-‘ਆਜ਼ਾਦ’ ਉਮੀਦਵਾਰ ਵਜੋਂ ਲੜੀ ਸੀ ਚੋਣ; ਕਰਮਜੀਤ ਅਨਮੋਲ ਨੂੰ ਪਛਾੜਿਆ
ਫਰੀਦਕੋਟ, 6 ਜੂਨ (ਪੰਜਾਬ ਮੇਲ)- ਇਸ ਵਾਰ ਫਰੀਦਕੋਟ ਤੋਂ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖ਼ਾਲਸਾ ਨੇ ਆਪ ਉਮੀਦਵਾਰ ਕਰਮਜੀਤ ਅਨਮੋਲ ਨੂੰ ਵੱਡੀ ਲੀਡ ਨਾਲ ਹਰਾਇਆ ਹੈ। ਸਰਬਜੀਤ ਸਿੰਘ ਖ਼ਾਲਸਾ ਨੇ ਪਹਿਲੇ ਰੁਝਾਨ ਤੋਂ ਲੈ ਕੇ ਆਖਰੀ ਰੁਝਾਨ ਤੱਕ ਲੀਡ ‘ਤੇ ਰਹਿ ਕੇ ਕਰਮਜੀਤ ਅਨਮੋਲ ਨੂੰ ਪਛਾੜਿਆ।
ਜ਼ਿਕਰਯੋਗ ਹੈ ਕਿ ਸਰਬਜੀਤ ਸਿੰਘ ਖ਼ਾਲਸਾ ਸਾਲ 2015 ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮੁੱਦਾ ਉਠਾਉਣ ਕਾਰਨ ਸੁਰਖੀਆਂ ਵਿਚ ਆਏ ਸਨ। ਦਰਅਸਲ, ਫਰੀਦਕੋਟ 2015 ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਦਾ ਕੇਂਦਰ ਸੀ, ਜੋ ਜ਼ਿਲ੍ਹੇ ਦੇ ਪਿੰਡ ਬਰਗਾੜੀ ‘ਚ ਵਾਪਰੀ ਸੀ। ਸਰਬਜੀਤ ਦਾ ਇਤਿਹਾਸ ਇਸ ਲਈ ਵੀ ਵਿਵਾਦਪੂਰਨ ਹੈ ਕਿਉਂਕਿ ਉਹ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਵਿਚ ਸ਼ਾਮਲ ਬੇਅੰਤ ਸਿੰਘ ਦਾ ਪੁੱਤਰ ਹੈ।
ਸਰਬਜੀਤ ਸਿੰਘ ਖ਼ਾਲਸਾ ਨੇ ਕਿਹਾ ਸੀ ਕਿ ਮੈਂ ਫਰੀਦਕੋਟ ਤੋਂ ਚੋਣ ਲੜਨ ਦਾ ਫ਼ੈਸਲਾ ਇਸ ਲਈ ਕੀਤਾ ਕਿਉਂਕਿ ਮੈਂ 2015 ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮੁੱਦਾ ਉਠਾਉਣਾ ਚਾਹੁੰਦਾ ਹਾਂ। ਪਹਿਲਾਂ ਤਾਂ ਮੇਰੀ ਚੋਣ ਲੜਨ ਦੀ ਕੋਈ ਯੋਜਨਾ ਨਹੀਂ ਸੀ ਪਰ ਸਿੱਖ ਸੰਗਤ ਨੇ ਮੇਰੇ ਕੋਲ ਆ ਕੇ ਪੁੱਛਿਆ ਅਤੇ ਮੈਨੂੰ ਚੋਣ ਲੜਨ ਲਈ ਕਿਹਾ ਸੀ। ਲੋਕ ਮੇਰੇ ਪਰਿਵਾਰ ਨੂੰ ਅਤੇ ਮੈਨੂੰ 1984 ਤੋਂ ਜਾਣਦੇ ਹਨ ਅਤੇ ਸਿੱਖ ਕੌਮ ਵਿਚ ਇੱਕ ਸ਼ਹੀਦ ਦਾ ਦਰਜਾ ਇੱਕ ਮਸ਼ਹੂਰ ਹਸਤੀ ਨਾਲੋਂ ਬਹੁਤ ਉੱਚਾ ਹੈ। ਕਿਸਾਨ ਯੂਨੀਅਨਾਂ ਵੀ ਮੇਰਾ ਸਮਰਥਨ ਕਰ ਰਹੀਆਂ ਹਨ। ਇੰਦਰਾ ਗਾਂਧੀ ਦੇ ਦੂਜੇ ਕਾਤਲ ਸਤਵੰਤ ਸਿੰਘ ਦੇ ਪਰਿਵਾਰ ਨੇ ਵੀ ਚੋਣ ਪ੍ਰਚਾਰ ਦੌਰਾਨ ਮੇਰਾ ਸਾਥ ਦਿੱਤਾ। ਸਰਬਜੀਤ ਦਾ ਕਹਿਣਾ ਸੀ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ, ਤਾਂ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ। ਸੱਤਾਧਾਰੀ ਪਾਰਟੀ ਇਸ ਮੁੱਦੇ ‘ਤੇ ਬਹੁਤ ਹੀ ਰੱਖਿਆਤਮਕ ਰੁਖ ਅਪਣਾ ਰਹੀ ਸੀ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਿਛਲੇ ਸਾਲ ਦਸੰਬਰ ‘ਚ ਆਪਣੇ ਕਾਰਜਕਾਲ ਦੌਰਾਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਨਾਕਾਮ ਰਹਿਣ ਲਈ ਜਨਤਕ ਤੌਰ ‘ਤੇ ਮੁਆਫ਼ੀ ਮੰਗੀ ਸੀ।
ਸਰਬਜੀਤ ਦਾ ਕਹਿਣਾ ਹੈ ਕਿ ਫਰੀਦਕੋਟ ਵਿਚ ਹੋਰ ਵੀ ਕਈ ਮੁੱਦੇ ਹਨ, ਜਿਨ੍ਹਾਂ ਨੂੰ ਸਰਕਾਰ ਨੇ ਨਜ਼ਰਅੰਦਾਜ਼ ਕੀਤਾ ਹੈ, ਜਿਨ੍ਹਾਂ ਵਿਚ ਨਸ਼ਾਖੋਰੀ, ਬੇਰੁਜ਼ਗਾਰੀ ਅਤੇ ਮਾੜੀ ਸਿੱਖਿਆ ਸਹੂਲਤਾਂ ਸ਼ਾਮਲ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਨਸ਼ੇ ਦੀ ਆਸਾਨੀ ਨਾਲ ਉਪਲਬਧਤਾ ਪੰਜਾਬ ਵਿਚ ਨੌਜਵਾਨਾਂ ਦੀ ਜ਼ਿੰਦਗੀ ਬਰਬਾਦ ਕਰ ਰਹੀ ਹੈ। ਇਸ ਤੋਂ ਇਲਾਵਾ ਸਿੱਖਿਆ ਦਾ ਪੱਧਰ ਵੀ ਡਿੱਗਿਆ ਹੈ, ਜਿਸ ਕਾਰਨ ਪੰਜਾਬੀ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਨਹੀਂ ਮਿਲ ਰਹੇ।
ਸਰਬਜੀਤ ਸਿੰਘ ਖ਼ਾਲਸਾ ਨੇ ਫਰੀਦਕੋਟ ਤੋਂ ਵੱਡੀ ਲੀਡ ਨਾਲ ਜਿੱਤ ਹਾਸਲ ਕੀਤੀ
