#PUNJAB

ਸਰਕਾਰੀ ਗ੍ਰਾਂਟ ਨਾ ਮਿਲਣ ਕਾਰਨ ਸ਼੍ਰੋਮਣੀ ਕਮੇਟੀ ਨੂੰ ਝੱਲਣਾ ਪੈ ਰਿਹੈ ਵਾਧੂ ਬੋਝ

ਅੰਮ੍ਰਿਤਸਰ, 11 ਨਵੰਬਰ (ਪੰਜਾਬ ਮੇਲ)- ਸ਼੍ਰੋਮਣੀ ਕਮੇਟੀ ਵੱਲੋਂ ਚਲਾਈਆਂ ਜਾ ਰਹੀਆਂ ਵਿਦਿਅਕ ਸੰਸਥਾਵਾਂ ਨੂੰ ਸਰਕਾਰ ਵੱਲੋਂ ਲੋੜੀਂਦੀ ਗਰਾਂਟ ਨਾ ਮਿਲਣ ਕਾਰਨ ਸਿੱਖ ਸੰਸਥਾ ਨੂੰ ਵਾਧੂ ਵਿੱਤੀ ਬੋਝ ਸਹਿਣਾ ਪੈ ਰਿਹਾ ਹੈ। ਇਸ ਸਹਾਇਤਾ ਰਾਸ਼ੀ ਵਿਚ ਐੱਸ.ਸੀ., ਐੱਸ.ਟੀ. ਸਕਾਲਰਸ਼ਿਪ ਦੀ ਗਰਾਂਟ ਵੀ ਸ਼ਾਮਲ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸੂਬਾ ਸਰਕਾਰ ਦੇ ਅਜਿਹੇ ਰਵੱਈਏ ਕਾਰਨ ਸ਼੍ਰੋਮਣੀ ਕਮੇਟੀ ਵਾਧੂ ਵਿੱਤੀ ਬੋਝ ਝੱਲ ਰਹੀ ਹੈ। ਸਰਕਾਰ ਵੱਲੋਂ ਸਿੱਖ ਸੰਸਥਾ ਦੀਆਂ ਸਿੱਖਿਆ ਸੰਸਥਾਵਾਂ ਨੂੰ ਘੱਟੋ ਘੱਟ 50 ਕਰੋੜ ਰੁਪਏ ਦੀ ਗ੍ਰਾਂਟ ਦਾ ਭੁਗਤਾਨ ਕਰਨਾ ਬਾਕੀ ਹੈ। ਉਨ੍ਹਾਂ ਕਿਹਾ ਕਿ ਪੋਸਟ ਮੈਟਰਿਕ ਸਕਾਲਰਸ਼ਿਪ ਤਹਤਿ ਅਨੁਸੂਚਤਿ ਜਾਤੀਆਂ, ਅਨੁਸੂਚਤਿ ਕਬੀਲਿਆਂ ਅਤੇ ਹੋਰ ਪੱਛੜੀਆਂ ਸ਼੍ਰੋਮਣੀਆਂ ਦੇ ਵਜ਼ੀਫੇ ਦੀ ਗਰਾਂਟ, ਜੋ ਕਈ ਕਰੋੜ ਰੁਪਏ ਬਣਦੀ ਹੈ, ਦੀ ਵੀ ਉਡੀਕ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸਿੱਖਿਆ ਸੰਸਥਾਵਾਂ ਵਿਚ ਸਰਕਾਰ ਦੀਆਂ ਮਾਨਤਾ ਪ੍ਰਾਪਤ ਅਸਾਮੀਆਂ ਦੀਆਂ ਤਨਖਾਹਾਂ ਲਈ ਬਣਦਾ ਆਪਣੇ ਹਿੱਸੇ ਦਾ ਭੁਗਤਾਨ ਨਹੀਂ ਕੀਤਾ ਜਾ ਰਿਹਾ। ਇਸ ਕਾਰਨ ਇਸ ਵਰ੍ਹੇ ਗੁਰੂ ਦੀ ਗੋਲਕ ‘ਤੇ ਲਗਪਗ 29.88 ਕਰੋੜ ਰੁਪਏ ਦਾ ਵਾਧੂ ਬੋਝ ਪਵੇਗਾ। ਪਿਛਲੇ ਸਾਲ ਵੀ ਵਿਦਿਅਕ ਸੰਸਥਾਵਾਂ ਨੂੰ ਚਲਾਉਣ ਲਈ ਲਗਪਗ 37 ਕਰੋੜ ਰੁਪਏ ਵਾਧੂ ਖਰਚ ਕਰਨੇ ਪਏ ਸਨ। ਸ਼੍ਰੋਮਣੀ ਕਮੇਟੀ ਵੱਲੋਂ ਆਪਣੀਆਂ ਵਿਦਿਅਕ ਸੰਸਥਾਵਾਂ ਵਿਚ ਅੰਮ੍ਰਿਤਧਾਰੀ ਵਿਦਿਆਰਥੀਆਂ ਨੂੰ ਆਪਣੇ ਪੱਧਰ ‘ਤੇ ਵਜ਼ੀਫ਼ੇ ਦਿੱਤੇ ਜਾਂਦੇ ਹਨ। ਇਸ ਲਈ ਇਸ ਵਾਰ ਦੇ ਬਜਟ ਵਿਚ ਸਿੱਖ ਸੰਸਥਾ ਵੱਲੋਂ 21.81 ਕਰੋੜ ਰੁਪਏ ਦਾ ਫੰਡ ਰਾਖਵਾਂ ਰੱਖਿਆ ਗਿਆ। ਸ਼੍ਰੋਮਣੀ ਕਮੇਟੀ ਦੇ ਹਾਲ ਹੀ ਵਿਚ ਹੋਏ ਜਨਰਲ ਇਜਲਾਸ ਦੌਰਾਨ ਵੀ ਐੱਸ.ਸੀ., ਐੱਸ.ਟੀ. ਪੋਸਟ ਮੈਟਰਿਕ ਸਕਾਲਰਸ਼ਿਪ ਦੀ ਰਕਮ ਅਤੇ ਭੁਗਤਾਨ ਬਾਰੇ ਮਤਾ ਪਾਸ ਕਰਕੇ ਸਰਕਾਰ ਨੂੰ ਅਪੀਲ ਕੀਤੀ ਗਈ ਹੈ।