ਸ੍ਰੀ ਮੁਕਤਸਰ ਸਾਹਿਬ, 23 ਅਪ੍ਰੈਲ (ਪੰਜਾਬ ਮੇਲ)- ਡਾਕਟਰ ਐੱਸ.ਪੀ. ਸਿੰਘ ਓਬਰਾਏ ਵਲੋਂ ਮਾਨਵਤਾ ਦੀ ਭਲਾਈ ਲਈ ਬਿਨਾਂ ਕਿਸੇ ਵੀ ਤਰ੍ਹਾਂ ਦੇ ਭੇਦਭਾਵ ਤੋਂ ਸੇਵਾ ਲਗਾਤਾਰ ਜਾਰੀ ਹੈ। ਇਸ ਲੜੀ ਤਹਿਤ ਜੱਸਾ ਸਿੰਘ ਸੰਧੂ ਕੌਮੀ ਪ੍ਰਧਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਡੇਰਾ ਭਾਈ ਮਸਤਾਨ ਸਿੰਘ ਵਿਚ ਮਹੰਤ ਕਸ਼ਮੀਰ ਸਿੰਘ ਦੀ ਹਾਜ਼ਰੀ ਵਿਚ 210 ਬਹੁਤ ਹੀ ਲੋੜਵੰਦ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਤਕਸੀਮ ਕੀਤੇ ਗਏ। ਅਰਵਿੰਦਰ ਪਾਲ ਸਿੰਘ ਚਾਹਲ ਬੂੜਾ ਗੁੱਜਰ ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਇਹ ਰਾਸ਼ੀ ਬੇਸਹਾਰਾ ਕੰਮ ਕਰਨ ਤੋਂ ਅਸਮਰਥ ਬਜ਼ੁਰਗਾਂ, ਇਕੱਲੀਆਂ ਰਹਿ ਰਹੀਆਂ ਵਿਧਵਾਵਾਂ, ਗਰੀਬੀ ਦੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਨੂੰ ਹਰ ਮਹੀਨੇ ਦਿੱਤੀ ਜਾਂਦੀ ਹੈ। ਇਹ ਲੜੀ ਪਿਛਲੇ 8 ਸਾਲ ਤੋਂ ਨਿਰੰਤਰ ਜਾਰੀ ਹੈ ਅਤੇ ਇਸ ਤੋਂ ਇਲਾਵਾ ਵੀ ਮੁਫ਼ਤ ਸਿਖਲਾਈ ਸੈਂਟਰ (ਸਿਲਾਈ, ਬਿਊਟੀ ਪਾਰਲਰ, ਕੰਪਿਊਟਰ ਸੈਂਟਰ) ਖੋਲ੍ਹ ਕੇ ਬੇਰੁਜ਼ਗਾਰ ਨੌਜਵਾਨਾਂ ਨੂੰ ਆਤਮ ਨਿਰਭਰ ਬਣਾਇਆ ਜਾ ਰਿਹਾ ਹੈ। ਸਹਾਇਤਾ ਰਾਸ਼ੀ ਲੈਣ ਉਪਰੰਤ ਲੋਕਾਂ ਵੱਲੋਂ ਡਾਕਟਰ ਐੱਸ.ਪੀ. ਸਿੰਘ ਓਬਰਾਏ ਦਾ ਧੰਨਵਾਦ ਕੀਤਾ ਗਿਆ। ਗੁਰਬਿੰਦਰ ਸਿੰਘ ਬਰਾੜ ਇੰਚਾਰਜ ਸਾਊਥ ਵੈਸਟ ਪ੍ਰਧਾਨ ਨੇ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਕੋਈ ਵੀ ਰਸੀਦਬੁੱਕ ਨਹੀਂ ਹੈ। ਇਹ ਰਾਸ਼ੀ ਡਾ. ਓਬਰਾਏ ਵੱਲੋਂ ਆਪਣੀ ਨੇਕ ਕਮਾਈ ਵਿਚੋਂ ਦਸਵੰਧ ਕੱਢ ਕੇ ਦਿੱਤੀ ਜਾਂਦੀ ਹੈ। ਇਸ ਮੌਕੇ ਬਲਵਿੰਦਰ ਸਿੰਘ ਬਰਾੜ ਰਿਟਾਇਰਡ ਪ੍ਰਿੰਸੀਪਲ, ਮਲਕੀਤ ਸਿੰਘ ਰਿਟਾਇਰਡ ਬੈਂਕ ਮੈਨੇਜਰ, ਗੁਰਪਾਲ ਸਿੰਘ, ਰਣਧੀਰ ਸਿੰਘ ਸਾਗੂ ਰਿਟਾਇਰਡ ਬ੍ਰਾਂਚ ਮੈਨੇਜਰ, ਸੋਮਨਾਥ, ਅਸ਼ੋਕ ਕੁਮਾਰ, ਸੁਖਬੀਰ ਸਿੰਘ ਜੈਲਦਾਰ, ਜਸਬੀਰ ਸਿੰਘ ਰਿਟਾਇਰਡ ਏ.ਐੱਸ.ਆਈ., ਗੁਰਚਰਨ ਸਿੰਘ ਆਸਟ੍ਰੇਲੀਆ ਵਾਲੇ, ਗੁਰਜੀਤ ਸਿੰਘ ਜੀਤਾ ਇੰਚਾਰਜ ਮਹੀਨਾਵਾਰ ਪੈਨਸ਼ਨ ਵੰਡ ਸਮਾਰੋਹ, ਜਤਿੰਦਰ ਸਿੰਘ ਕੈਂਥ, ਬਰਨੇਕ ਸਿੰਘ ਰਿਟਾਇਰਡ ਲੈਕਚਰਾਰ ਆਦਿ ਹਾਜ਼ਰ ਸਨ।