ਕੇਪ ਕੈਨੇਵਰਲ, 17 ਮਾਰਚ (ਪੰਜਾਬ ਮੇਲ)- ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਲੰਬੇ ਸਮੇਂ ਤੋਂ ਫਸੇ ਪੁਲਾੜ ਯਾਤਰੀਆਂ ਬੁੱਚ ਵਿਲਮੋਰ ਅਤੇ ਸੁਨੀਤਾ ਵਿਲੀਅਮਜ਼ ਦੀ ਥਾਂ ਲੈਣ ਲਈ ਰਵਾਨਾ ਕੀਤਾ ਗਿਆ ਸਪੇਸਐਕਸ ਦਾ ਪੁਲਾੜ ਯਾਨ ਐਤਵਾਰ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ‘ਤੇ ਪਹੁੰਚ ਗਿਆ। ਇਸ ਨਾਲ ਵਿਲੀਅਮਜ਼ ਅਤੇ ਵਿਲਮੋਰ ਦੀ ਵਾਪਸੀ ਦਾ ਰਸਤਾ ਸਾਫ਼ ਹੋ ਗਿਆ। ਵਿਲਮੋਰ ਨੇ ਐਤਵਾਰ ਨੂੰ ਪੁਲਾੜ ਸਟੇਸ਼ਨ ਦਾ ਹੈਚ ਖੋਲ੍ਹਿਆ ਅਤੇ ਚਾਰ ਨਵੇਂ ਪੁਲਾੜ ਯਾਤਰੀ ਇੱਕ-ਇੱਕ ਕਰਕੇ ਅੰਦਰ ਦਾਖਲ ਹੋਏ। ਪੁਲਾੜ ਵਿਚ ਪਹਿਲਾਂ ਤੋਂ ਹੀ ਮੌਜੂਦ ਪੁਲਾੜ ਯਾਤਰੀਆਂ ਨੇ ਆਪਣੇ ਨਵੇਂ ਸਾਥੀਆਂ ਦਾ ਜੱਫੀ ਪਾ ਕੇ ਅਤੇ ਹੱਥ ਮਿਲਾ ਕੇ ਸਵਾਗਤ ਕੀਤਾ। ਵਿਲੀਅਮਜ਼ ਨੇ ਮਿਸ਼ਨ ਕੰਟਰੋਲ ਨੂੰ ਦੱਸਿਆ, ”ਇਹ ਬਹੁਤ ਵਧੀਆ ਦਿਨ ਸੀ। ਇੱਥੇ ਆਪਣੇ ਦੋਸਤਾਂ ਨੂੰ ਦੇਖ ਕੇ ਬਹੁਤ ਵਧੀਆ ਲੱਗਾ।” ਇਸ ਮੁਲਾਕਾਤ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ।
ਫਾਲਕਨ-9 ਰਾਕੇਟ ਰਾਹੀਂ ਕਰੂ ਡਰੈਗਨ ਪੁਲਾੜ ਯਾਨ ਸਥਾਨਕ ਸਮੇਂ ਅਨੁਸਾਰ ਸਵੇਰੇ 9:40 ਵਜੇ ਆਈ.ਐੱਸ.ਐੱਸ. ‘ਤੇ ਪਹੁੰਚਿਆ। ਸੰਯੁਕਤ ਰਾਜ ਅਮਰੀਕਾ, ਜਾਪਾਨ ਅਤੇ ਰੂਸ ਦੀ ਨੁਮਾਇੰਦਗੀ ਕਰਦੇ ਹੋਏ ਚਾਰ ਨਵੇਂ ਪੁਲਾੜ ਯਾਤਰੀ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ‘ਤੇ ਪਹੁੰਚ ਗਏ ਹਨ। ਉਹ ਕੁਝ ਦਿਨ ਵਿਲੀਅਮਜ਼ ਅਤੇ ਵਿਲਮੋਰ ਤੋਂ ਸਟੇਸ਼ਨ ਬਾਰੇ ਜਾਣਕਾਰੀ ਪ੍ਰਾਪਤ ਕਰਨ ਵਿਚ ਬਿਤਾਉਣਗੇ। ਮੰਨਿਆ ਜਾ ਰਿਹਾ ਹੈ ਕਿ ਜੇਕਰ ਮੌਸਮ ਅਨੁਕੂਲ ਰਿਹਾ ਤਾਂ ਦੋਵੇਂ ਫਸੇ ਹੋਏ ਪੁਲਾੜ ਯਾਤਰੀਆਂ ਨੂੰ ਅਗਲੇ ਹਫ਼ਤੇ ਫਲੋਰੀਡਾ ਦੇ ਤੱਟ ਦੇ ਨੇੜੇ ਪਾਣੀਆਂ ਵਿਚ ਉਤਾਰਿਆ ਜਾਵੇਗਾ। ਵਿਲਮੋਰ ਅਤੇ ਵਿਲੀਅਮਜ਼ ਨੇ 5 ਜੂਨ ਨੂੰ ਬੋਇੰਗ ਦੇ ਨਵੇਂ ਸਟਾਰਲਾਈਨਰ ਕੈਪਸੂਲ ‘ਤੇ ਕੇਪ ਕੈਨੇਵਰਲ ਤੋਂ ਉਡਾਣ ਭਰੀ। ਉਹ ਦੋਵੇਂ ਸਿਰਫ਼ ਇੱਕ ਹਫ਼ਤੇ ਲਈ ਗਏ ਸਨ ਪਰ ਪੁਲਾੜ ਯਾਨ ਤੋਂ ਹੀਲੀਅਮ ਦੇ ਲੀਕ ਹੋਣ ਅਤੇ ਗਤੀ ਘਟਣ ਕਾਰਨ, ਉਹ ਲਗਭਗ ਨੌਂ ਮਹੀਨਿਆਂ ਤੋਂ ਪੁਲਾੜ ਸਟੇਸ਼ਨ ਵਿਚ ਫਸੇ ਹੋਏ ਹਨ।
ਅਮਰੀਕੀ ਪੁਲਾੜ ਏਜੰਸੀ ਦੇ ਕੈਨੇਡੀ ਸਪੇਸ ਸੈਂਟਰ ਤੋਂ ਲਾਂਚ ਕਰਨ ਵਾਲੀ ਪੁਲਾੜ ਯਾਤਰੀਆਂ ਦੀ ਨਵੀਂ ਟੀਮ ਵਿਚ ਨਾਸਾ ਤੋਂ ਐਨੀ ਮੈਕਲੇਨ ਅਤੇ ਨਿਕੋਲ ਆਇਰਸ ਸ਼ਾਮਲ ਹਨ। ਉਹ ਦੋਵੇਂ ਫੌਜੀ ਪਾਇਲਟ ਹਨ। ਇਨ੍ਹਾਂ ਤੋਂ ਇਲਾਵਾ, ਜਾਪਾਨ ਦੇ ਤਾਕੁਯਾ ਓਨਿਸ਼ੀ ਅਤੇ ਰੂਸ ਦੇ ਕਿਰਿਲ ਪੇਸਕੋਵ ਵੀ ਚਲੇ ਗਏ ਹਨ ਅਤੇ ਦੋਵੇਂ ਹਵਾਬਾਜ਼ੀ ਕੰਪਨੀਆਂ ਦੇ ਸਾਬਕਾ ਪਾਇਲਟ ਹਨ। ਵਿਲਮੋਰ ਅਤੇ ਵਿਲੀਅਮਜ਼ ਦੇ ਧਰਤੀ ਲਈ ਰਵਾਨਾ ਹੋਣ ਤੋਂ ਬਾਅਦ ਇਹ ਚਾਰੇ ਅਗਲੇ ਛੇ ਮਹੀਨੇ ਪੁਲਾੜ ਸਟੇਸ਼ਨ ‘ਤੇ ਬਿਤਾਉਣਗੇ, ਜਿਸ ਨੂੰ ਇੱਕ ਆਮ ਸਮਾਂ ਮੰਨਿਆ ਜਾਂਦਾ ਹੈ।
ਸਪੇਸ ‘ਚ ਸੁਨੀਤਾ ਤੇ ਵਿਲਮੋਰ ਵੱਲੋਂ ਨਵੇਂ ਚਾਲਕ ਦਲ ਦਾ ਸਵਾਗਤ
