ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਲੈਬਾਰਟਰੀਆਂ ਦੇ ਨਾਲ ਹੁਣ ਮੈਡੀਕਲ ਸਟੋਰ ਵੀ ਖੋਲ੍ਹੇਗਾ : ਡਾ. ਓਬਰਾਏ

225
ਸੰਨੀ ਓਬਰਾਏ ਲੈਬ ਐਂਡ ਡਾਇਗਨੌਸਟਿਕ ਸੈਂਟਰ ਦਾ ਉਦਘਾਟਨ ਕਰਦੇ ਹੋਏ ਡਾ. ਐੱਸ.ਪੀ. ਸਿੰਘ ਓਬਰਾਏ, ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ, ਐੱਸ.ਐੱਸ.ਪੀ. ਹਰਵਿੰਦਰ ਸਿੰਘ ਵਿਰਕ।
Share

ਤਰਨ ਤਾਰਨ, 10 ਨਵੰਬਰ (ਪੰਜਾਬ ਮੇਲ)-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐੱਸ.ਪੀ. ਸਿੰਘ ਓਬਰਾਏ ਨੇ ਸਿਵਲ ਹਸਪਤਾਲ ਦੇ ਸਾਹਮਣੇ ਸੰਨੀ ਓਬਰਾਏ ਲੈੱਬ ਐਂਡ ਡਾਇਗਨੋਸਟਿਕ ਸੈਂਟਰ ਦਾ ਰਸਮੀ ਉਦਘਾਟਨ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ’ਚ 50 ਲੈਬਾਂ ਖੋਲ੍ਹਣ ਦਾ ਟੀਚਾ ਮਿੱਥਿਆ ਗਿਆ ਸੀ, ਜਿਸ ਤਹਿਤ 45 ਲੈੱਬਾਂ ਖੋਲ੍ਹੀਆਂ ਜਾ ਚੁੱਕੀਆਂ ਹਨ। ਆਉਣ ਵਾਲੇ ਦਿਨਾਂ ’ਚ ਹਰਿਆਣਾ ਵਿਚ 6 ਲੈੱਬਾਂ ਖੋਲ੍ਹੀਆਂ ਜਾਣਗੀਆਂ। ਦਸੰਬਰ ਮਹੀਨੇ ਤੱਕ ਉਕਤ ਟੀਚਾ ਮੁਕੰਮਲ ਕਰਕੇ ਪੰਜਾਬ ਵਿਚ ਸਸਤੀਆਂ ਦਰਾਂ ’ਤੇ ਲੋਕਾਂ ਨੂੰ ਦਵਾਈਆਂ ਮੁਹੱਈਆ ਕਰਵਾਉਣ ਲਈ ਮੈਡੀਕਲ ਸਟੋਰ ਖੋਲ੍ਹੇ ਜਾਣਗੇ। ਇਸ ਮੌਕੇ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ, ਐੱਸ.ਐੱਸ.ਪੀ. ਹਰਵਿੰਦਰ ਸਿੰਘ ਵਿਰਕ, ਜ਼ਿਲ੍ਹਾ ਯੋਜਨਾ ਬੋਰਡ ਗੁਰਦਾਸਪੁਰ ਦੇ ਚੇਅਰਮੈਨ ਡਾ. ਸਤਨਾਮ ਸਿੰਘ ਨਿੱਝਰ, ਕਾਂਗਰਸੀ ਆਗੂ ਡਾ. ਸੰਦੀਪ ਅਗਨੀਹੋਤਰੀ, ਜ਼ਿਲ੍ਹਾ ਬਾਲ ਭਲਾਈ ਕਮੇਟੀ ਚੇਅਰਪਰਸਨ ਅਮਨਪ੍ਰੀਤ ਕੌਰ ਨੇ ਡਾ. ਓਬਰਾਏ ਦਾ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ। ਉਦਘਾਟਨੀ ਰਸਮ ਤੋਂ ਬਾਅਦ ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਐੱਸ.