#PUNJAB

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਨੈਸ਼ਨਲ ਸੜਕ ਸੁਰੱਖਿਆ ਮਹੀਨਾ ਤਹਿਤ ਵੱਖ-ਵੱਖ ਵਾਹਣਾਂ ‘ਤੇ ਲਗਾਏ ਰਿਫਲੈਕਟਰ

ਸ੍ਰੀ ਮੁਕਤਸਰ ਸਾਹਿਬ, 9 ਫਰਵਰੀ (ਪੰਜਾਬ ਮੇਲ)- ਡਾਕਟਰ ਐੱਸ.ਪੀ. ਸਿੰਘ ਓਬਰਾਏ ਵਲੋਂ ਮਾਨਵਤਾ ਦੀ ਭਲਾਈ ਨੂੰ ਸਮਰਪਿਤ ਹਰ ਖੇਤਰ ਵਿਚ ਬਹੁਤ ਵਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ। ਇਸ ਲੜੀ ਨੂੰ ਅੱਗੇ ਤੋਰਦਿਆਂ ਵੱਖ-ਵੱਖ ਸੜਕੀ ਹਾਦਸਿਆਂ ਵਿਚ ਜਾ ਰਹੀਆਂ ਕੀਮਤੀ ਜਾਨਾਂ ਨੂੰ ਬਚਾਉਣ ਲਈ ਡਾ. ਓਬਰਾਏ ਵਲੋਂ ਵੱਡੀ ਪੱਧਰ ‘ਤੇ ਰਿਫਲੈਕਟਰ ਬਣਵਾਏ ਗਏ ਹਨ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਵੱਡੀ ਪੱਧਰ ‘ਤੇ ਵਾਹਨਾਂ ‘ਤੇ ਲਗਾਏ ਜਾ ਰਹੇ ਹਨ। ਅਰਵਿੰਦਰ ਪਾਲ ਸਿੰਘ ਚਾਹਲ ਬੂੜਾ ਗੁੱਜਰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜੱਸਾ ਸਿੰਘ ਸੰਧੂ ਕੌਮੀ ਪ੍ਰਧਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਨੈਸ਼ਨਲ ਸੜਕ ਸੁਰੱਖਿਆ ਮਹੀਨਾ ਦੇ ਮੱਦੇਨਜ਼ਰ ਸ੍ਰੀ ਮੁਕਤਸਰ ਸਾਹਿਬ ਵਿਖੇ ਵੱਡੀ ਗਿਣਤੀ ਵਿਚ ਵੱਖ-ਵੱਖ ਵਾਹਣਾਂ ‘ਤੇ ਰਿਫਲੈਕਟਰ ਲਗਾਏ ਗਏ ਹਨ, ਤਾਂ ਜੋ ਸੜਕੀ ਆਵਾਜਾਈ ਦੌਰਾਨ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ। ਗੱਲਬਾਤ ਦੌਰਾਨ ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਧੁੰਦ ਸ਼ੂਰੁ ਹੋਣ ਤੋਂ ਲੈ ਕੇ ਹੁਣ ਤੱਕ ਸ੍ਰੀ ਮੁਕਤਸਰ ਸਾਹਿਬ ਵਿਖੇ ਵੱਡੀ ਗਿਣਤੀ ਵਿਚ 5 ਸ਼ਿਫਟਾਂ ਵਿਚ ਵਾਹਣਾਂ ‘ਤੇ ਰਿਫਲੈਕਟਰ ਲਗਾਏ ਜਾ ਚੁੱਕੇ ਹਨ, ਜੋ ਕਿ ਕੀਮਤੀ ਜਾਨਾਂ ਨੂੰ ਬਚਾਉਣ ਲਈ ਬਹੁਤ ਵੱਡਾ ਯੋਗਦਾਨ ਹੈ। ਇਸ ਮੌਕੇ ਬਲਜੀਤ ਸਿੰਘ ਮਾਨ ਰਿਟਾਇਰਡ ਪ੍ਰਿੰਸੀਪਲ, ਮਲਕੀਤ ਸਿੰਘ ਰਿਟਾਇਰਡ ਬੈਂਕ ਮੈਨੇਜਰ, ਸੁਖਬੀਰ ਸਿੰਘ ਜੈਲਦਾਰ, ਅਸ਼ੋਕ ਕੁਮਾਰ, ਗੁਰਚਰਨ ਸਿੰਘ ਆਸਟ੍ਰੇਲੀਆ ਵਾਲੇ, ਮੈਡਮ ਹਰਿਦਰ ਕੌਰ, ਮੈਡਮ ਮਨਿੰਦਰ ਕੌਰ (ਦੋਨੋਂ ਐਜੂਕੇਸ਼ਨ ਸਲਾਹਕਾਰ ਅਤੇ ਸੈਂਟਰ ਕੰਟਰੋਲਰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਸ੍ਰੀ ਮੁਕਤਸਰ ਸਾਹਿਬ) ਆਦਿ ਹਾਜ਼ਰ ਸਨ।