#OTHERS

ਸਰਬਜੀਤ ਕੌਰ ਤੋਂ ‘ਨੂਰ’ ਬਣੀ ਭਾਰਤੀ ਸਿੱਖ ਮਹਿਲਾ ਨੂੰ ਗ੍ਰਿਫ਼ਤਾਰ ਕਰਕੇ ਲਾਹੌਰ ਦੇ ਸ਼ੈਲਟਰ ਹੋਮ ਭੇਜਿਆ

ਲਾਹੌਰ, 15 ਜਨਵਰੀ (ਪੰਜਾਬ ਮੇਲ)- ਪਿਛਲੇ ਸਾਲ ਨਵੰਬਰ ਵਿਚ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਦੌਰਾਨ ਲਾਪਤਾ ਹੋਣ ਮਗਰੋਂ ਸਥਾਨਕ ਮੁਸਲਿਮ ਨਾਲ ਵਿਆਹ ਕਰਵਾਉਣ ਵਾਲੀ ਭਾਰਤੀ ਸਿੱਖ ਮਹਿਲਾ ਸਰਬਜੀਤ ਕੌਰ (48) ਨੂੰ ਗ੍ਰਿਫ਼ਤਾਰ ਕਰਕੇ ਲਾਹੌਰ ਦੇ ਸਰਕਾਰੀ ਸ਼ੈਲਟਰ ਹੋਮ ਭੇਜ ਦਿੱਤਾ ਗਿਆ ਹੈ। ਸਰਬਜੀਤ ਕੌਰ ਉਨ੍ਹਾਂ 2,000 ਸਿੱਖ ਸ਼ਰਧਾਲੂਆਂ ਵਿਚੋਂ ਇਕ ਸੀ, ਜੋ ਪਿਛਲੇ ਸਾਲ ਨਵੰਬਰ ਵਿਚ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਭਾਰਤ ਤੋਂ ਵਾਹਗਾ ਸਰਹੱਦ ਰਸਤੇ ਪਾਕਿਸਤਾਨ ਗਏ ਸਨ।
ਜਥੇ ਵਿਚ ਗਏ ਸਾਰੇ ਸ਼ਰਧਾਲੂ ਕੁਝ ਦਿਨਾਂ ਬਾਅਦ ਘਰ ਵਾਪਸ ਆ ਗਏ, ਪਰ ਸਰਬਜੀਤ ਕੌਰ ਲਾਪਤਾ ਹੋ ਗਈ। ਲਾਹੌਰ ਦੇ ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਮਗਰੋਂ ਕਿਹਾ ਕਿ ਸਰਬਜੀਤ ਨੇ 4 ਨਵੰਬਰ ਨੂੰ ਪਾਕਿਸਤਾਨ ਪਹੁੰਚਣ ਤੋਂ ਇਕ ਦਿਨ ਬਾਅਦ ਲਾਹੌਰ ਤੋਂ ਕਰੀਬ 50 ਕਿਲੋਮੀਟਰ ਦੂਰ ਸ਼ੇਖੂਪੁਰਾ ਜ਼ਿਲ੍ਹੇ ਦੇ ਨਾਸਿਰ ਹੁਸੈਨ ਨਾਲ ਵਿਆਹ ਕਰ ਲਿਆ।
ਉਪਰੰਤ ਸਰਬਜੀਤ ਕੌਰ ਤੇ ਹੁਸੈਨ ਨੇ ਲਾਹੌਰ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ, ਜਿਸ ਵਿਚ ਦਾਅਵਾ ਕੀਤਾ ਗਿਆ ਕਿ ਪੁਲਿਸ ਨੇ ਸ਼ੇਖੂਪੁਰਾ ਦੇ ਫਾਰੂਖਾਬਾਦ ਵਿਚ ਉਨ੍ਹਾਂ ਦੇ ਘਰ ‘ਤੇ ਛਾਪਾ ਮਾਰਿਆ ਅਤੇ ਉਨ੍ਹਾਂ ‘ਤੇ ਵਿਆਹ ਖਤਮ ਕਰਨ ਲਈ ਦਬਾਅ ਪਾਇਆ। ਲਾਹੌਰ ਹਾਈ ਕੋਰਟ ਦੇ ਜਸਟਿਸ ਫਾਰੂਕ ਹੈਦਰ ਨੇ ਪੁਲਿਸ ਨੂੰ ਜੋੜੇ ਨੂੰ ਤੰਗ-ਪ੍ਰੇਸ਼ਾਨ ਨਾ ਕਰਨ ਦਾ ਹੁਕਮ ਦਿੱਤਾ।
ਪੰਜਾਬ ਸਰਕਾਰ ਦੇ ਸੂਤਰ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ”ਅਦਾਲਤੀ ਹੁਕਮਾਂ ਦੀ ਪਾਲਣਾ ਕਰਨ ਦੀ ਬਜਾਏ ਪੰਜਾਬ ਪੁਲਿਸ ਨੇ ਜੋੜੇ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਸਰਬਜੀਤ ਕੌਰ ਨੂੰ ਲਾਹੌਰ ਦੇ ਦਾਰੁਲ ਅਮਾਨ (ਸਰਕਾਰੀ ਸ਼ੈਲਟਰ ਹੋਮ) ਭੇਜ ਦਿੱਤਾ।” ਉਨ੍ਹਾਂ ਕਿਹਾ ਕਿ ਅਧਿਕਾਰੀ ਸਰਬਜੀਤ ਕੌਰ ਨੂੰ ਡਿਪੋਰਟ ਕਰਨਾ ਚਾਹੁੰਦੇ ਹਨ, ਜਦੋਂ ਕਿ ਉਸ ਦਾ ਪਤੀ ਇਕ ਕੇਸ ਨੂੰ ਲੈ ਕੇ ਪੁਲਿਸ ਦੀ ਹਿਰਾਸਤ ਵਿਚ ਹੈ।
ਸੂਤਰ ਨੇ ਕਿਹਾ, ”ਅਧਿਕਾਰੀਆਂ ਨੇ ਪਹਿਲਾਂ ਵੀ ਸਰਬਜੀਤ ਕੌਰ ਨੂੰ ਡਿਪੋਰਟ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਵਾਹਗਾ-ਅਟਾਰੀ ਸਰਹੱਦ ਬੰਦ ਹੋਣ ਕਾਰਨ ਉਹ ਅਸਫਲ ਰਹੇ।” ਇਸ ਤੋਂ ਪਹਿਲਾਂ ਇਕ ਵੀਡੀਓ ਕਲਿੱਪ ਵਿਚ ਸਰਬਜੀਤ ਕੌਰ ਨੇ ਕਿਹਾ ਕਿ ਉਸ ਨੇ ਆਪਣਾ ਵੀਜ਼ਾ ਵਧਾਉਣ ਲਈ ਇਸਲਾਮਾਬਾਦ ਵਿਚ ਦੂਤਾਵਾਸ ਨਾਲ ਸੰਪਰਕ ਕੀਤਾ ਅਤੇ ਪਾਕਿਸਤਾਨੀ ਨਾਗਰਿਕਤਾ ਲਈ ਅਰਜ਼ੀ ਵੀ ਦਿੱਤੀ। ਕੌਰ ਨੇ ਕਿਹਾ, ”ਮੈਂ ਇਕ ਤਲਾਕਸ਼ੁਦਾ ਹਾਂ ਅਤੇ ਹੁਸੈਨ ਨਾਲ ਵਿਆਹ ਕਰਨਾ ਚਾਹੁੰਦੀ ਸੀ; ਇਸ ਲਈ, ਮੈਂ ਇਥੇ ਇਸੇ ਉਦੇਸ਼ ਲਈ ਆਈ ਸੀ।” ਨਿਕਾਹ ਤੋਂ ਪਹਿਲਾਂ ਸਰਬਜੀਤ ਕੌਰ ਨੂੰ ਮੁਸਲਿਮ ਨਾਂ ‘ਨੂਰ’ ਦਿੱਤਾ ਗਿਆ ਸੀ। ਉਸ ਨੇ ਕਿਹਾ, ”ਮੈਂ ਆਪਣੀ ਖੁਸ਼ੀ ਨਾਲ ਹੁਸੈਨ ਨਾਲ ਨਿਕਾਹ ਕੀਤਾ ਸੀ।”
ਪੰਜਾਬ ਅਸੈਂਬਲੀ ਦੇ ਸਾਬਕਾ ਮੈਂਬਰ ਮਹਿੰਦਰ ਪਾਲ ਸਿੰਘ ਨੇ ਲਾਹੌਰ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰਕੇ ਦੋਸ਼ ਲਗਾਇਆ ਸੀ ਕਿ ਇਸ ਗੱਲ ਦੀ ਸੰਭਾਵਨਾ ਹੈ ਕਿ ਸਰਬਜੀਤ ਕੌਰ ‘ਭਾਰਤੀ ਜਾਸੂਸ’ ਹੈ। ਉਸ ਨੇ ਕਿਹਾ, ”ਸਰਬਜੀਤ ਕੌਰ ਦੇ ਵੀਜ਼ੇ ਦੀ ਮਿਆਦ ਪੁੱਗਣ ਤੋਂ ਬਾਅਦ ਉਸ ਦਾ ਪਾਕਿਸਤਾਨ ਵਿਚ ਰਹਿਣਾ ਗੈਰ-ਕਾਨੂੰਨੀ ਹੈ ਕਿਉਂਕਿ ਇਹ ਮਾਮਲਾ ਪਾਕਿਸਤਾਨ ਦੀ ਕੌਮੀ ਸੁਰੱਖਿਆ ਨਾਲ ਜੁੜਿਆ ਹੋਇਆ ਹੈ।”