#PUNJAB

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਬੱਚਿਆਂ ਦੇ ਸਾਫ਼ ਪਾਣੀ ਪੀਣ ਲਈ ਲਗਾਏ ਆਰ ਉ ਦਾ ਐਮ ਐਲ ਏ ਵੱਲੋਂ ਉਦਘਾਟਨ 

ਸ੍ਰੀ ਮੁਕਤਸਰ ਸਾਹਿਬ, 2 ਅਗਸਤ (ਪੰਜਾਬ ਮੇਲ)- ਡਾਕਟਰ ਐਸ ਪੀ ਸਿੰਘ ਓਬਰਾਏ ਵਲੋਂ ਮਾਨਵਤਾ ਦੀ ਭਲਾਈ ਲਈ ਬਿਨਾਂ ਕਿਸੇ ਵੀ ਤਰ੍ਹਾਂ ਦੇ ਭੇਦ ਭਾਵ ਤੋਂ ਕਾਰਜ ਜਾਰੀ ਹਨ ਇਸ ਲੜੀ ਤਹਿਤ ਸ ਜੱਸਾ ਸਿੰਘ ਸੰਧੂ ਕੋਮੀ ਪ੍ਰਧਾਨ ਦੀ ਰਹਿਨੁਮਾਈ ਹੇਠ ਸਕੂਲੀ ਬੱਚਿਆਂ ਨੂੰ ਸਾਫ ਪਾਣੀ ਪੀਣ ਲਈ ਸਰਕਾਰੀ ਪ੍ਰਾਇਮਰੀ ਸਕੂਲ ਕਾਨਿਆਂ ਵਾਲੀ ਵਿੱਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਮੁਫ਼ਤ ਆਰ ਉ ਸਿਸਟਮ ਲਗਾਇਆ ਗਿਆ ਹੈ ਜਿਸ ਦਾ ਉਦਘਾਟਨ ਸ ਜਗਦੀਪ ਸਿੰਘ ਕਾਕਾ ਬਰਾੜ ਐਮ ਐਲ ਏ ਹਲਕਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਅਪਣੇ ਕਰ ਕਮਲਾਂ ਨਾਲ ਕੀਤਾ ਗਿਆ ਅਤੇ ਡਾਕਟਰ ਓਬਰਾਏ ਦੇ ਇਸ ਕਾਰਜ਼ ਦੀ ਸ਼ਲਾਘਾ ਕੀਤੀ ਗਈ ਅਤੇ ਡਾਕਟਰ ਓਬਰਾਏ ਵਲੋਂ ਦੁਨੀਆਂ ਭਰ ਵਿੱਚ ਕੀਤੇ ਜਾ ਰਹੇ ਕਾਰਜਾਂ ਬਾਰੇ ਵੀ ਵਿਚਾਰ ਕੀਤਾ ਗਿਆ। ਅਰਵਿੰਦਰ ਪਾਲ ਸਿੰਘ ਚਾਹਲ ਬੂੜਾ ਗੁੱਜਰ ਜ਼ਿਲਾ ਪ੍ਰਧਾਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਮਾਲਵਾ ਖੇਤਰ ਦਾ ਪਾਣੀ ਬਿਲਕੁਲ ਵੀ ਪੀਣ ਯੋਗ ਨਹੀਂ ਹੈ ਪਿਛਲੇ ਸਮਿਆਂ ਵਿੱਚ ਵਰਲਡ ਹੈਲਥ ਆਰਗੇਨਾਈਜੇਸਨ ਦੀ ਟੀਮ ਵਲੋਂ ਮਾਲਵਾ ਖੇਤਰ ਦਾ ਦੌਰਾ ਕੀਤਾ ਅਤੇ ਪੀਣ ਵਾਲੇ ਪਾਣੀ ਦੇ ਸੈਂਪਲ ਲੈਣ ਉਪਰੰਤ ਦੱਸਿਆ ਕਿ ਇਸ ਪਾਣੀ ਪੀਣ ਕਰਕੇ ਲੋਕ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਪ੍ਰੈਸ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਇਸ ਸਕੂਲ ਦੇ ਬੱਚੇ ਧਰਤੀ ਹੇਠਲਾ ਨਾ ਪੀਣ ਯੋਗ ਪਾਣੀ ਪੀ ਰਹੇ ਸਨ ਤਾਂ ਇਸ ਸਕੂਲ ਵੱਲੋਂ ਡਾਕਟਰ ਐਸ ਪੀ ਸਿੰਘ ਓਬਰਾਏ ਨੂੰ ਆਰ ਉ ਸਿਸਟਮ ਲਗਾਉਣ ਦੀ ਬੇਨਤੀ ਕੀਤੀ ਗਈ ਸੀ ਤਾਂ ਡਾਕਟਰ ਓਬਰਾਏ ਵੱਲੋਂ ਤੁਰੰਤ ਕਾਰਵਾਈ ਕਰਕੇ ਆਰ ਉ ਭੇਜਿਆ ਗਿਆ ਸੀ। ਇਸ ਮੌਕੇ ਬੱਬਲੂ ਬਰਾੜ ਪ੍ਰਧਾਨ ਟਰੱਕ ਯੂਨੀਅਨ, ਹਰਪਾਲ ਸਿੰਘ ਸਰਪੰਚ, ਸਕੂਲ ਕਮੇਟੀ ਦੇ ਚੇਅਰਮੈਨ, ਮੈਂਬਰ, ਸਕੂਲ ਦੇ ਹੈਡਮਾਸਟਰ ਅਤੇ ਅਧਿਆਪਕ, ਜਸਪਾਲ ਸਿੰਘ ਰਿਟਾਇਰਡ ਲੈਕਚਰਾਰ ਸੀਨੀਅਰ ਮੀਤ ਪ੍ਰਧਾਨ, ਮਲਕੀਤ ਸਿੰਘ ਰਿਟਾਇਰਡ ਬੈਕ ਮੈਨੇਜਰ, ਚਰਨਜੀਤ ਸਿੰਘ, ਸੁਖਬੀਰ ਸਿੰਘ ਜੈਲਦਾਰ, ਸੋਮਨਾਥ, ਅਸ਼ੋਕ ਕੁਮਾਰ, ਜਸਬੀਰ ਸਿੰਘ ਰਿਟਾਇਰਡ ਏ ਐਸ ਆਈ ਅਤੇ ਵੱਡੀ ਗਿਣਤੀ ਵਿਚ ਸਕੂਲ ਦੇ ਬੱਚਿਆਂ ਦੇ ਮਾਪੇ ਹਾਜ਼ਰ ਸਨ।