#PUNJAB

ਸਰਬੱਤ ਦਾ ਭਲਾ ਚੈਰੀਟੇਬਲ ਵੱਲੋਂ ਬੇਸਹਾਰਾ ਔਰਤਾਂ ਨੂੰ ਦਿੱਤੀ ਸਹਾਇਤਾ ਰਾਸ਼ੀ

ਸ੍ਰੀ ਮੁਕਤਸਰ ਸਾਹਿਬ, 10 ਜਨਵਰੀ (ਪੰਜਾਬ ਮੇਲ)- ਡਾਕਟਰ ਐੱਸ.ਪੀ. ਸਿੰਘ ਉਬਰਾਏ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਲੜੀ ਤਹਿਤ ਸ੍ਰੀ ਮੁਕਤਸਰ ਸਾਹਿਬ ਵਿਖੇ ਜੱਸਾ ਸਿੰਘ ਸੰਧੂ ਕੌਮੀ ਪ੍ਰਧਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਬੇਸਹਾਰਾ ਔਰਤਾਂ ਨੂੰ ਸਹਾਇਤਾ ਰਾਸ਼ੀ ਦਿੱਤੀ ਗਈ। ਅਰਵਿੰਦਰ ਪਾਲ ਸਿੰਘ ਚਾਹਲ ਬੂੜਾ ਗੁੱਜਰ ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਇਹ ਬੇਸਹਾਰਾ ਬਜ਼ੁਰਗ ਔਰਤਾਂ ਜੋ ਕੰਮ ਕਰਨ ਤੋਂ ਅਸਮਰਥ ਹਨ, ਇਨ੍ਹਾਂ ਵਿਚੋਂ ਕਈਆਂ ਦੇ ਬੱਚੇ ਵੀ ਨਹੀਂ ਹਨ ਅਤੇ ਕਈ ਸਰੀਰਕ ਤੌਰ ‘ਤੇ ਤੰਦਰੁਸਤ ਨਹੀਂ ਹਨ, ਸਰਦੀਆਂ ਕਾਰਨ ਘਰਾਂ ਵਿਚ ਹੀ ਬੈਠੀਆਂ ਹਨ।
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਸ੍ਰੀ ਮੁਕਤਸਰ ਸਾਹਿਬ ਵੱਲੋਂ ਪੜਤਾਲ ਕਰਨ ਉਪਰੰਤ ਡਾ. ਉਬਰਾਏ ਕੋਲ ਕੇਸ ਭੇਜੇ ਗਏ ਸਨ, ਤਾਂ ਇਨ੍ਹਾਂ ਦੀ ਹਾਲਤ ਨੂੰ ਧਿਆਨ ਰੱਖਦੇ ਹੋਏ ਉਨ੍ਹਾਂ ਵੱਲੋਂ ਸਹਾਇਤਾ ਰਾਸ਼ੀ ਚੈੱਕਾਂ ਰਾਹੀਂ ਭੇਜੀ ਗਈ, ਜੋ ਕਿ ਸ੍ਰੀ ਮੁਕਤਸਰ ਸਾਹਿਬ ਟੀਮ ਵੱਲੋਂ ਇਨ੍ਹਾਂ ਨੂੰ ਬੁਲਾ ਕੇ ਤਕਸੀਮ ਕੀਤੀ ਗਈ। ਗੁਰਬਿੰਦਰ ਸਿੰਘ ਬਰਾੜ ਇੰਚਾਰਜ ਮਾਲਵਾ ਜੋਨ ਨੇ ਦੱਸਿਆ ਕਿ ਡਾ. ਉਬਰਾਏ ਕਿਸੇ ਤੋਂ ਕੋਈ ਵੀ ਫੰਡ ਨਹੀਂ ਲੈਂਦੇ। ਸਾਰਾ ਖ਼ਰਚ ਅਪਣੀ ਨੇਕ ਕਮਾਈ ਵਿਚੋਂ ਦਸਵੰਧ ਕੱਢ ਕੇ ਕਰਦੇ ਹਨ। ਇਸ ਮੌਕੇ ਬਲਵਿੰਦਰ ਸਿੰਘ ਬਰਾੜ, ਗੁਰਪਾਲ ਸਿੰਘ, ਰਣਧੀਰ ਸਿੰਘ ਸਾਗੂ, ਜਤਿੰਦਰ ਸਿੰਘ ਕੈਂਥ, ਮਲਕੀਤ ਸਿੰਘ, ਅਸ਼ੋਕ ਕੁਮਾਰ, ਗੁਰਜੀਤ ਸਿੰਘ ਜੀਤਾ ਆਦਿ ਹਾਜ਼ਰ ਸਨ।