#PUNJAB

ਸਰਕਾਰ ਭਾਸ਼ਾ ਐਕਟ ‘ਚ ਸੋਧ ਕਰਕੇ ਪੰਜਾਬੀ ਵਿਰੋਧੀ ਅਦਾਰਿਆਂ ‘ਤੇ ਨਕੇਲ ਕੱਸੇ:-ਕੇਂਦਰੀ ਪੰਜਾਬੀ ਲੇਖਕ ਸਭਾ

ਅੰਮ੍ਰਿਤਸਰ, 10 ਨਵੰਬਰ (ਹਰਦਮ ਮਾਨ/ਪੰਜਾਬ ਮੇਲ)- ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਵਲੋਂ ਬੀਤੇ ਦਿਨੀਂ ਰਾਮਪੁਰਾ ਫੂਲ ਵਿਖੇ ਇਕ ਨਿੱਜੀ ਸਕੂਲ ਵਲੋਂ ਵਿਦਿਆਰਥੀਆਂ ‘ਤੇ ਪੰਜਾਬੀ ਬੋਲਣ ਉੱਤੇ ਲਾਈ ਪਾਬੰਦੀ ਵਿਰੁੱਧ ਵਾਪਰੇ ਘਟਨਾਕ੍ਰਮ ਉਪਰ ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਵਲੋਂ ਆਪਣਾ ਪ੍ਰਤੀਕਰਮ ਜ਼ਾਹਰ ਕਰਦਿਆਂ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਸੁਸ਼ੀਲ ਦੁਸਾਂਝ ਅਤੇ ਸੀਨੀਅਰ ਮੀਤ ਪ੍ਰਧਾਨ ਡਾ. ਹਰਜਿੰਦਰ ਸਿੰਘ ਅਟਵਾਲ ਦੇ ਹਵਾਲੇ ਨਾਲ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਕਿਹਾ ਹੈ ਕਿ ਸਰਕਾਰਾਂ ਨਿੱਜੀ ਵਿਦਿਅਕ ਅਦਾਰਿਆਂ ਤੋਂ ਪਹਿਲਾਂ ਤਾਂ ਫੰਡਾਂ ਦੇ ਰੂਪ ਵਿਚ ਮੋਟੀਆਂ ਰਕਮਾਂ ਵਸੂਲ ਕਰਦੀਆਂ ਹਨ ਤੇ ਬਾਅਦ ਵਿਚ ਉਨ੍ਹਾਂ ਨੂੰ ਮਨਮਰਜ਼ੀ ਕਰਨ ਲਈ ਛੱਡ ਦਿੰਦੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਰਾਜ ਭਾਸ਼ਾ ਐਕਟ 2008 ਵਿਚ ਸੋਧ ਕਰਕੇ ਚੋਰ ਮੋਰੀਆਂ ਬੰਦ ਕਰਨੀਆਂ ਚਾਹੀਦੀਆਂ ਹਨ, ਤਾਂ ਜੋ ਨਿਰੋਲ ਭਾਸ਼ਾ ਦੇ ਆਧਾਰ ਉੱਤੇ ਕਾਇਮ ਹੋਏ ਇਸ ਸੂਬੇ ਅੰਦਰ ਮਾਤ ਭਾਸ਼ਾ ਪੰਜਾਬੀ ਨੂੰ ਢਾਹ ਲਾਉਣ ਵਾਲੀਆਂ ਅਜਿਹੀਆਂ ਕਾਰਵਾਈਆਂ ਅਤੇ ਪੰਜਾਬੀ ਵਿਚ ਕੰਮ ਨਾ ਕਰਨ ਵਾਲੀ ਅਫਸਰਸ਼ਾਹੀ ਵਿਰੁੱਧ ਸਜ਼ਾ ਦੀ ਵਿਵਸਥਾ ਹੋਵੇ।
ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨਿਕ ਢਿੱਲ ਕਰਕੇ ਹੀ ਰਾਜ ਅੰਦਰਲੇ ਨਿੱਜੀ ਵਿਦਿਅਕ ਅਦਾਰੇ ਕੇਂਦਰੀ ਸਿੱਖਿਆ ਬੋਰਡ ਦੀਆਂ ਖੇਤਰੀ ਭਾਸ਼ਾਵਾਂ ਪ੍ਰਤੀ ਜਾਰੀ ਹਦਾਇਤਾਂ ਨਜ਼ਰਅੰਦਾਜ਼ ਕਰਦਿਆਂ ਬੱਚਿਆਂ ਨੂੰ ਮਾਤ ਭਾਸ਼ਾ ਤੋਂ ਦੂਰ ਕਰ ਕੇ ਕਾਨੂੰਨੀ ਅਪਰਾਧ ਕਰਦੇ ਹਨ। ਉਨ੍ਹਾਂ ਰਾਜ ਅੰਦਰਲੇ ਸਰਕਾਰੀ ਅਤੇ ਅਰਧ ਸਰਕਾਰੀ ਸਕੂਲਾਂ ਕਾਲਜਾਂ ਵਿਚ ਹੋ ਰਹੀ ਪੜ੍ਹਾਈ ‘ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਸਰਕਾਰ ਨੂੰ ਸਕੂਲ ਕਾਲਜਾਂ ਵਿਚ ਪਹਿਲ ਦੇ ਆਧਾਰ ‘ਤੇ ਅਧਿਆਪਕਾਂ ਦੀ ਪੱਕੀ ਭਰਤੀ ਕਰਕੇ ਸੂਬੇ ਅੰਦਰ ਵੱਧ ਤੋਂ ਵੱਧ ਰੁਜ਼ਗਾਰ ਦੇ ਵਸੀਲੇ ਪੈਦਾ ਕਰਨੇ ਚਾਹੀਦੇ ਹਨ, ਤਾਂ ਜੋ ਅਜੋਕੀ ਨੌਜਵਾਨ ਪੀੜ੍ਹੀ ਆਪਣੀ ਜ਼ੁਬਾਨ ਅਤੇ ਜ਼ਮੀਨ ਨਾਲ ਜੁੜੀ ਰਹੇ।
ਕੇਂਦਰੀ ਸਭਾ ਦੇ ਅਹੁਦੇਦਾਰ ਸੁਰਿੰਦਰਪ੍ਰੀਤ ਘਣੀਆਂ, ਸ਼ੈਲਿੰਦਰਜੀਤ ਰਾਜਨ, ਮਨਜੀਤ ਇੰਦਰਾ, ਭੁਪਿੰਦਰ ਕੌਰ ਪ੍ਰੀਤ, ਬਲਵਿੰਦਰ ਸੰਧੂ, ਦਲਜੀਤ ਸਿੰਘ ਸ਼ਾਹੀ, ਮੂਲ ਚੰਦ ਸ਼ਰਮਾ ,ਰਜਿੰਦਰ ਸਿੰਘ ਰਾਜਨ, ਮੱਖਣ ਕੁਹਾੜ ਅਤੇ ਡਾ. ਕਰਮਜੀਤ ਸਿੰਘ ਨੇ ਵੀ ਸਕੂਲਾਂ ਵਿਚ ਪੰਜਾਬੀ ਭਾਸ਼ਾ ਦੀ ਦਿਨ-ਬ-ਦਿਨ ਨਿੱਘਰ ਰਹੀ ਸਥਿਤੀ ਉਪਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਪੰਜਾਬ ਵਿਚ ਮਾਡਲ ਸਕੂਲਾਂ ਦੇ ਪ੍ਰਬੰਧਕਾਂ ਵਲੋਂ ਬੱਚਿਆਂ ਦੇ ਮਾਪਿਆਂ ਨੂੰ ਵਿਦੇਸ਼ੀਂ ਭਾਸ਼ਾ ਦੀ ਚਕਾਚੌਂਧ ਵਿਚ ਉਲਝਾ ਕੇ ਉਨ੍ਹਾਂ ਕੋਲੋਂ ਫੀਸਾਂ ਅਤੇ ਫੰਡਾਂ ਦੇ ਰੂਪ ਵਿਚ ਅਣਗਿਣਤ ਰਕਮਾਂ ਵਸੂਲੀਆਂ ਜਾਂਦੀਆਂ ਹਨ। ਬੱਚਿਆਂ ਨੂੰ ਪੰਜਾਬੀ ਬੋਲਣ ‘ਤੇ ਜੁਰਮਾਨਾ ਵੀ ਲਾਇਆ ਜਾਂਦਾ ਹੈ। ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਕਿ ਰਾਜ ਅੰਦਰਲੇ ਸਕੂਲਾਂ ਵਿਚ ਪੰਜਾਬੀ ਇਕ ਵਿਸ਼ੇ ਵਜੋਂ ਨਹੀਂ, ਬਲਕਿ ਮਾਧਿਅਮ ਦੇ ਤੌਰ ‘ਤੇ ਪੜ੍ਹਾਈ ਜਾਵੇ, ਤਾਂ ਜੋ ਰਾਮਪੁਰਾ ਫੂਲ ਵਰਗੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।
ਇਸ ਮੌਕੇ ਗੁਰਭੇਜ ਸਿੰਘ ਗੁਰਾਇਆ, ਡਾ. ਉਮਿੰਦਰ ਜੌਹਲ, ਡਾ. ਸ਼ਿੰਦਰਪਾਲ ਸਿੰਘ, ਪਰਮਜੀਤ ਸਿੰਘ ਬਾਠ, ਮਨਜੀਤ ਸਿੰਘ ਵਸੀ, ਹਰਪਾਲ ਨਾਗਰਾ, ਗੁਰਪ੍ਰੀਤ ਸਿੰਘ ਰੰਗੀਲਪੁਰ, ਗੁਰਮੀਤ ਬਾਜਵਾ, ਦੀਪਕ ਸ਼ਰਮਾ ਚਨਾਰਥਲ, ਬਲਵਿੰਦਰ ਸੰਧੂ, ਅਮਰਜੀਤ ਸਿੰਘ ਜੀਤ, ਗੁਰਬਿੰਦਰ ਸਿੰਘ ਮਾਣਕ, ਡਾ. ਹਰਪ੍ਰੀਤ ਸਿੰਘ ਰਾਣਾ, ਯਤਿੰਦਰ ਕੌਰ ਮਾਹਲ, ਜਸਵੰਤ ਰਾਏ, ਜਸਵੀਰ ਰਾਣਾ, ਮਨਜਿੰਦਰ ਧਨੋਆ, ਗੁਰਮੀਤ ਸਿੰਘ ਸਰਾਂ, ਰਿਸ਼ੀ ਹਿਰਦੇ ਪਾਲ, ਸੁਰਿੰਦਰਜੀਤ ਚੌਹਾਨ, ਡਾ. ਦੇਵਿੰਦਰ ਸੈਫੀ, ਗੁਰਸੇਵਕ ਸਿੰਘ ਢਿੱਲੋਂ, ਸੰਪੂਰਨ ਟੱਲੇਵਾਲੀਆ, ਤੇਜਾ ਸਿੰਘ ਤਿਲਕ, ਸੁਰਿੰਦਰ ਸਿੰਘ ਖੀਵਾ, ਮਦਨ ਵੀਰਾ, ਵਿਸ਼ਾਲ, ਅਨਿਲ ਫਤਿਹਗੜ੍ਹ ਜੱਟਾਂ ਅਤੇ ਐੱਸ. ਨਸੀਮ ਨੇ ਵੀ ਪੰਜਾਬੀ ਦੇ ਹੱਕ ਵਿਚ ਗੱਲ ਕੀਤੀ।