#PUNJAB

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਮੋਦੀ ਕਾਲਜ ਵਿਖੇ Students ਨੂੰ ਵੰਡੇ ਗਏ ਵਜ਼ੀਫੇ

ਪਟਿਆਲਾ, 27 ਦਸੰਬਰ (ਪੰਜਾਬ ਮੇਲ)- ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਵਿਖੇ ਲੋੜਵੰਦ ਵਿਦਿਆਰਥੀਆਂ ਨੂੰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਹਰ ਸਾਲ ਦੀ ਤਰ੍ਹਾਂ ਵਜ਼ੀਫੇ ਵੰਡੇ ਗਏ। ਇਸ ਮੌਕੇ ‘ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਮੈਨੇਜਿੰਗ ਡਾਇਰੈਕਟਰ ਡਾ. ਐੱਸ.ਪੀ. ਸਿੰਘ ਉਬਰਾਏ ਉਚੇਚੇ ਤੌਰ ‘ਤੇ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਤੋਂ ਇਲਾਵਾ ਸ਼੍ਰੀਮਤੀ ਇੰਦਰਜੀਤ ਕੌਰ ਗਿੱਲ, ਡਾਇਰੈਕਟਰ ਐਜੂਕੇਸ਼ਨ ਅਤੇ ਡਾ. ਅਟਵਾਲ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਇਸ ਮੌਕੇ ‘ਤੇ ਮੁੱਖ ਮਹਿਮਾਨ ਅਤੇ ਬਾਕੀ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਪਿਛਲੇ ਦਸ ਸਾਲਾਂ ਤੋਂ ਲੋੜਵੰਦ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਨਿਰੰਤਰ ਆਰਥਿਕ ਮਦਦ ਮੁਹੱਈਆ ਕਰਵਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਮਾਜਿਕ ਭਲਾਈ ਦੇ ਖੇਤਰ ਵਿਚ ‘ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ’ ਦਾ ਯੋਗਦਾਨ ਅਮੁੱਲ ਹੈ ਅਤੇ ਸ਼੍ਰੀ ਉਬਰਾਏ ਜੀ ਨੇ ਸਿੱਖਿਆ ਅਤੇ ਸਿਹਤ ਦੇ ਖੇਤਰ ਵਿਚ ਸਮਾਜ ਦੇ ਵੰਚਿਤ ਵਰਗਾਂ ਤੱਕ ਜਿਸ ਤਰ੍ਹਾਂ ਬਿਨ੍ਹਾਂ ਕਿਸੇ ਵਿਤਕਰੇ ਤੋਂ ਪਹੁੰਚ ਕੀਤੀ ਹੈ, ਉਹ ਲਾਸਾਨੀ ਹੈ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਡਾਇਰੈਕਟਰ ਐਜੂਕੇਸ਼ਨ ਸ਼੍ਰੀਮਤੀ ਇੰਦਰਜੀਤ ਗਿੱਲ ਨੇ ਇਸ ਮੌਕੇ ‘ਤੇ ਟਰੱਸਟ ਦੁਆਰਾ ਕੀਤੀਆਂ ਗਈਆਂ ਗਤੀਵਿਧੀਆਂ ਅਤੇ ਸਮਾਜ-ਭਲਾਈ ਲਈ ਆਰੰਭੇ ਯਤਨਾਂ ਦਾ ਇੱਕ ਸੰਖੇਪ ਵੇਰਵਾ ਪੇਸ਼ ਕੀਤਾ।
ਇਸ ਮੌਕੇ ‘ਤੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆ ਡਾ. ਗੁਰਦੀਪ ਸਿੰਘ, ਡੀਨ ਵਿਦਿਆਰਥੀ ਭਲਾਈ ਨੇ ਦੱਸਿਆ ਕਿ ‘ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ’ ਵੱਲੋਂ ਪਿਛਲੇ 10 ਸਾਲਾਂ ਤੋਂ ਹਰ ਸਾਲ ਕਾਲਜ ਦੇ 100 ਲੋੜਵੰਦ ਵਿਦਿਆਰਥੀਆਂ ਨੂੰ 10,000/- ਰੁਪਏ ਪ੍ਰਤੀ ਵਿਦਿਆਰਥੀ ਵਜ਼ੀਫ਼ਾ ਰਾਸ਼ੀ ਦਿੱਤੀ ਜਾ ਰਹੀ ਹੈ।
ਹੁਣ ਤੱਕ ਟਰੱਸਟ ਵੱਲੋਂ ਕਾਲਜ ਦੇ ਵਿਦਿਆਰਥੀਆਂ ਨੂੰ 70,57000/- ਰੁਪਏ ਦੀ ਆਰਥਿਕ ਮਦਦ ਦਿੱਤੀ ਜਾ ਚੁੱਕੀ ਹੈ। ਭਵਿੱਖ ਵਿਚ ਵੀ ਇਸ ਸਕਾਲਰਸ਼ਿਪ ਸਕੀਮ ਨੂੰ ਜਾਰੀ ਰੱਖਣ ਦੀ ਡਾ. ਐੱਸ.ਪੀ. ਸਿੰਘ ਉਬਰਾਏ ਜੀ ਵੱਲੋਂ ਹਾਮੀ ਭਰੀ ਗਈ। ਇਥੇ ਇਹ ਵੀ ਵਿਸ਼ੇਸ਼ ਜ਼ਿਕਰਯੋਗ ਹੈ ਕਿ ਇਸ ਸਕੀਮ ਦਾ ਆਰੰਭ ਡਾ. ਖੁਸ਼ਵਿੰਦਰ ਕੁਮਾਰ ਦੁਆਰਾ 2014 ਵਿਚ ਪ੍ਰਿੰਸੀਪਲ ਵਜੋਂ ਜੁਆਇਨ ਕਰਨ ਸਮੇਂ ਉਬਰਾਏ ਸਾਹਿਬ ਨੇ ਆਰੰਭ ਕੀਤਾ ਸੀ ਅਤੇ ਇਸ ਲੜੀ ਦਾ ਇਹ ਪ੍ਰੋਗਰਾਮ ਉਨ੍ਹਾਂ ਦੀ ਟਰਮ ਦਾ ਆਖਰੀ ਪ੍ਰੋਗਰਾਮ ਸੀ।
ਕਾਲਜ ਰਜਿਸਟਰਾਰ ਡਾ. ਅਸ਼ਵਨੀ ਸ਼ਰਮਾ ਵੱਲੋਂ ਧੰਨਵਾਦ ਦਾ ਮਤਾ ਪੇਸ਼ ਕੀਤਾ ਗਿਆ। ਇਸ ਸਮਾਗਮ ਦੌਰਾਨ ਸਮੂਹ ਅਧਿਆਪਕ ਅਤੇ ਵਿਦਿਆਰਥੀ ਮੌਜੂਦ ਸਨ।