ਸ੍ਰੀ ਮੁਕਤਸਰ ਸਾਹਿਬ, 14 ਨਵੰਬਰ (ਪੰਜਾਬ ਮੇਲ)- ਡਾਕਟਰ ਐੱਸ.ਪੀ. ਸਿੰਘ ਓਬਰਾਏ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫੇ ਨੂੰ ਅਪਣਾ ਕੇ (ਕਿਰਤ ਕਰੋ, ਵੰਡ ਛਕੋ,) ਮਾਨਵਤਾ ਦੀ ਭਲਾਈ ਲਈ ਹਰ ਖੇਤਰ (ਸਿੱਖਿਆ, ਸਿਹਤ, ਅੰਗਹੀਣ ਵਿਅਕਤੀਆਂ ਨੂੰ ਸਹਾਇਤਾ ਰਾਸ਼ੀ, ਕੰਮ ਕਰਨ ਤੋਂ ਅਸਮਰਥ ਬਜ਼ੁਰਗਾਂ ਨੂੰ ਮਹੀਨਾਵਾਰ ਸਹਾਇਤਾ ਰਾਸ਼ੀ, ਸਾਫ ਪਾਣੀ ਪੀਣ ਲਈ ਮੁਫ਼ਤ ਆਰ.ਓ. ਸਿਸਟਮ) ਵਿਚ ਵਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ। ਇਸ ਲੜੀ ਤਹਿਤ ਸ. ਜੱਸਾ ਸਿੰਘ ਸੰਧੂ ਕੌਮੀ ਪ੍ਰਧਾਨ ਦੇ ਦਿਸ਼ਾਂ-ਨਿਰਦੇਸ਼ਾਂ ‘ਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 32 ਲੋੜਵੰਦ ਲੋਕਾਂ ਨੂੰ ਵਿੱਤੀ ਸਹਾਇਤਾ ਦਿੱਤੀ ਗਈ। ਅਰਵਿੰਦਰ ਪਾਲ ਸਿੰਘ ਚਾਹਲ ਬੂੜਾ ਗੁੱਜਰ ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਨੇ ਪ੍ਰੈੱਸ ਨੂੰ ਜਾਣਕਾਰੀ ਦਿੱਤੀ ਕਿ ਇਹ ਲੋਕ ਕੰਮ ਕਰਨ ਤੋਂ ਅਸਮਰਥ ਹਨ। ਕਈ ਬਜ਼ੁਰਗ ਇਕੱਲੇ ਰਹਿੰਦੇ (ਔਲਾਦ ਨਹੀਂ) ਹਨ, ਬਜ਼ੁਰਗ ਅਵਸਥਾ ਵਿਚ ਕੰਮ ਨਹੀਂ ਕਰ ਸਕਦੇ, ਕਈ ਲੋਕ ਬੀਮਾਰੀਆਂ ਤੋਂ ਪੀੜਤ ਹੋਣ ਕਾਰਨ ਕੰਮ ਨਹੀਂ ਕਰ ਸਕਦੇ। ਰਾਸ਼ੀ ਪ੍ਰਾਪਤ ਕਰਨ ਉਪਰੰਤ ਇਨ੍ਹਾਂ ਲੋੜਵੰਦ ਲੋਕਾਂ ਵੱਲੋਂ ਡਾ. ਓਬਰਾਏ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਮਹੰਤ ਕਸ਼ਮੀਰ ਸਿੰਘ, ਬਲਵਿੰਦਰ ਸਿੰਘ ਬਰਾੜ ਰਿਟਾ. ਪ੍ਰਿੰਸੀਪਲ, ਗੁਰਜੀਤ ਸਿੰਘ ਜੀਤਾ, ਸੋਮਨਾਥ, ਗੁਰਚਰਨ ਸਿੰਘ ਆਸਟ੍ਰੇਲੀਆ ਵਾਲੇ ਆਦਿ ਹਾਜ਼ਰ ਸਨ।