ਸ੍ਰੀ ਮੁਕਤਸਰ ਸਾਹਿਬ, 24 ਅਕਤੂਬਰ (ਪੰਜਾਬ ਮੇਲ)- ਡਾਕਟਰ ਐੱਸ.ਪੀ. ਸਿੰਘ ਓਬਰਾਏ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਲੜੀ ਤਹਿਤ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਸ੍ਰੀ ਮੁਕਤਸਰ ਸਾਹਿਬ ਟੀਮ ਵਲੋਂ ਸ. ਜੱਸਾ ਸਿੰਘ ਸੰਧੂ ਕੌਮੀ ਪ੍ਰਧਾਨ ਦੇ ਦਿਸ਼ਾ-ਨਿਰਦੇਸ਼ਾਂ ਤੇ ਝੋਨੇ ਦੇ ਸੀਜ਼ਨ ਦੇ ਮੱਦੇਨਜ਼ਰ ਟਰਾਲੀਆਂ ‘ਤੇ ਰਿਫਲੈਕਟਰ ਲਗਾਏ ਗਏ। ਅਰਵਿੰਦਰ ਪਾਲ ਸਿੰਘ ਚਾਹਲ ਬੂੜਾ ਗੁੱਜਰ ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਝੋਨੇ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਆਮ ਤੌਰ ‘ਤੇ ਦੇਖਣ ਵਿਚ ਆਇਆ ਹੈ ਕਿ ਟਰੈਕਟਰ ਟਰਾਲੀਆਂ ‘ਤੇ ਰਿਫਲੈਕਟਰ ਨਹੀਂ ਲੱਗੇ ਹੁੰਦੇ ਅਤੇ ਟਰੈਕਟਰ ਟਰਾਲੀਆਂ ਰਾਤ-ਦਿਨ ਚਲਦੇ ਹਨ ਅਤੇ ਅਕਸਰ ਹੀ ਹਾਦਸੇ ਵਾਪਰਦੇ ਰਹਿੰਦੇ ਹਨ, ਪਿਛਲੇ ਇੱਕ-ਦੋ ਦਿਨਾਂ ਦੋਰਾਨ ਸੜਕਾਂ ‘ਤੇ ਟਰਾਲੀਆਂ ਵਿਚ ਪਿੱਛੋਂ ਵਾਹਨ ਟਕਰਾਉਣ ਕਾਰਨ ਕਾਫੀ ਐਕਸੀਡੈਂਟ ਹੋਏ ਅਤੇ ਲੋਕ ਜ਼ਖਮੀ ਹੋਏ। ਇਸ ਸਥਿਤੀ ਨੂੰ ਦੇਖਦਿਆਂ ਹੋਇਆਂ ਟਰੈਕਟਰ ਟਰਾਲੀਆਂ ‘ਤੇ ਵੱਡੀ ਗਿਣਤੀ ਵਿਚ ਦਾਣਾ ਮੰਡੀ ਸ੍ਰੀ ਮੁਕਤਸਰ ਸਾਹਿਬ ਜਾ ਕੇ ਅਤੇ ਵੱਖ-ਵੱਖ ਸੜਕਾਂ ‘ਤੇ ਜਾ ਕੇ ਟਰਾਲੀਆਂ ‘ਤੇ ਰਿਫਲੈਕਟਰ ਲਗਾਏ ਗਏ, ਤਾਂ ਜੋ ਹਾਦਸਿਆਂ ਤੋਂ ਬਚਾਅ ਹੋ ਸਕੇ। ਇਸ ਮੁਹਿੰਮ ਵਿਚ ਟਰੈਕਟਰ ਟਰਾਲੀਆਂ ਯੂਨੀਅਨਾਂ ਅਤੇ ਕਿਸਾਨਾਂ ਵੱਲੋਂ ਵੀ ਵੱਧ-ਚੜ੍ਹ੍ਹ ਕੇ ਹਿੱਸਾ ਲਿਆ ਅਤੇ ਖ਼ੁਦ ਰਿਫਲੈਕਟਰ ਲੈ ਕੇ ਵੀ ਅਪਣੀਆਂ ਟਰਾਲੀਆਂ ‘ਤੇ ਲਗਾਏ ਗਏ ਅਤੇ ਰਿਫਲੈਕਟਰ ਭੇਜਣ ਲਈ ਡਾਕਟਰ ਐੱਸ.ਪੀ. ਸਿੰਘ ਓਬਰਾਏ ਦਾ ਧੰਨਵਾਦ ਕੀਤਾ ਗਿਆ। ਇਹ ਮੌਕੇ ਬਲਵਿੰਦਰ ਸਿੰਘ ਬਰਾੜ ਰਿਟਾ. ਪ੍ਰਿੰਸੀਪਲ ਸਕੱਤਰ, ਮਲਕੀਤ ਸਿੰਘ ਰਿਟਾ. ਬੈਂਕ ਮੈਨੇਜਰ ਮੀਤ ਪ੍ਰਧਾਨ, ਗੁਰਪਾਲ ਸਿੰਘ ਪਾਲੀ, ਜਸਬੀਰ ਸਿੰਘ ਰਿਟਾਇਰਡ ਏ.ਐੱਸ.ਆਈ., ਟਰੈਕਟਰ ਯੂਨੀਅਨ ਸ੍ਰੀ ਮੁਕਤਸਰ ਸਾਹਿਬ ਦੇ ਅਹੁਦੇਦਾਰ ਅਤੇ ਕਿਸਾਨ ਹਾਜ਼ਰ ਸਨ।