#AMERICA

‘ਸਪੇਸਸੂਟ’ ਤੋਂ ਪਾਣੀ ਲੀਕ ਹੋਣ ਤੋਂ ਬਾਅਦ ਨਾਸਾ ਵੱਲੋਂ ਪੁਲਾੜ ‘ਚ ਚਹਿਲਕਦਮੀ ਦੀ ਯੋਜਨਾ ਰੱਦ

ਵਾਸ਼ਿੰਗਟਨ, 25 ਜੂਨ (ਪੰਜਾਬ ਮੇਲ)- ਅਮਰੀਕੀ ਪੁਲਾੜ ਏਜੰਸੀ ‘ਨੈਸ਼ਨਲ ਏਰੋਨਾਟਿਕਸ ਐਂਡ ਸਪੇਸ ਐਡਮਨਿਸਟ੍ਰੇਸ਼ਨ’ (ਨਾਸਾ) ਨੇ ਇਕ ਪੁਲਾੜ ਯਾਤਰੀ ਦੇ ‘ਸਪੇਸਸੂਟ’ ਤੋਂ ਪਾਣੀ ਲੀਕ ਹੋਣ ਤੋਂ ਬਾਅਦ ‘ਅੰਤਰਰਾਸ਼ਟਰੀ ਪੁਲਾੜ ਸਟੇਸ਼ਨ’ ‘ਤੇ ਪੁਲਾੜ ‘ਚ ਚਹਿਲਕਦਮੀ ਦੀ ਯੋਜਨਾ ਰੱਦ ਕਰ ਦਿੱਤੀ ਗਈ। ‘ਸਪੇਸਸੂਟ’ ਪੁਲਾੜ ‘ਚ ਪੁਲਾੜ ਯਾਤਰੀਆਂ ਦੁਆਰਾ ਪਹਿਨਿਆ ਜਾਣ ਵਾਲਾ ਇਕ ਵਿਸ਼ੇਸ਼ ਸੂਟ ਹੈ। ਪੁਲਾੜ ਯਾਤਰੀ ਟਰੇਸੀ ਡਾਇਸਨ ਅਤੇ ਮਾਈਕ ਬੈਰੇਟ ਨੇ ਸਪੇਸ ਸਟੇਸ਼ਨ ਦੇ ‘ਏਅਰਲਾਕ’ ਹੈਚ ਨੂੰ ਖੋਲ੍ਹਿਆ, ਉਦੋਂ ਡਾਇਸਨ ਨੇ ਆਪਣੇ ਸਪੇਸ ਸੂਟ ਦੇ ਕੂਲਿੰਗ ਸਿਸਟਮ ਤੋਂ ਪਾਣੀ ਦੇ ਲੀਕ ਹੋਣ ਦੀ ਰਿਪੋਰਟ ਕੀਤੀ, ਜਿਸ ਨਾਲ ਸਪੇਸਵਾਕ ਰੱਦ ਕਰ ਦਿੱਤੀ ਗਈ।
ਬੈਰੇਟ ਨੇ ਕਿਹਾ, ”ਇੱਥੇ ਹੁਣ ਹਰ ਜਗ੍ਹਾ ਪਾਣੀ ਹੈ।” ਨਾਸਾ ਨੇ ਦੱਸਿਆ ਕਿ ਦੋਵੇਂ ਪੁਲਾੜ ਯਾਤਰੀਆਂ ਨੂੰ ਕੋਈ ਖ਼ਤਰਾ ਨਹੀਂ ਹੈ। ਇਨ੍ਹਾਂ ਪੁਲਾੜ ਯਾਤਰੀਆਂ ਨੂੰ ਖ਼ਰਾਬ ਹੋ ਚੁੱਕੇ ਇਕ ਸੰਚਾਰ ਬਾਕਸ ਨੂੰ ਹਟਾਉਣਾ ਸੀ ਅਤੇ ਪੁਲਾੜ ‘ਚ ਘੁੰਮਦੀ ਪ੍ਰਯੋਗਸ਼ਾਲਾ ਦੇ ਬਾਹਰੋਂ ਤੋਂ ਸੂਖਮ ਜੀਵਾਂ ਦੇ ਨਮੂਨੇ ਇਕੱਠੇ ਕਰਨਾ ਸੀ। ਇਸ ਮਹੀਨੇ ਦੀ ਸ਼ੁਰੂਆਤ ‘ਚ ਵੀ ਇਕ ਪੁਲਾੜ ਯਾਤਰੀ ਨੂੰ ‘ਸਪੇਸਸੂਟ’ ‘ਚ ਅਸਹੂਲਤ ਹੋਣ ਤੋਂ ਬਾਅਦ ਪੁਲਾੜ ‘ਚ ਚਹਿਲਕਦਮੀ ਦੇ ਪ੍ਰੋਗਰਾਮ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ।