ਸ੍ਰੀ ਮੁਕਤਸਰ ਸਾਹਿਬ, 10 ਸਤੰਬਰ (ਪੰਜਾਬ ਮੇਲ)- ਡਾਕਟਰ ਐੱਸ.ਪੀ. ਸਿੰਘ ਓਬਰਾਏ ਵਲੋਂ ਬਿਨਾਂ ਕਿਸੇ ਵੀ ਤਰ੍ਹਾਂ ਦੇ ਭੇਦਭਾਵ ਤੋਂ ਮਾਨਵਤਾ ਦੀ ਭਲਾਈ ਲਈ ਕਾਰਜ ਜਾਰੀ ਹਨ। ਇਸ ਲੜੀ ਤਹਿਤ ਸ. ਜੱਸਾ ਸਿੰਘ ਸੰਧੂ ਕੌਮੀ ਪ੍ਰਧਾਨ ਦੇ ਦਿਸ਼ਾ-ਨਿਰਦੇਸ਼ਾਂ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਪਿਛਲੇ ਦਿਨੀਂ ਗਰੀਬੀ ਦੀ ਰੇਖਾ ਤੋਂ ਹੇਠਾਂ ਰਹਿ ਰਹੇ 17 ਲੋਕਾਂ ਨੂੰ ਆਪਣੇ ਗੁਜ਼ਾਰੇ ਲਈ ਸਹਾਇਤਾ ਰਾਸ਼ੀ ਦੇ ਚੈੱਕ ਤਕਸੀਮ ਕੀਤੇ ਗਏ। ਅਰਵਿੰਦਰ ਪਾਲ ਸਿੰਘ ਬੂੜਾ ਗੁੱਜਰ ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਇਹ ਲੋਕ ਅਤਿ ਗਰੀਬ ਹਨ ਅਤੇ ਪੜਤਾਲ ਉਪਰੰਤ ਪਤਾ ਲੱਗਾ ਕਿ ਇਨ੍ਹਾਂ ਲੋਕਾਂ ਦੀ ਕਈ ਵਾਰ ਇੱਕ ਡੰਗ ਦੀ ਰੋਟੀ ਵੀ ਨਹੀਂ ਪੱਕਦੀ। ਇਨ੍ਹਾਂ ਦੀ ਫਰਿਆਦ ਡਾਕਟਰ ਐੱਸ.ਪੀ. ਸਿੰਘ ਓਬਰਾਏ ਕੋਲ ਭੇਜੀ ਗਈ ਸੀ ਅਤੇ ਡਾਕਟਰ ਓਬਰਾਏ ਵਲੋਂ ਭੇਜੀ ਰਾਸ਼ੀ ਗੁਰਮੀਤ ਸਿੰਘ ਸਾਬਕਾ ਪੀ.ਏ. ਡਿਪਟੀ ਕਮਿਸ਼ਨਰ ਸਾਹਿਬ ਦੀ ਹਾਜ਼ਰੀ ਵਿਚ ਇਨ੍ਹਾਂ ਲੋਕਾਂ ਨੂੰ ਦਿੱਤੀ ਗਈ ਅਤੇ ਗੁਰਮੀਤ ਸਿੰਘ ਪੀ.ਏ. ਵੱਲੋਂ ਡਾਕਟਰ ਐੱਸ.ਪੀ. ਸਿੰਘ ਉਬਰਾਏ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਜਸਪਾਲ ਸਿੰਘ ਰਿਟਾਇਰਡ ਲੈਕਚਰਾਰ ਸੀਨੀਅਰ ਮੀਤ ਪ੍ਰਧਾਨ, ਗੁਰਪਾਲ ਸਿੰਘ, ਗੁਰਜੀਤ ਸਿੰਘ ਜੀਤਾ, ਚਰਨਜੀਤ ਸਿੰਘ, ਸੁਖਬੀਰ ਸਿੰਘ ਜੈਲਦਾਰ ਆਦਿ ਹਾਜ਼ਰ ਸਨ।