਨਟਰੇਟਰਾਂ ਦੀ ਲੋੜ ਸੀ। ਉਨ੍ਹਾਂ ਇਹ ਵੀ ਕਿਹਾ ਕਿ ਟਰੱਸਟ ਇਹ ਸੇਵਾਵਾਂ ਲਗਾਤਾਰ ਜਾਰੀ ਰੱਖੀਆਂ ਜਾਣਗੀਆਂ।
ਤੁਹਾਨੂੰ ਦੱਸਦਈਏ ਕਿ ਟਰੱਸਟ ਵੱਲੋਂ ਸਥਾਪਤ ਕੀਤਾ ਗਿਆ ਨਾਮਵਰ ਵਿਦੇਸ਼ੀ ਕੰਪਨੀ ਦਾ ਬਣਿਆ ਹਰੇਕ ਅਤਿ ਆਧੁਨਿਕ ਪਲਾਂਟ 1 ਮਿੰਟ ‘ਚ 1 ਹਜ਼ਾਰ ਲੀਟਰ ਆਕਸੀਜਨ ਪੈਦਾ ਕਰਨ ਦੀ ਸਮਰੱਥਾ ਰੱਖਦਾ ਹੈ। ਇਨ੍ਹਾਂ ਪਲਾਂਟਾਂ ਦੁਆਰਾ ਹਸਪਤਾਲ ‘ਚ ਦਾਖ਼ਲ ਮਰੀਜ਼ਾਂ ਦੇ ਬੈੱਡਾਂ ‘ਤੇ ਸਿੱਧੀ ਆਕਸੀਜਨ ਦੀ ਸਪਲਾਈ ਦਿੱਤੀ ਜਾਂਦੀ ਹੈ, ਪਰ ਉਨ੍ਹਾਂ ਵੱਲੋਂ ਇਨ੍ਹਾਂ ਸਾਰੇ ਪਲਾਂਟਾਂ ‘ਤੇ ਵਿਸ਼ੇਸ਼ ਬੂਸਟਰ ਵੀ ਲਗਵਾਏ ਗਏ ਹਨ ਤਾਂ ਜੋ ਲੋੜ ਪੈਣ ‘ਤੇ ਸਿਲੰਡਰ ਵੀ ਭਰੇ ਜਾ ਸਕਣ। ਇਨ੍ਹਾਂ 5 ਆਕਸੀਜਨ ਪਲਾਂਟਾਂ ਰਾਹੀਂ ਹਰ ਰੋਜ਼ 1500 ਸਿਲੰਡਰ ਭਰੇ ਜਾ ਸਕਦੇ ਹਨ।
ਇਸ ਮੌਕੇ, ਡਾ. ਬੀ.ਆਰ. ਅੰਬੇਂਦਕਰ ਸਟੇਟ ਇੰਸਟੀਟਿਉਟ ਆਫ਼ ਮੈਡੀਕਲ ਸਾਇੰਸਿਜ਼ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਭਵਨੀਤ ਭਾਰਤੀ, ਟਰੱਸਟੀ ਸ. ਗੁਰਜੀਤ ਸਿੰਘ ਓਬਰਾਏ, ਸਿਹਤ ਸੇਵਾਵਾਂ ਡਾਇਰੈਕਟਰ ਡਾ. ਰਾਜਿੰਦਰ ਸਿੰਘ ਅਟਵਾਲ ਸਮੇਤ ਡਾ. ਬੀ.ਆਰ. ਅੰਬੇਂਦਕਰ ਸਟੇਟ ਇੰਸਟੀਟਿਉਟ ਆਫ਼ ਮੈਡੀਕਲ ਸਾਇੰਸਿਜ਼ ਦਾ ਪੂਰਾ ਸਟਾਫ਼ ਅਤੇ ਹੋਰ ਵੀ ਉੱਘੀਆਂ ਸ਼ਖਸ਼ੀਅਤਾਂ ਹਾਜ਼ਿਰ ਸਨ।