ਸ਼੍ਰੀ ਮੁਕਤਸਰ ਸਾਹਿਬ, 24 ਜਨਵਰੀ (ਪੰਜਾਬ ਮੇਲ)- ਡਾਕਟਰ ਐਸ ਪੀ ਸਿੰਘ ਓਬਰਾਏ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਲੜੀ ਤਹਿਤ” ਹੜ ਪ੍ਰਭਾਵਿਤ ਵਿਆਹ ਯੋਜਨਾ ” ਸਕੀਮ ਸ਼ੂਰੂ ਕੀਤੀ ਗਈ ਹੈ, ਜਿਸ ਤਹਿਤ ਪੂਰੇ ਪੰਜਾਬ ਵਿੱਚ ਬੀਤੇ ਦਿਨੀਂ ਆਏ ਹੜਾਂ ਦੋਰਾਨ ਪ੍ਰਭਾਵਿਤ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਟਰੱਸਟ ਵੱਲੋਂ ਕਰਨ ਦਾ ਫੈਸਲਾ ਕੀਤਾ ਗਿਆ ਹੈ, ਵਿਆਹ ਵਾਲੀ ਹਰ ਲੜਕੀ ਨੂੰ ਇੱਕ- ਇੱਕ ਲੱਖ ਰੁਪਏ ਦਿੱਤੇ ਜਾਣਗੇ।
ਅਰਵਿੰਦਰ ਪਾਲ ਸਿੰਘ ਚਾਹਲ ਬੂੜਾ ਗੁੱਜਰ ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਕੱਲ੍ਹ ਜ਼ਿਲ੍ਹਾ ਫਿਰੋਜ਼ਪੁਰ ਦੇ ਕਸਬਾ ਮੱਖੂ ਵਿਚ 21 ਹੜਾਂ ਤੋਂ ਪ੍ਰਭਾਵਿਤ ਪਰਿਵਾਰਾਂ ਦੀਆਂ ਲੜਕੀਆਂ ਨੂੰ ਇੱਕ – ਇੱਕ ਲੱਖ ਰੁਪਏ ਦੇ,ਤਰਨ ਤਾਰਨ ਵਿਚ 27 ਲੜਕੀਆਂ ਨੂੰ,ਅੰਮ੍ਰਿਤਸਰ ਸਹਿਬ ਵਿੱਚ 8 ਲੜਕੀਆਂ ਨੂੰ ਚੈੱਕ ਦਿੱਤੇ ਗਏ। ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਇੱਥੇ ਡਾਕਟਰ ਓਬਰਾਏ ਨੇ ਦੱਸਿਆ ਕਿ ਹੜਾਂ ਤੋਂ ਪ੍ਰਭਾਵਿਤ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹਾਂ ਲਈ ਤਿੰਨ ਕਰੋੜ ਦਾ ਬੱਜਟ ਰੱਖਿਆ ਗਿਆ ਹੈ ਇਸ ਪ੍ਰੋਜੈਕਟ ਵਿੱਚ ਸਿਆਟਲ ( ਯੂ ਐਸ ਏ) ਦੀ ਸਾਧ ਸੰਗਤ ਵੱਲੋਂ ਵੀ ਯੋਗਦਾਨ ਪਾਇਆ ਜਾ ਰਿਹਾ ਹੈ, ਡਾਕਟਰ ਐਸ ਪੀ ਸਿੰਘ ਓਬਰਾਏ ਵਲੋਂ ਸਿਆਟਲ ( ਯੂ ਐਸ ਏ) ਦੇ ਸੇਵਾਦਾਰਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ, ਅਤੇ ਦੱਸਿਆ ਕਿ ਸਿਆਟਲ ਤੋਂ ਆ ਕੇ ਸੇਵਾਦਾਰ ਇਸ ਕਾਰਜ ਵਿੱਚ ਸੇਵਾ ਵੀ ਕਰ ਰਹੇ ਹਨ। ਗੁਰਬਿੰਦਰ ਸਿੰਘ ਬਰਾੜ ਇੰਚਾਰਜ ਸਾਊਥ ਵੈਸਟ ਪੰਜਾਬ ਨੇ ਦੱਸਿਆ ਕਿ ਸਾਡੀਆਂ ਟੀਮਾਂ ਇਸ ਪ੍ਰੋਗਰਾਮ ਨੂੰ ਸਿਰੇ ਚਾੜ੍ਹਨ ਲਈ ਮਿਹਨਤ ਕਰ ਰਹੀਆਂ ਹਨ।
ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਡਾ ਓਬਰਾਏ ਮੁਤਾਬਕ ਇਸ ਤੋਂ ਪਹਿਲਾਂ 120 ਦੇ ਕਰੀਬ ਲੜਕੀਆਂ ਦੇ ਵਿਆਹਾਂ ਤੇ ਇੱਕ ਕਰੋੜ ਵੀਹ ਲੱਖ ਰੁਪਏ ਦੇ ਚੁੱਕੇ ਹਾਂ। ਸਹਾਇਤਾ ਰਾਸ਼ੀ ਲੈਣ ਉਪਰੰਤ ਲੜਕੀਆਂ ਦੇ ਪਰਿਵਾਰਾਂ ਵੱਲੋਂ ਡਾ ਓਬਰਾਏ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਸ਼੍ਰੀ ਮੁਕਤਸਰ ਸਾਹਿਬ ਟੀਮ ਦੇ ਸਮੂਹ ਸੇਵਾਦਾਰ ਹਾਜ਼ਰ ਸਨ।

