ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਗਰੀਬ ਤੇ ਲੋੜਵੰਦ ਪਰਿਵਾਰਾਂ ਦੇ ਲੜਕੀਆਂ ਦੇ ਕਰਵਾਏ ਗਏ ਆਨੰਦ ਕਾਰਜ

265
Share

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਹੁਣ ਤੱਕ ਕਰੀਬ 24 ਹਜ਼ਾਰ ਜੋੜਿਆਂ ਦੇ ਵਿਆਹ ਕਰਵਾਏ ਜਾ ਚੁੱਕੇ ਹਨ: ਡਾ. ਐੱਸ.ਪੀ. ਸਿੰਘ ਓਬਰਾਏ
ਮਸਤੂਆਣਾ ਸਾਹਿਬ, 19 ਅਕਤੂਬਰ (ਰਵੀ ਕਾਂਤ/ਪੰਜਾਬ ਮੇਲ)- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐੱਸ.ਪੀ. ਸਿੰਘ ਓਬਰਾਏ ਵੱਲੋਂ ਜਿਥੇ ਸਮਾਜ ਭਲਾਈ ਦੇ ਅਨੇਕਾਂ ਕਾਰਜ ਕੀਤੇ ਜਾ ਰਹੇ ਹਨ, ਉਸੇ ਲੜੀ ਤਹਿਤ ਸ੍ਰੀ ਗੁਰੁ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਟਰੱਸਟ ਵੱਲੋਂ ਹਰ ਸੰਗਰਾਂਦ ਨੂੰ ਕੀਤੇ ਜਾਂਦੇ ਵਿਆਹਾਂ ਦੀ ਲੜੀ ਵਿਚ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਵਿਖੇ 06 ਲੜਕੀਆਂ ਦੇ ਸਮੂਹ ਵਿਆਹ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਏ ਗਏ। ਇਥੇ ਪੱਲਾ ਫੜਾਉਣ ਦੀ ਰਸਮ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਜੱਸਾ ਸਿੰਘ ਸੰਧੂ, ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਦੇ ਸੈਕਟਰੀ ਜਸਵੰਤ ਸਿੰਘ ਖੇਹਰਾ ਤੇ ਸ਼ਮਸ਼ੇਰ ਸਿੰਘ ਵੱਲੋਂ ਅਦਾ ਕੀਤੀ ਗਈ। ਇਸ ਮੌਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸੰਗਰੂਰ ਇਕਾਈ ਤੋਂ ਪ੍ਰਧਾਨ ਸੁਖਮਿੰਦਰ ਸਿੰਘ, ਸਕੱਤਰ ਬਲਕਾਰ ਸਿੰਘ, ਖਜ਼ਾਨਚੀ ਕੁਲਵੰਤ ਸਿੰਘ ਬਾਜਵਾ ਸਮੇਤ ਸਮੂਹ ਪ੍ਰਬੰਧਕ ਕਮੇਟੀ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਦੇ ਮੈਂਬਰ ਸਾਹਿਬਾਨਾਂ ਨੇ ਨਵ-ਵਿਆਹੇ ਜੋੜਿਆਂ ਨੂੰ ਆਪਣਾ-ਆਪਣਾ ਆਸ਼ੀਰਵਾਦ ਦਿੱਤਾ।
ਇਸ ਸਬੰਧੀ ਜਾਣਕਾਰੀ ਦਿੰਦਿਆ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐੱਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਇਸ ਮੁਹਿੰਮ ਦਾ ਆਗਾਜ਼ ਸਾਲ 2008 ’ਚ ਬਾਬਾ ਸੁੱਧ ਸਿੰਘ ਨਾਲ ਮਿਲ ਕੇ ਕੀਤਾ ਗਿਆ ਸੀ, ਜਿਸ ਤਹਿਤ 15 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਅਤੇ 14 ਮਾਰਚ ਨੂੰ ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆ ਜੀ ਦੀ ਬਰਸੀ ’ਤੇ 51-51 ਜੋੜਿਆਂ ਦੇ ਆਨੰਦ ਕਾਰਜ ਕਰਕੇ ਟਰੱਸਟ ਵੱਲੋਂ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ, ਜਿਸ ਸਦਕਾ ਟਰੱਸਟ ਵੱਲੋਂ ਹੁਣ ਤੱਕ ਕਰੀਬ 24 ਹਜ਼ਾਰ ਵੱਖ-ਵੱਖ ਧਰਮਾਂ ਦੇ ਗਰੀਬ ਬੱਚੀਆਂ ਦਾ ਵਿਆਹ ਉਨ੍ਹਾਂ ਦੇ ਧਰਮ ਅਨੁਸਾਰ ਕਰਵਾਏ ਜਾ ਚੁੱਕੇ ਹਨ।
ਇਸ ਮੁਹਿੰਮ ਸਬੰਧੀ ਡਾ. ਓਬਰਾਏ ਨੇ ਅੱਗੇ ਦੱਸਿਆ ਕਿ ਇਸ ਉਪਰਾਲੇ ਸਦਕਾ ਨਵ-ਵਿਆਹੇ ਜੋੜਿਆਂ ਨੂੰ ਲੋੜੀਂਦਾ ਸਾਮਾਨ ਜਿਵੇਂ ਕਿ ਬਾਕਸ ਵਾਲੇ ਡਬਲ ਬੈੱਡ, ਗਰਮ-ਠੰਡੇ ਬਿਸਤਰੇ, 51 ਬਰਤਨ, ਸਾਈਕਲ, ਸੀਲਿੰਗ ਫੈਨ, ਸੀਵਿੰਗ ਮਸ਼ੀਨ, ਟਰੰਕ, 7 ਜੋੜੇ ਕੱਪੜੇ, ਚਾਰ ਕੁਰਸੀਆਂ ਤੇ ਇੱਕ ਟੇਬਲ ਆਦਿ ਇੱਕ ਸੁੱਖੀ ਜੀਵਨ ਦੀ ਸ਼ੁਰੂਆਤ ਲਈ ਇਹ ਸਭ ਸਾਮਾਨ ਟਰੱਸਟ ਵੱਲੋਂ ਦਿੱਤਾ ਜਾਂਦਾ ਹੈ। ਕੋੋਰੋਨਾ ਕਾਲ ਦੌਰਾਨ ਟਰੱਸਟ ਵੱਲੋਂ ਇਹ ਸ਼ਾਦੀਆਂ ਬੰਦ ਕਰਨੀ ਪਈਆਂ ਸਨ, ਪਰ ਹੁਣ ਮੁੜ ਤੋਂ ਟਰੱਸਟ ਵੱਲੋਂ ਮਹੀਨੇ ਦੇ ਕਿਸੇ ਵੀ ਐਤਵਾਰ ਇਕੱਠੇ ਹੋਏ ਜੋੜਿਆਂ ਦੇ ਆਨੰਦ ਕਾਰਜ ਕਰਵਾਏ ਜਾਂਦੇ ਹਨ। ਇਸ ਦੌਰਾਨ ਡਾ. ਓਬਰਾਏ ਨੇ ਕਿਹਾ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਚੱਲ ਰਹੀ ਇਹ ਸੇਵਾ ਅੱਗੇ ਵੀ ਇਸੇ ਤਰ੍ਹਾਂ ਹੀ ਲਗਾਤਾਰ ਜਾਰੀ ਰਹੇਗੀ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਜੱਸਾ ਸਿੰਘ ਸੰਧੂ ਨੇ ਦੱਸਿਆ ਕਿ ਡਾ. ਓਬਰਾਏ ਜੀ ਆਪਣੀ ਕਮਾਈ ਦਾ 95 ਫੀਸਦੀ ਹਿੱਸਾ ਦੀਨ-ਦੁੱਖੀਆਂ ਲਈ ਹਮੇਸ਼ਾ ਹੀ ਦਾਨ ਕਰਦੇ ਹਨ। ਉਸੇ ਲੜੀ ਤਹਿਤ ਬੱਚਿਆਂ ਦੀਆਂ ਸ਼ਾਦੀਆਂ ਕੀਤੀ ਗਈਆਂ ਹਨ ਅਤੇ ਇਨ੍ਹਾਂ ਨੂੰ ਲੋੜੀਂਦਾ ਸਾਜੋ-ਸਾਮਾਨ ਡਾ. ਐੱਸ.ਪੀ. ਸਿੰਘ ਓਬਰਾਏ ਵੱਲੋਂ ਦਿੱਤਾ ਗਿਆ ਹੈ। ਇਸ ਮੌਕੇ ਪ੍ਰਧਾਨ ਜੱਸਾ ਸਿੰਘ ਸੰਧੂ ਨੇ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਦੀ ਪ੍ਰਬੰਧਕ ਕਮੇਟੀ ਸਮੇਤ ਸਮੂਹ ਪਰਿਵਾਰਾਂ ਅਤੇ ਹੋਰ ਸਹਿਯੋਗੀਆਂ ਨੂੰ ਮੁਬਾਰਕਬਾਦ ਦਿੱਤੀ।
ਇਸ ਮੌਕੇ ਦੁਲਹਨ ਗਗਨਦੀਪ ਕੌਰ ਵਾਸੀ ਘਨੌਰ ਅਤੇ ਸਮੂਹ ਪਰਿਵਾਰ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐੱਸ.ਪੀ. ਸਿੰਘ ਓਬਰਾਏ ਦਾ ਤਹਿ ਦਿੱਲੋ ਧੰਨਵਾਦ ਕੀਤਾ।

Share