#INDIA

ਸਤਿਸੰਗ ਦੌਰਾਨ ਮਚੀ ਭਾਜੜ ਦਾ ਮਾਮਲਾ; ਮੁੱਖ ਸੇਵਾਦਾਰ ਤੇ ਹੋਰਨਾਂ ਖਿਲਾਫ਼ ਗੈਰ ਇਰਾਦਤਨ ਕਤਲ ਦਾ ਕੇਸ ਦਰਜ

ਲਖਨਊ, 3 ਜੁਲਾਈ (ਪੰਜਾਬ ਮੇਲ)- ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਦੇ ਸਿਕੰਦਰਾਰਾਓ ਇਲਾਕੇ ‘ਚ ਸਤਿਸੰਗ ਦੌਰਾਨ ਮਚੀ ਭਾਜੜ ਦੇ ਮਾਮਲੇ ਵਿਚ ਪੁਲਿਸ ਨੇ ਮੁੱਖ ਸੇਵਾਦਾਰ ਅਤੇ ਹੋਰਨਾਂ ਖਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਹੈ। ਮੰਗਲਵਾਰ ਨੂੰ ਮਚੀ ਭਾਜੜ ਦੀ ਇਸ ਘਟਨਾ ‘ਚ 122 ਲੋਕਾਂ ਦੀ ਮੌਤ ਹੋ ਗਈ ਸੀ। ਅਧਿਕਾਰੀ ਨੇ ਦੱਸਿਆ ਕਿ ਮੰਗਲਵਾਰ ਦੇਰ ਰਾਤ ਸਿਕੰਦਰਾਰਾਓ ਥਾਣੇ ਵਿਚ ਮੁੱਖ ਸੇਵਾਦਾਰ ਦੇਵਪ੍ਰਕਾਸ਼ ਮਧੁਕਰ ਅਤੇ ਹੋਰ ਸੇਵਾਦਾਰਾਂ ਖਿਲਾਫ਼ ਐੱਫ.ਆਈ.ਆਰ.ਦਰਜ ਕੀਤੀ ਗਈ ਹੈ। ਅਧਿਕਾਰੀ ਨੇ ਦੱਸਿਆ ਕਿ ਭਾਰਤੀ ਨਿਆਂ ਸੰਹਿਤਾ ਦੀ ਧਾਰਾ 105 (ਗੈਰ-ਇਰਾਦਤਨ ਕਤਲ), 110 (ਗੈਰ ਇਰਾਦਤਨ ਕਤਲ ਕਰਨ ਦੀ ਕੋਸ਼ਿਸ਼), 126 (2) (ਗਲਤ ਤਰੀਕੇ ਨਾਲ ਰੋਕਣਾ), 223 (ਲੋਕ ਸੇਵਕ ਵਲੋਂ ਜਾਰੀ ਹੁਕਮ ਦੀ ਉਲੰਘਣਾ), 238 (ਸਬੂਤਾਂ ਨੂੰ ਮਿਟਾਉਣ) ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਵਿਚ ਮੰਗਲਵਾਰ ਨੂੰ ਨਾਰਾਇਣ ਸਾਕਾਰ ਵਿਸ਼ਵ ਹਰੀ ਦੇ ਨਾਂ ਤੋਂ ਪ੍ਰਸਿੱਧ ਭੋਲੇ ਬਾਬਾ ਦੇ ਪ੍ਰੋਗਰਾਮ ਵਿਚ ਲੱਖਾਂ ਦੀ ਗਿਣਤੀ ‘ਚ ਭਗਤਾਂ ਦੀ ਭੀੜ ਇਕੱਠੀ ਹੋਈ। ਪ੍ਰੋਗਰਾਮ ਵਾਲੀ ਥਾਂ ‘ਤੇ ਇਜਾਜ਼ਤ ਤੋਂ ਜ਼ਿਆਦਾ ਭਗਤ ਸਤਿਸੰਗ ਪ੍ਰੋਗਰਾਮ ਵਿਚ ਪਹੁੰਚੇ। ਭੋਲੇ ਬਾਬਾ ਦੇ ਸਤਿਸੰਗ ਦੌਰਾਨ ਭਾਜੜ ਮਚ ਗਈ। ਘਟਨਾ ਸਿਕੰਦਰਾਰਾਓ ਕੋਤਵਾਲੀ ਖੇਤਰ ਦੇ ਜੀ.ਟੀ. ਰੋਡ ਸਥਿਤ ਪਿੰਡ ਫੁਲਰਾਈ ਕੋਲ ਦੀ ਹੈ। ਸੂਤਰਾਂ ਦੇ ਹਵਾਲੇ ਤੋਂ ਜੋ ਜਾਣਕਾਰੀ ਮਿਲੀ ਹੈ, ਉਸ ਮੁਤਾਬਕ ਇਸ ਸਤਿਸੰਗ ਵਿਚ ਕਰੀਬ 40 ਹਜ਼ਾਰ ਲੋਕ ਮੌਕੇ ‘ਤੇ ਮੌਜੂਦ ਸਨ। ਇੰਨੀ ਵੱਡੀ ਗਿਣਤੀ ਵਿਚ ਲੋਕਾਂ ਦੇ ਮੌਜੂਦ ਹੋਣ ਅਤੇ ਉੱਚਿਤ ਵਿਵਸਥਾ ਨਾ ਹੋਣ ਕਾਰਨ ਇਹ ਹਾਦਸਾ ਵਾਪਰਿਆ ਅਤੇ ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪਈ।