#PUNJAB

ਸਰਦੀ ਦਾ ਕਰੋਪ ਤੇ ਸਕੂਲੀ ਬੱਚਿਆਂ ਦੀਆਂ ਛੁੱਟੀਆਂ ਕਾਰਨ ਜਰਖੜ ਖੇਡਾਂ 2 ਹਫਤੇ ਲਈ ਮੁਲਤਵੀ

-ਫਰਵਰੀ ਮਹੀਨੇ ਹੋਣਗੀਆਂ ਹੁਣ ਜਰਖੜ ਖੇਡਾਂ
ਲੁਧਿਆਣਾ, 15 ਮਈ (ਪੰਜਾਬ ਮੇਲ)- ਪੰਜਾਬ ਦੀਆਂ 36ਵੀਆਂ ਮਾਡਰਨ ਪੇਂਡੂ ਮਿੰਨੀ ਓਲੰਪਿਕ ਜਰਖੜ ਖੇਡਾਂ ਜੋ 19 ਤੋਂ 21 ਜਨਵਰੀ ਤੱਕ ਹੋ ਰਹੀਆਂ ਸਨ, ਉਹ ਸਰਦੀ ਦੇ ਕਰੋਪ ਅਤੇ ਸਕੂਲੀ ਬੱਚਿਆਂ ਦੀਆਂ ਛੁੱਟੀਆਂ ਵਧਣ ਕਾਰਨ 2 ਹਫਤੇ ਲਈ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਹੁਣ ਇਹ ਖੇਡਾਂ ਫਰਵਰੀ ਦੇ ਪਹਿਲੇ ਜਾਂ ਦੂਜੇ ਹਫਤੇ ਹੋਣਗੀਆਂ। ਇਸ ਸਬੰਧੀ ਤਰੀਕਾਂ ਦਾ ਐਲਾਨ ਜਲਦੀ ਕਰ ਦਿੱਤਾ ਜਾਵੇਗਾ ।
ਜਰਖੜ ਖੇਡਾਂ ਸਬੰਧੀ ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰਸਟ ਜਰਖੜ ਦੀ ਜਰੂਰੀ ਮੀਟਿੰਗ ਚੇਅਰਮੈਨ ਨਰਿੰਦਰ ਪਾਲ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ, ਮੀਟਿੰਗ ਦੇ ਕਾਰਵਾਈ ਬਾਰੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਅਤੇ ਪ੍ਰਧਾਨ ਐਡਵੋਕੇਟ ਹਰਕਮਲ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਰਦੀ ਦਾ ਵੱਧ ਰਿਹਾ ਕਰੋਪ, ਸਕੂਲਾਂ ਦੇ ਵਿਚ ਬੱਚਿਆਂ ਦੀਆਂ 21 ਜਨਵਰੀ 2024 ਤੱਕ ਛੁੱਟੀਆਂ ਵੱਧਣ ਕਾਰਨ ਅਤੇ ਬੱਚਿਆਂ ਦੇ ਹੋ ਰਹੇ ਸਾਲਾਨਾ ਇਮਤਿਹਾਨ ਕਾਰਨ ਜਰਖੜ ਖੇਡਾਂ ਨੂੰ ਅੱਗੇ ਪਾਉਣਾ ਪਿਆ।  ਉਨ੍ਹਾਂ ਆਖਿਆ ਕੋਕਾ ਕੋਲਾ, ਏਵਨ ਸਾਈਕਲ ਅਤੇ ਹੋਰ ਕੰਪਨੀਆਂ ਵੱਲੋਂ ਜਰਖੜ ਖੇਡਾਂ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਖੇਡਾਂ ਵਿਚ ਨਾਇਬ ਸਿੰਘ ਗਰੇਵਾਲ ਜੋਧਾ ਓਪਨ ਕਬੱਡੀ ਕੱਪ, ਹਾਕੀ ਸੀਨੀਅਰ (ਮੁੰਡੇ-ਕੁੜੀਆਂ) ਹਾਕੀ ਸਬ ਜੂਨੀਅਰ ਮੁੰਡੇ, ਵਾਲੀਬਾਲ, ਗੱਦੇ ਵਾਲੀਆਂ  ਕੁਸ਼ਤੀਆਂ, ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਦੀਆਂ ਖੇਡਾਂ ਫੁੱਟਬਾਲ, ਕਬੱਡੀ ਤੋਂ ਇਲਾਵਾ ਸੀਨੀਅਰ ਸੈਕੰਡਰੀ ਸਕੂਲਾਂ ਦੇ ਬੱਚਿਆਂ ਦੀਆਂ ਖੇਡਾਂ ਰੱਸਾਕਸੀ, ਕਬੱਡੀ ਨੈਸ਼ਨਲ ਸਟਾਈਲ, ਵਾਲੀਬਾਲ ਆਦਿ ਹੋਰ ਖੇਡਾਂ ਦੇ ਮੁਕਾਬਲੇ ਹੋਣਗੇ, ਜੋ ਕਿ ਫਰਵਰੀ ਮਹੀਨੇ ਤਰੀਕਾਂ ਨਿਰਧਾਰਤ ਹੋਣ ਤੋਂ ਬਾਅਦ ਸਾਰੇ ਮੁਕਾਬਲਿਆਂ ਦੇ ਰੂਪ ਰੇਖਾ ਉਲੀਕੀ ਜਾਵੇਗੀ।
ਮੀਟਿੰਗ ਵਿਚ ਇੰਸਪੈਕਟਰ ਬਲਬੀਰ ਸਿੰਘ ਹੀਰ, ਸਰਪੰਚ ਬਲਵਿੰਦਰ ਸਿੰਘ ਮਹਿਮੂਦਪੁਰਾ, ਪਹਿਲਵਾਨ ਹਰਮੇਲ ਸਿੰਘ ਕਾਲਾ, ਸ਼ਿੰਗਾਰਾ ਸਿੰਘ ਜਰਖੜ, ਪਰਮਜੀਤ ਸਿੰਘ ਨੀਟੂ, ਦੁਪਿੰਦਰ ਸਿੰਘ ਡਿੰਪੀ, ਸਾਹਿਬਜੀਤ ਸਿੰਘ ਜਰਖੜ, ਗੁਰਸਤਿੰਦਰ ਸਿੰਘ ਪਰਗਟ, ਪਰਮਜੀਤ ਸਿੰਘ ਪੰਮਾ ਗਰੇਵਾਲ, ਗੁਰਤੇਜ ਸਿੰਘ ਬਾਕਸਿੰਗ ਕੋਚ, ਜਸਮੇਲ ਸਿੰਘ ਨੋਕਵਾਲ, ਤੇਜਿੰਦਰ ਸਿੰਘ ਜਰਖੜ, ਸੰਦੀਪ ਸਿੰਘ ਜਰਖੜ ਆਦਿ ਹੋਰ ਪ੍ਰਬੰਧਕ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।