#PUNJAB

ਸਪੀਕਰ ਸਣੇ ਪੰਜਾਬ ਤੋਂ ਦੋ ਮੰਤਰੀਆਂ ਤੇ 17 ਵਿਧਾਇਕਾਂ ਨੇ ਕੀਤੇ ਕਰਤਾਰਪੁਰ ਸਾਹਿਬ ਦੇ ਦਰਸ਼ਨ

-ਕਰਤਾਰਪੁਰ ਸਾਹਿਬ ਨੇੜੇ ਨਹੀਂ ਹੋਈ ਕੋਈ ਪਾਰਟੀ: ਭਾਈ ਗੋਬਿੰਦ ਸਿੰਘ
ਡੇਰਾ ਬਾਬਾ ਨਾਨਕ, 20 ਨਵੰਬਰ (ਪੰਜਾਬ ਮੇਲ)- ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ, ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਸਣੇ ਦੋ ਕੈਬਿਨਟ ਮੰਤਰੀ 17 ਆਪ ਵਿਧਾਇਕ ਅਤੇ ਕਰੀਬ 500 ਲੋਕਾਂ ਦਾ ਇੱਕ ਜਥਾ ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਗਿਆ। ਇਸ ਮੌਕੇ ਡੇਰਾ ਬਾਬਾ ਨਾਨਕ ਲਾਂਘੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਬਾਰੇ ਵਿਧਾਨ ਸਭਾ ਦੇ ਪਹਿਲੇ ਸੈਸ਼ਨ ‘ਚ ਫੈਸਲਾ ਕੀਤਾ ਗਿਆ ਸੀ ਕਿ ਸਾਰੇ ਵਿਧਾਇਕ ਕਰਤਾਰਪੁਰ ਸਾਹਿਬ ਵਿਖੇ ਜਾਣਗੇ, ਜਿਸ ਤਹਿਤ ਅੱਜ ਉਨ੍ਹਾਂ ਸਣੇ ਦੋ ਮੰਤਰੀ ਅਤੇ 17 ਵਿਧਾਇਕ ਅਤੇ ਪੰਜਾਬ ਵਿਧਾਨ ਸਭ ਦੇ ਕੁਝ ਸਟਾਫ ਮੈਂਬਰ ਤੇ ਹੋਰ ਲੋਕ ਪਾਕਿਸਤਾਨ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ‘ਚ ਪੰਜਾਬ ਦੇ ਮੁੱਖ ਮੰਤਰੀ ਅਤੇ ਉਨ੍ਹਾਂ ਦਾ ਪਰਿਵਾਰ ਵੀ ਕਰਤਾਰਪੁਰ ਸਾਹਿਬ ਦਰਸ਼ਨਾਂ ਲਈ ਜਾਵੇਗਾ। ਇਸ ਦੌਰਾਨ ਉਨ੍ਹਾਂ ਕਿਹਾ ਸੀ ਕਿ ਉਹ ਕਰਤਾਰਪੁਰ ਸਾਹਿਬ ਨੇੜੇ ਹੋਈ ਵਿਸ਼ੇਸ਼ ਪਾਰਟੀ ਦਾ ਮਾਮਲਾ ਅੱਜ ਉਧਰ ਜਾ ਕੇ ਚੁੱਕਣਗੇ। ਅੱਜ ਦੇਰ ਸ਼ਾਮ ਨੂੰ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਗ੍ਰੰਥੀ ਸਿੰਘ ਭਾਈ ਗੋਬਿੰਦ ਸਿੰਘ ਨੇ ਇੱਕ ਸਾਂਝੀ ਵੀਡੀਓ ਜਾਰੀ ਕਰਕੇ ਇਨ੍ਹਾਂ ਸਾਰੀਆਂ ਖਬਰਾਂ ਦਾ ਖੰਡਨ ਕਰ ਦਿੱਤਾ ਹੈ, ਜਿਸ ਵਿਚ ਇਹ ਦੱਸਿਆ ਜਾ ਰਿਹਾ ਹੈ। ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਕੈਂਪਸ ‘ਚ ਕੋਈ ਨੱਚਣ ਗਾਉਣ ਵਾਲੀ ਪਾਰਟੀ ਹੋਈ ਹੈ। ਭਾਈ ਗੋਬਿੰਦ ਸਿੰਘ ਨੇ ਵੀਡੀਓ ‘ਚ ਸਪੱਸ਼ਟ ਕੀਤਾ ਹੈ। ਇਹ ਪਾਰਟੀ ਗੁਰਦੁਆਰਾ ਕਰਤਾਰਪੁਰ ਸਾਹਿਬ ਤੋਂ ਦੋ ਕਿਲੋਮੀਟਰ ਦੀ ਦੂਰੀ ‘ਤੇ ਹੋਈ ਹੈ। ਪੰਜਾਬ ਸਰਕਾਰ ਵਲੋਂ ਅੱਜ ਪਕਿਸਤਾਨ ਗਏ ਜਥੇ ਦੇ ਵਿਚ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ, ਕੈਬਨਿਟ ਮੰਤਰੀ ਚੇਤਨ ਸਿੰਘ ਜੋੜੇਮਾਜਰਾ ਸਣੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ 17 ਵਿਧਾਇਕ ਵੀ ਸਨ।