#AMERICA

ਸਤੰਬਰ ਵੀਜ਼ਾ ਬੁਲੇਟਿਨ: ਈਬੀ-2 ਅਤੇ ਈਬੀ-5 ਸ਼੍ਰੇਣੀਆਂ ਬੰਦ

ਵਾਸ਼ਿੰਗਟਨ, 2 ਸਤੰਬਰ (ਪੰਜਾਬ ਮੇਲ)- ਅਮਰੀਕੀ ਵਿਦੇਸ਼ ਵਿਭਾਗ ਦਾ ਸਤੰਬਰ 2026 ਦਾ ਵੀਜ਼ਾ ਬੁਲੇਟਿਨ 1 ਸਤੰਬਰ ਤੋਂ ਪ੍ਰਭਾਵੀ ਹੋ ਗਿਆ ਹੈ ਅਤੇ ਰੁਜ਼ਗਾਰ ਦੇ ਆਧਾਰ ‘ਤੇ ਗ੍ਰੀਨ ਕਾਰਡ ਦੀ ਉਡੀਕ ਕਰ ਰਹੇ ਭਾਰਤੀਆਂ ਲਈ ਸਥਿਤੀ ਕਾਫ਼ੀ ਔਖੀ ਬਣੀ ਹੋਈ ਹੈ। ਫਾਈਨਲ ਐਕਸ਼ਨ ਡੇਟਸ ਅਨੁਸਾਰ ਭਾਰਤ ਲਈ ਈਬੀ-1 ਦੀ ਤਾਰੀਖ 15 ਅਕਤੂਬਰ 2022 ਹੈ, ਜਦਕਿ ਈਬੀ-3 ਦੀ ਤਾਰੀਖ 1 ਜਨਵਰੀ 2014 ਰੱਖੀ ਗਈ ਹੈ। ਪਰ ਈਬੀ-2 ਅਤੇ ਈਬੀ-5 ਅਣਰੱਖਿਅਤ ਸ਼੍ਰੇਣੀਆਂ ਨੂੰ ਇਸ ਮਹੀਨੇ ”ਅਣਉਪਲਬਧ” ਕਰ ਦਿੱਤਾ ਗਿਆ ਹੈ।
ਈਬੀ-2 ਸ਼੍ਰੇਣੀ ਵਿਚ ਭਾਰਤ ਲਈ ਵਿੱਤੀ ਸਾਲ 2026 ਦੇ ਸਾਰੇ ਉਪਲਬਧ ਵੀਜ਼ਾ ਨੰਬਰ ਪਹਿਲਾਂ ਹੀ ਵਰਤੇ ਜਾ ਚੁੱਕੇ ਹਨ। ਵਿਦੇਸ਼ ਵਿਭਾਗ ਨੇ 22 ਮਈ ਨੂੰ ਐਲਾਨ ਕੀਤਾ ਸੀ ਕਿ ਭਾਰਤ ਦਾ ਈਬੀ-2 ਕੋਟਾ ਪੂਰਾ ਹੋ ਗਿਆ ਹੈ। ਇਸ ਲਈ 30 ਸਤੰਬਰ 2026 ਤੱਕ ਇਸ ਸ਼੍ਰੇਣੀ ਵਿਚ ਨਵੇਂ ਗ੍ਰੀਨ ਕਾਰਡ ਜਾਂ ਇਮੀਗ੍ਰੈਂਟ ਵੀਜ਼ੇ ਜਾਰੀ ਨਹੀਂ ਕੀਤੇ ਜਾ ਸਕਦੇ। ਨਵਾਂ ਵਿੱਤੀ ਸਾਲ 1 ਅਕਤੂਬਰ 2026 ਨੂੰ ਸ਼ੁਰੂ ਹੋਣ ਨਾਲ ਨਵਾਂ ਕੋਟਾ ਉਪਲਬਧ ਹੋਵੇਗਾ।
ਇਸੇ ਤਰ੍ਹਾਂ ਭਾਰਤ ਲਈ ਈਬੀ-5 ਅਣਰੱਖਿਅਤ ਸ਼੍ਰੇਣੀ ਦਾ ਕੋਟਾ ਵੀ 5 ਜੂਨ ਨੂੰ ਪੂਰਾ ਹੋ ਗਿਆ ਸੀ। ਇਸ ਕਾਰਨ ਇਹ ਸ਼੍ਰੇਣੀ ਵੀ ਸਤੰਬਰ ਵਿਚ ਬੰਦ ਹੈ ਅਤੇ ਨਵਾਂ ਕੋਟਾ 1 ਅਕਤੂਬਰ ਤੋਂ ਮਿਲਣ ਦੀ ਉਮੀਦ ਹੈ।
ਸਭ ਤੋਂ ਵੱਡੀ ਚਿੰਤਾ ਹੁਣ ਈਬੀ-1 ਨੂੰ ਲੈ ਕੇ ਹੈ। ਵਿਦੇਸ਼ ਵਿਭਾਗ ਨੇ ਸਪੱਸ਼ਟ ਚੇਤਾਵਨੀ ਦਿੱਤੀ ਹੈ ਕਿ ਭਾਰਤੀ ਅਰਜ਼ੀਕਾਰਾਂ ਵੱਲੋਂ ਬਹੁਤ ਜ਼ਿਆਦਾ ਮੰਗ ਅਤੇ ਤੇਜ਼ੀ ਨਾਲ ਵੀਜ਼ਾ ਨੰਬਰ ਵਰਤੇ ਜਾਣ ਕਾਰਨ ਈਬੀ-1 ਸ਼੍ਰੇਣੀ ਵੀ ਵਿੱਤੀ ਸਾਲ ਖ਼ਤਮ ਹੋਣ ਤੋਂ ਪਹਿਲਾਂ ”ਅਣਉਪਲਬਧ” ਹੋ ਸਕਦੀ ਹੈ। ਇਸ ਦਾ ਮਤਲਬ ਹੈ ਕਿ 15 ਅਕਤੂਬਰ 2022 ਤੋਂ ਪਹਿਲਾਂ ਦੀ ਪ੍ਰਾਥਮਿਕਤਾ ਮਿਤੀ ਵਾਲੇ ਯੋਗ ਅਰਜ਼ੀਦਾਰਾਂ ਲਈ ਵੀ ਜੇ ਕੋਟਾ ਪੂਰਾ ਹੋ ਗਿਆ, ਤਾਂ ਸਤੰਬਰ ਦੇ ਬਾਕੀ ਦਿਨਾਂ ਵਿਚ ਅੰਤਿਮ ਪ੍ਰਵਾਨਗੀ ਰੁਕ ਸਕਦੀ ਹੈ।
ਅਮਰੀਕਾ ਦਾ ਮੌਜੂਦਾ ਵਿੱਤੀ ਸਾਲ 30 ਸਤੰਬਰ 2026 ਨੂੰ ਖ਼ਤਮ ਹੋਵੇਗਾ। ਇਸ ਲਈ ਗ੍ਰੀਨ ਕਾਰਡ ਦੀ ਉਡੀਕ ਕਰ ਰਹੇ ਭਾਰਤੀ ਅਰਜ਼ੀਦਾਰਾਂ ਲਈ ਅਕਤੂਬਰ 2026 ਦਾ ਵੀਜ਼ਾ ਬੁਲੇਟਿਨ ਹੁਣ ਬਹੁਤ ਮਹੱਤਵਪੂਰਨ ਹੋਵੇਗਾ।