#PUNJAB

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਮੇਲਾ ਮਾਘੀ ‘ਤੇ ਲਗਾਇਆ ਜਾਵੇਗਾ ਮੁਫ਼ਤ Books ਦਾ ਖੁੱਲ੍ਹਾ ਲੰਗਰ

ਸ੍ਰੀ ਮੁਕਤਸਰ ਸਾਹਿਬ, 10 ਜਨਵਰੀ (ਪੰਜਾਬ ਮੇਲ)- ਡਾਕਟਰ ਐੱਸ.ਪੀ. ਸਿੰਘ ਉਬਰਾਏ ਵੱਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਲੜੀ ਤਹਿਤ ਚਾਲੀ ਮੁਕਤਿਆਂ ਦੀ ਪਵਿੱਤਰ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਲੱਗ ਰਹੇ ਇਤਿਹਾਸਕ ਮਾਘੀ ਦੇ ਮੇਲੇ ‘ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਜੱਸਾ ਸਿੰਘ ਸੰਧੂ ਕੌਮੀ ਪ੍ਰਧਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮੁਫ਼ਤ ਕਿਤਾਬਾਂ ਦਾ ਖੁੱਲ੍ਹਾ ਲੰਗਰ ਲਗਾਇਆ ਜਾ ਰਿਹਾ ਹੈ। ਅਰਵਿੰਦਰ ਪਾਲ ਸਿੰਘ ਚਾਹਲ ਬੂੜਾ ਗੁੱਜਰ ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਦੇ ਨਾਕਾ ਨੰਬਰ 6 ਅਤੇ 7 ਦੇ ਵਿਚਕਾਰ (ਨੇੜੇ ਨਿਹੰਗ ਸਿੰਘਾਂ ਦੀ ਛਾਉਣੀ) ਸ੍ਰੀ ਮੁਕਤਸਰ ਸਾਹਿਬ ਵਿਖੇ 13 ਅਤੇ 14 ਜਨਵਰੀ ਨੂੰ ਮੁਫ਼ਤ ਕਿਤਾਬਾਂ ਦਾ ਖੁੱਲ੍ਹਾ ਲੰਗਰ ਲਗਾਇਆ ਜਾ ਰਿਹਾ ਹੈ। ਇਸ ਵਿਚ ਧਾਰਮਿਕ ਇਤਿਹਾਸ ਨਾਲ ਸਬੰਧਤ, ਸਮਾਜਿਕ ਇਤਿਹਾਸ ਨਾਲ ਸਬੰਧਤ ਵੱਡੀ ਗਿਣਤੀ ਵਿਚ ਕਿਤਾਬਾਂ ਦਿੱਤੀਆਂ ਜਾਣਗੀਆਂ, ਤਾਂ ਜੋ ਲੋਕਾਂ ਨੂੰ ਵੱਧ ਤੋਂ ਵੱਧ ਗਿਆਨ ਹੋ ਸਕੇ ਅਤੇ ਨੌਜਵਾਨ ਪੀੜ੍ਹੀ ਵੱਧ ਤੋਂ ਵੱਧ ਕਿਤਾਬਾਂ ਪੜ੍ਹ ਕੇ ਚੰਗੇ ਪਾਸੇ ਤੁਰ ਸਕੇ। ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਇਸ ਉਪਰਾਲੇ ਤਹਿਤ ਪਿੰਡਾਂ ਵਿਚ ਵੀ ਵੱਡੀ ਗਿਣਤੀ ਵਿਚ ਲਾਇਬ੍ਰੇਰੀਆਂ ਖੋਲ੍ਹੀਆਂ ਜਾ ਚੁੱਕੀਆਂ ਹਨ। ਇਸ ਮੌਕੇ ਗੁਰਬਿੰਦਰ ਸਿੰਘ ਬਰਾੜ ਇੰਚਾਰਜ ਮਾਲਵਾ ਜੋਨ, ਲੈਕਚਰਾਰ ਜਸਪਾਲ ਸਿੰਘ, ਬਲਵਿੰਦਰ ਸਿੰਘ ਬਰਾੜ, ਗੁਰਪਾਲ ਸਿੰਘ, ਬਲਜੀਤ ਸਿੰਘ ਮਾਨ, ਮਾਸਟਰ ਰਾਜਿੰਦਰ ਸਿੰਘ, ਅਸ਼ੋਕ ਕੁਮਾਰ, ਸੋਮਨਾਥ, ਬਰਨੇਕ ਸਿੰਘ, ਰਣਧੀਰ ਸਿੰਘ ਸਾਗੂ, ਮਲਕੀਤ ਸਿੰਘ, ਜਤਿੰਦਰ ਸਿੰਘ ਕੈਂਥ, ਗੁਰਚਰਨ ਸਿੰਘ, ਚਰਨਜੀਤ ਸਿੰਘ, ਸੁਖਬੀਰ ਸਿੰਘ, ਮੈਡਮ ਹਰਿੰਦਰ ਕੌਰ, ਮੈਡਮ ਮਨਿੰਦਰ ਕੌਰ, ਪ੍ਰਿੰਸੀਪਲ ਬਿੰਦਰ ਪਾਲ ਕੌਰ, ਜਸਵਿੰਦਰ ਸਿੰਘ ਮਣਕੂ ਆਦਿ ਹਾਜ਼ਰ ਸਨ।