#AMERICA

ਸਰਕਾਰੀ ਸਾਫਟਵੇਅਰ ਤੇ ਸੰਵੇਦਣਸ਼ੀਲ ਡਾਟਾਬੇਸ ਚੋਰੀ ਕਰਨ ਦੇ ਮਾਮਲੇ ‘ਚ 2 ਭਾਰਤੀਆਂ ਨੂੰ ਸੁਣਾਈ ਸਜ਼ਾ

ਸੈਕਰਾਮੈਂਟੋ, 3 ਫਰਵਰੀ (ਹੁਸਨ ਲੜਆ ਬੰਗਾ/ਪੰਜਾਬ ਮੇਲ)- ਇਕ ਅਦਾਲਤ ਵੱਲੋਂ ਯੂ.ਐੱਸ. ਸਰਕਾਰ ਦੀ ਮਾਲਕੀ ਵਾਲੇ ਸਾਫਟਵੇਅਰ ਤੇ ਲਾਅ ਇਨਫੋਰਸਮੈਂਟ ਦੇ ਸੰਵੇਦਣਸ਼ੀਲ ਡੈਟਾਬੇਸ ਚੋਰੀ ਕਰਨ ਦੇ ਮਾਮਲੇ ਵਿਚ ਨਿਭਾਈ ਭੂਮਿਕਾ ਲਈ 2 ਭਾਰਤੀ ਸਾਬਕਾ ਸੰਘੀ ਮੁਲਾਜ਼ਮਾਂ ਨੂੰ ਸਜ਼ਾ ਸੁਣਾਏ ਜਾਣ ਦੀ ਖਬਰ ਹੈ। ਭਾਰਤੀ ਸੋਨਲ ਪਟੇਲ (49) ਜੋ ਹੋਮਲੈਂਡ ਸਕਿਉਰਿਟੀ ਵਿਭਾਗ (ਡੀ.ਐੱਚ.ਐੱਸ.-ਓ.ਆਈ.ਜੀ.) ਦੇ ਇਨਫਾਰਮੇਸ਼ਨ ਟੈਕਨਾਲੋਜੀ ਵਿਭਾਗ ਵਿਚ ਨੌਕਰੀ ਕਰਦਾ ਸੀ, ਨੂੰ ਦੋ ਸਾਲ ਦੀ ਪ੍ਰੋਬੇਸ਼ਨ ਸਜ਼ਾ ਸੁਣਾਈ ਗਈ ਹੈ ਤੇ 40000 ਡਾਲਰ ਦਾ ਜੁਰਮਾਨਾ ਕੀਤਾ ਗਿਆ ਹੈ। ਇਕ ਸਾਲ ਉਸ ਨੂੰ ਘਰ ਵਿਚ ਕੈਦ ਰਹਿਣਾ ਪਵੇਗਾ। ਪਟੇਲ ਨੇ ਸਰਕਾਰੀ ਜਾਇਦਾਦ ਚੋਰੀ ਕਰਨ ਦਾ ਆਪਣਾ ਗੁਨਾਹ ਕਬੂਲ ਕਰ ਲਿਆ ਸੀ। ਦੂਸਰੇ ਭਾਰਤੀ ਮੁਰਾਲੀ ਵਾਈ ਵੈਂਕਟਾ (58) ਜੋ ਹੋਮਲੈਂਡ ਸਕਿਉਰਿਟੀ ਦੀ ਇਨਫਰਮੇਸ਼ਨ ਟੈਕਨਾਲੋਜੀ ਡਵੀਜ਼ਨ ਦਾ ਸਾਬਕਾ ਬਰਾਂਚ ਮੁਖੀ ਹੈ, ਨੂੰ 4 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ਰਿਹਾਈ ਉਪਰੰਤ 2 ਸਾਲ ਉਸ ਨੂੰ ਨਿਗਰਾਨੀ ਵਿਚ ਰੱਖਿਆ ਜਾਵੇਗਾ, ਜਿਸ ਦੌਰਾਨ 8 ਮਹੀਨੇ ਘਰ ਵਿਚ ਕੈਦ ਰਹਿਣਾ ਪਵੇਗਾ। ਇਸ ਤੋਂ ਇਲਾਵਾ 60 ਘੰਟੇ ਲੋਕ ਸੇਵਾ ਕਰਨੀ ਪਵੇਗੀ।