#PUNJAB

ਸਦੀ ਬੀਤਣ ਮਗਰੋਂ ਵੀ ਨਾ ਬਣ ਸਕੀ ਜੱਲ੍ਹਿਆਂਵਾਲਾ ਬਾਗ ਸਾਕਾ ਦੇ ਸ਼ਹੀਦਾਂ ਦੀ ਅਧਿਕਾਰਤ ਸੂਚੀ

– ਵੱਖ-ਵੱਖ ਜਥੇਬੰਦੀਆਂ ਕੋਲ ਸ਼ਹੀਦਾਂ ਦੀ ਗਿਣਤੀ ਸਬੰਧੀ ਵੱਖ-ਵੱਖ ਸੂਚੀਆਂ
– ਪਰਿਵਾਰਕ ਮੈਂਬਰਾਂ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ
ਅੰਮ੍ਰਿਤਸਰ, 15 ਅਪ੍ਰੈਲ (ਪੰਜਾਬ ਮੇਲ)- ਇਤਿਹਾਸਕ ਜੱਲ੍ਹਿਆਂਵਾਲਾ ਬਾਗ ‘ਚ 106 ਸਾਲ ਪਹਿਲਾਂ ਵਾਪਰੇ ਸਾਕੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਪਰ 106 ਸਾਲ ਬੀਤਣ ਮਗਰੋਂ ਵੀ ਇਥੇ ਸ਼ਹੀਦ ਹੋਏ ਲੋਕਾਂ ਦੀ ਮਾਰੇ ਗਏ ਵਿਅਕਤੀਆਂ ਦੀ ਅਧਿਕਾਰਤ ਸੂਚੀ ਹਾਲੇ ਤਿਆਰ ਨਹੀਂ ਹੋ ਸਕੀ ਹੈ।
ਦੱਸਣਯੋਗ ਹੈ ਕਿ ਇੱਕ ਸਦੀ ਪਹਿਲਾਂ ਹੋਏ ਇਸ ਸਾਕੇ ‘ਚ ਮਾਰੇ ਗਏ ਤੇ ਜ਼ਖ਼ਮੀ ਹੋਏ ਵਿਅਕਤੀਆਂ ਦੀ ਇੱਕ ਸੂਚੀ ਉਸ ਵੇਲੇ ਅੰਗਰੇਜ਼ੀ ਸ਼ਾਸਨ ਵੱਲੋਂ ਤਿਆਰ ਕੀਤੀ ਗਈ ਸੀ ਪਰ ਇਸ ‘ਚ ਕਈ ਖਾਮੀਆਂ ਸਨ। ਤਤਕਾਲੀ ਬਰਤਾਨਵੀ ਸਰਕਾਰ ਨੇ 1921 ‘ਚ 381 ਸ਼ਹੀਦਾਂ ਦੀ ਸੂਚੀ ਬਣਾਈ ਸੀ। ਇਸ ਮਗਰੋਂ 501 ਨਾਵਾਂ ਵਾਲੀ ਸੂਚੀ ਸਾਹਮਣੇ ਆਈ ਸੀ ਤੇ ਜਾਂਚ ਮਗਰੋਂ 492 ਨਾਵਾਂ ਦੀ ਸੂਚੀ ਬਣੀ ਸੀ। ਵੱਖ-ਵੱਖ ਜਥੇਬੰਦੀਆਂ ਕੋਲ ਸ਼ਹੀਦਾਂ ਦੀ ਗਿਣਤੀ ਸਬੰਧੀ ਵੱਖ-ਵੱਖ ਸੂਚੀਆਂ ਹਨ।
ਪੰਜਾਬ ਵਿਚ 2021 ‘ਚ ਕੈਪਟਨ ਸਰਕਾਰ ਵੇਲੇ ਗੁਰੂ ਨਾਨਕ ਦੇਵ ਯੂਨੀਵਰਸਿਟੀ (ਜੀ.ਐੱਨ.ਡੀ.ਯੂ.) ਨੂੰ ਸ਼ਹੀਦਾਂ ਦੀ ਸੂਚੀ ਤਿਆਰ ਕਰਨ ਦਾ ਜ਼ਿੰਮਾ ਦਿੱਤਾ ਗਿਆ ਸੀ। ਯੂਨੀਵਰਸਿਟੀ ‘ਚ ਇਸ ਖੋਜ ਕਾਰਜ ਸਬੰਧੀ ਜੱਲ੍ਹਿਆਂਵਾਲਾ ਬਾਗ ਚੇਅਰ ਵੀ ਸਥਾਪਤ ਕੀਤੀ ਗਈ ਸੀ। ਜੀ.ਐੱਨ.ਡੀ.ਯੂ. ਵਿਚ ਸਥਾਪਤ ਜੱਲ੍ਹਿਆਂਵਾਲਾ ਬਾਗ ਚੇਅਰ ਦੀ ਮੁਖੀ ਪ੍ਰੋਫੈਸਰ ਅਮਨਦੀਪ ਬੱਲ ਅਤੇ ਡਾਕਟਰ ਦਿਲਬਾਗ ਸਿੰਘ ਨੇ ਇਸ ਮਾਮਲੇ ‘ਚ ਅਪ੍ਰੈਲ 2024 ਵਿਚ ਆਪਣੀ ਖੋਜ ਮੁਕੰਮਲ ਕੀਤੀ ਸੀ, ਜਿਸ ਤਹਿਤ ਉਨ੍ਹਾਂ ਨੇ ਸ਼ਹੀਦਾਂ ਦੀ ਸੂਚੀ ਵਿਚ ਕੁਝ ਹੋਰ ਨਾਂਅ ਸ਼ਾਮਲ ਕੀਤੇ ਸਨ। ਉਨ੍ਹਾਂ ਕਿਹਾ ਕਿ ਸਰਕਾਰੀ ਸੂਚੀ ਮੁਤਾਬਕ ਸ਼ਹੀਦਾਂ ਦੀ ਗਿਣਤੀ 501 ਦੱਸੀ ਗਈ ਸੀ ਪਰ ਇਨ੍ਹਾਂ ‘ਚ ਕਈ ਥਾਵਾਂ ਖਾਲੀ ਹਨ ਤੇ ਕਈ ਨਾਮ ਦੁਹਰਾਏ ਗਏ ਹਨ। ਉਨ੍ਹਾਂ ਦੱਸਿਆ ਕਿ ਉਸ ਸੂਚੀ ‘ਚੋਂ 377 ਨਾਵਾਂ ਦੀ ਪੁਸ਼ਟੀ ਹੋਈ ਸੀ ਤੇ ਜਾਂਚ ਦੌਰਾਨ 57 ਹੋਰ ਸ਼ਹੀਦਾਂ ਦੇ ਨਾਂ ਸ਼ਾਮਲ ਹੋਏ ਹਨ। ਜੀ.ਐੱਨ.ਡੀ.ਯੂ. ਵੱਲੋਂ ਤਿਆਰ ਸੂਚੀ ‘ਚ ਇਸ ਵੇਲੇ 434 ਸ਼ਹੀਦਾਂ ਦੇ ਨਾਮ ਸ਼ਾਮਲ ਹਨ।
ਅੰਮ੍ਰਿਤਸਰ ਦੀ ਡੀ.ਸੀ. ਸਾਕਸ਼ੀ ਸਾਹਨੀ ਨੇ ਆਖਿਆ ਕਿ ਇਸ ਮਾਮਲੇ ‘ਚ ਉਨ੍ਹਾਂ ਵਧੇਰੇ ਜਾਣਕਾਰੀ ਨਹੀ ਹੈ। ਉਹ ਪਹਿਲਾਂ ਆਪਣੇ ਦਫ਼ਤਰ ‘ਚ ਉਪਲਬਧ ਜਾਣਕਾਰੀ ਨੂੰ ਦੇਖਣਗੇ ਤੇ ਯੂਨੀਵਰਸਿਟੀ ਵੱਲੋਂ ਕੀਤੀ ਗਈ ਖੋਜ ਬਾਰੇ ਵੀ ਦੇਖਣਗੇ।
ਸਾਬਕਾ ਸੰਸਦ ਮੈਂਬਰ ਅਤੇ ਜੱਲ੍ਹਿਆਂਵਾਲਾ ਬਾਗ ਕੌਮੀ ਯਾਦਗਾਰ ਟਰੱਸਟ ਦੇ ਮੈਂਬਰ ਤਰਲੋਚਨ ਸਿੰਘ ਨੇ ਕਿਹਾ ਕਿ ਹਾਲੇ ਤੱਕ ਸ਼ਹੀਦਾਂ ਦੀ ਅਧਿਕਾਰਤ ਸੂਚੀ ਪ੍ਰਕਾਸ਼ਿਤ ਨਾ ਕਰ ਸਕਣਾ ਪੰਜਾਬ ਸਰਕਾਰ ਦੀ ਅਸਫਲਤਾ ਹੈ। ਇਸ ਸਬੰਧੀ ਸਰਕਾਰ ਤੱਕ ਕਈ ਵਾਰ ਪਹੁੰਚ ਕਰਨ ਦੇ ਬਾਵਜੂਦ ਕੋਈ ਸਿੱਟਾ ਨਹੀਂ ਨਿਕਲਿਆ। ਉਨ੍ਹਾਂ ਕਿਹਾ ਕਿ ਜੱਲ੍ਹਿਆਂਵਾਲਾ ਬਾਗ ਵਿੱਚ ਯਾਤਰੂਆਂ ਵਾਸਤੇ ਸ਼ਹੀਦਾਂ ਦੀ ਅਧਿਕਾਰਤ ਸੂਚੀ ਹੋਣੀ ਚਾਹੀਦੀ ਹੈ।