#PUNJAB

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਅੰਗਹੀਣ ਵਿਅਕਤੀਆਂ ਨੂੰ ਦਿੱਤੀ ਵਿੱਤੀ ਸਹਾਇਤਾ

ਸ੍ਰੀ ਮੁਕਤਸਰ ਸਾਹਿਬ, 2 ਫਰਵਰੀ (ਪੰਜਾਬ ਮੇਲ)- ਡਾਕਟਰ ਐੱਸ.ਪੀ. ਸਿੰਘ ਓਬਰਾਏ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਲੜੀ ਤਹਿਤ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ 47 ਅੰਗਹੀਣ ਵਿਅਕਤੀਆਂ ਨੂੰ 40 ਹਜ਼ਾਰ ਦੇ ਕਰੀਬ ਸਹਾਇਤਾ ਰਾਸ਼ੀ ਦਿੱਤੀ ਗਈ।
ਅਰਵਿੰਦਰ ਪਾਲ ਸਿੰਘ ਚਾਹਲ ਬੂੜਾ ਗੁੱਜਰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਨੇ ਦੱਸਿਆ ਕਿ ਇਹ ਅੰਗਹੀਣ ਵਿਅਕਤੀ ਕੰਮ ਕਰਨ ਤੋਂ ਅਸਮਰਥ ਹਨ ਅਤੇ ਕਈ ਲੰਮੇ ਸਮੇਂ ਤੋਂ ਵੱਖ-ਵੱਖ ਬੀਮਾਰੀਆਂ ਤੋਂ ਪੀੜਤ ਹਨ ਅਤੇ ਇਨ੍ਹਾਂ ਦੀ ਆਰਥਿਕ ਸਥਿਤੀ ਵੀ ਠੀਕ ਨਹੀਂ ਹੈ। ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਟਰੱਸਟ ਦੇ ਪ੍ਰੋਟੋਕਾਲ ਮੁਤਾਬਕ ਇਨ੍ਹਾਂ ਅੰਗਹੀਣ ਵਿਅਕਤੀਆਂ ਦੇ ਸਮੇਂ ਸਮੇਂ ਅਨੁਸਾਰ ਫ਼ਾਰਮ ਭਰ ਕੇ ਡਾਕਟਰ ਐੱਸ.ਪੀ. ਸਿੰਘ ਓਬਰਾਏ ਕੋਲ ਭੇਜੇ ਜਾਂਦੇ ਹਨ, ਤਾਂ ਇਨ੍ਹਾਂ ਦੇ ਹਾਲਾਤਾਂ ਨੂੰ ਦੇਖਦਿਆਂ ਹੋਇਆਂ ਡਾ. ਓਬਰਾਏ ਵਲੋਂ ਤੁਰੰਤ ਹੀ ਪ੍ਰਵਾਨਗੀ ਦਿੱਤੀ ਜਾਂਦੀ ਹੈ ਅਤੇ ਟਰੱਸਟ ਦੀ ਸ੍ਰੀ ਮੁਕਤਸਰ ਸਾਹਿਬ ਟੀਮ ਰਾਹੀਂ ਇਨ੍ਹਾਂ ਨੂੰ ਸਹਾਇਤਾ ਰਾਸ਼ੀ ਤਕਸੀਮ ਕੀਤੀ ਜਾਂਦੀ ਹੈ।
ਸਹਾਇਤਾ ਰਾਸ਼ੀ ਲੈਣ ਉਪਰੰਤ ਅੰਗਹੀਣ ਵਿਅਕਤੀਆਂ ਵੱਲੋਂ ਡਾ. ਓਬਰਾਏ ਦਾ ਧੰਨਵਾਦ ਕੀਤਾ ਗਿਆ ਅਤੇ ਕਿਹਾ ਕਿ ਡਾ. ਓਬਰਾਏ ਹਮੇਸ਼ਾ ਸਾਡੀ ਲਾਠੀ ਬਣਕੇ ਸਾਡੇ ਨਾਲ ਖੜ੍ਹਦੇ ਹਨ, ਸਾਡੀਆਂ ਨਿੱਜੀ ਲੋੜਾਂ ਪੂਰੀਆਂ ਕਰਦੇ ਹਨ। ਇਸ ਮੌਕੇ ਬਲਵਿੰਦਰ ਸਿੰਘ ਬਰਾੜ ਰਿਟਾ. ਪ੍ਰਿੰਸੀਪਲ, ਗੁਰਪਾਲ ਸਿੰਘ ਪਾਲੀ, ਮਲਕੀਤ ਸਿੰਘ ਰਿਟਾ. ਬੈਂਕ ਮੈਨੇਜਰ ਮੀਤ ਪ੍ਰਧਾਨ, ਬਲਜੀਤ ਸਿੰਘ ਮਾਨ ਰਿਟਾ. ਪ੍ਰਿੰਸੀਪਲ, ਰਣਧੀਰ ਸਿੰਘ ਸਾਗੂ ਮੀਡੀਆ ਇੰਚਾਰਜ, ਚਰਨਜੀਤ ਸਿੰਘ, ਸੁਖਬੀਰ ਸਿੰਘ ਜੈਲਦਾਰ, ਬਰਨੇਕ ਸਿੰਘ ਰਿਟਾ. ਲੈਕਚਰਾਰ, ਸੋਮ ਨਾਥ, ਮਾਸਟਰ ਰਾਜਿੰਦਰ ਸਿੰਘ, ਅਸ਼ੋਕ ਕੁਮਾਰ, ਗੁਰਚਰਨ ਸਿੰਘ ਆਸਟ੍ਰੇਲੀਆ ਵਾਲੇ ਮੈਨੇਜਰ ਸਹਿਬ, ਗੁਰਜੀਤ ਸਿੰਘ ਜੀਤਾ, ਜਤਿੰਦਰ ਸਿੰਘ ਕੈਂਥ, ਹਰਭਗਵਾਨ ਸਿੰਘ ਖੱਪਿਆਂਵਾਲ਼ੀ ਵਾਲੀ, ਕਾਲਾ ਖੱਪਿਆਂਵਾਲ਼ੀ, ਗੁਰਦਰਸ਼ਨ ਸਿੰਘ ਬੇਦੀ ਰਿਟਾ ਜ਼ਿਲ੍ਹਾ ਉੱਪ ਸਿੱਖਿਆ ਅਫ਼ਸਰ ਆਦਿ ਹਾਜ਼ਰ ਸਨ।