ਪੀ. ਸਿੰਘ ਓਬਰਾਏ ਨੇ ਕਿਹਾ ਕਿ ਗੁਰੂ ਨਗਰੀ ਦੇ ਲੋਕਾਂ ਵਾਸਤੇ ਖੋਲ੍ਹੀ ਗਈ ਲੈੱਬ ਪੂਰੀ ਤਰ੍ਹਾਂ ਕਾਮਯਾਬ ਹੋ ਰਹੀ ਹੈ। ਆਉਣ ਵਾਲੇ ਦਿਨਾਂ ਵਿਚ ਲੈੱਬ ਵਿਚ ਆਟੋਮੈਟਿਕ ਯੂਨਿਟ ਸਥਾਪਿਤ ਕੀਤਾ ਜਾਵੇਗਾ, ਜਿਸ ਨਾਲ ਇਕ ਤਿਹਾਈ ਸਮੇਂ ਦੀ ਸਿੱਧੇ ਤੌਰ ’ਤੇ ਬੱਚਤ ਹੋਵੇਗੀ। ਉਨ੍ਹਾਂ ਕਿਹਾ ਕਿ ਸਪੈਸ਼ਲ (ਮੰਦਬੁੱਧੀ) ਬੱਚਿਆਂ ਦਾ ਜੀਵਨ ਪੱਧਰ ਉੱਚਾ ਚੁੱਕਣ ਵਾਸਤੇ ਟਰੱਸਟ ਵਲੋਂ ਜ਼ਿਲ੍ਹਾ ਪੱਧਰ ’ਤੇ ਆਧੁਨਿਕ ਸਕੂਲ ਖੋਲ੍ਹਣ ਦੀ ਤਜਵੀਜ ਹੈ। ਇਸ ਸਬੰਧੀ ਜ਼ਿਲ੍ਹਾ ਪੱਧਰੀ ਇਕਾਈ ਨੂੰ ਬਾਕਾਇਦਾ ਪ੍ਰਪੋਜਲ ਤਿਆਰ ਕਰਨ ਲਈ ਕਹਿ ਦਿੱਤਾ ਗਿਆ ਹੈ। ਵਿਧਾਇਕ ਡਾ. ਅਗਨੀਹੋਤਰੀ ਨੇ ਡਾ. ਓਬਰਾਏ ਦੇ ਨਾਲ ਉਦਘਾਟਨ ਕਰਦਿਆਂ ਕਿਹਾ ਕਿ ਦੁਨੀਆਂ ਭਰ ਵਿਚ ਸਿੱਖ ਕੌਮ ਦੀ ਪੱਗੜੀ ਨੂੰ ਜੋ ਸਨਮਾਨ ਡਾ. ਓਬਰਾਏ ਦੀ ਸੇਵਾ ਦੀ ਬਦੌਲਤ ਮਿਲ ਰਿਹਾ ਹੈ, ਉਸ ਦੀ ਕੋਈ ਮਿਸਾਲ ਨਹੀਂ। ਕੋਰੋਨਾ ਕਾਲ ਦੌਰਾਨ ਮੈਡੀਕਲ ਸੇਵਾਵਾਂ ਤੋਂ ਇਲਾਵਾ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਤੇ ਹੋਰ ਪ੍ਰਕਾਰ ਦੀ ਮਦਦ ਕੀਤੀ ਗਈ ਹੈ। ਵਿਧਾਇਕ ਡਾ. ਅਗਨੀਹੋਤਰੀ ਨੇ ਕਿਹਾ ਕਿ ਡਾ. ਐੱਸ.ਪੀ. ਸਿੰਘ ਓਬਰਾਏ ਦੀ ਸ਼ਖ਼ਸੀਅਤ ਤੋਂ ਸਾਡੇ ਸਮਾਜ ਨੂੰ ਸਬਕ ਲੈਣ ਦੀ ਲੋੜ ਹੈ, ਤਾਂ ਜੋ ਜ਼ਰੂਰਤਮੰਦਾਂ ਦੀ ਨਿਸ਼ਕਾਮ ਸੇਵਾ ਕੀਤੀ ਜਾ ਸਕੇ। ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਗੁਰਦਾਸਪੁਰ ਦੇ ਚੇਅਰਮੈਨ ਡਾ. ਸਤਨਾਮ ਸਿਘ ਨਿੱਝਰ, ਜ਼ਿਲ੍ਹਾ ਬਾਲ ਭਲਾਈ ਕਮੇਟੀ ਦੇ ਚੇਅਰਪਰਸਨ ਅਮਨਪ੍ਰੀਤ ਕੌਰ, ਕਾਂਗਰਸੀ ਆਗੂ ਡਾ. ਸੰਦੀਪ ਅਗਨੀਹੋਤਰੀ, ਚੇਅਰਮੈਨ ਸੁਬੇਗ ਸਿੰਘ ਧੁੰਨ, ਸੁਰਿੰਦਰ ਸਿੰਘ ਮੱਲ੍ਹੀ, ਸੋਨੂੰ ਦੋਦੇ, ਸਮਰਪਨ ਸੁਸਾਇਟੀ ਦੇ ਪ੍ਰਧਾਨ ਸੁਖਜੀਤਪਾਲ ਸਿੰਘ, ਉਪ ਪ੍ਰਧਾਨ ਬਲਬੀਰ ਸਿੰਘ ਮੱਲ੍ਹੀ, ਸੁਖਜਿੰਦਰ ਸਿੰਘ ਹੇਰ, ਮਨਪ੍ਰੀਤ ਸਿੰਘ, ਸੁਖਦੀਪ ਸਿੰਘ ਸਿੱਧੂ, ਧਰਮਬੀਰ ਸਿੰਘ ਮਲਹਾਰ ਆਦਿ ਸ਼ਖਸੀਅਤਾਂ ਹਾਜ਼ਰ ਸਨ।

Share