#AMERICA

ਸਟੇਟ ਸਕੂਲ ਆਫ ਸਪੋਰਟਸ ਤੇ ਕਾਲਜ Jalandhar ਦੇ ਪੁਰਾਣੇ ਵਿਦਿਆਰਥੀ, ਖਿਡਾਰੀਆਂ ਦੀ ਭਾਵਪੂਰਵਕ ਮਿਲਣੀ

ਟਰੇਸੀ, 24 ਜਨਵਰੀ (ਪੰਜਾਬ ਮੇਲ)- ਨਵੇਂ ਸਾਲ (2024) ਦੀ ਖੁਸ਼ਾਮਦੀਦ ਤੇ ਲੋਹੜੀ ਨੂੰ ਸਮਰਪਿਤ ਸੈਂਟਰਲ ਵੈਲੀ ਕੈਲੀਫੋਰਨੀਆ ਦੇ ਪ੍ਰਮੁੱਖ ਸ਼ਹਿਰ ‘ਟਰੇਸੀ’ ਵਿਚ ਸ. ਪੂਰਨ ਸਿੰਘ ਚੰਨਣਕੇ ਦੀ ਰਹਿਨੁਮਾਈ ਹੇਠ ਹਰਜਿੰਦਰ ਸਿੰਘ (ਜਿੰਦਾ ਕਾਹਲੋਂ) ਦੇ ਵੱਡੇ ਟਰੱਕ ਯਾਰਡ ਵਿਚ ‘ਇਕ ਸ਼ਾਮ ਬੀਤੇ ਦੇ ਨਾਮ’ ਦਾ ਆਯੋਜਨ ਕੀਤਾ ਗਿਆ। ਫ਼ਕੀਰ ਸਿੰਘ ਮੱਲ੍ਹੀ ਵਲੋਂ ਉਸ ਨਾਜ਼ੁਕ ਦੌਰ (1984-88) ਦੇ ਕਈ ਕਿੱਸੇ ਜ਼ਾਹਰ ਕੀਤੇ ਗਏ। ਪੂਰਨ ਸਿੰਘ (ਸਰਵ ਭਾਰਤੀ ਪੁਲਿਸ ਖੇਡਾਂ ‘ਚ ਨੈਸ਼ਨਲ ਰਿਕਾਰਡ ਹੋਲਡਰ) ਨੇ ਜਦੋਂ ਆਪਣੀ ਹੱਡਬੀਤੀ ਸੁਣਾਈ ਤਾਂ ਸਾਰਿਆਂ ਨੂੰ ਭਾਵੁਕ ਕਰ ਦਿੱਤਾ। ਭੁਪਿੰਦਰ ਸਿੰਘ (ਅਠੌਲਾ) ਨੇ ਸਰਿਆਂ ਨੂੰ ਇੱਕ ਸੂਤਰਧਾਰ ਵਿਚ ਪ੍ਰੋਣ ਦੀ ਅਹਿਮ ਭੂਮਿਕਾ ਨਿਭਾਈ। ਹਰਜਿੰਦਰ (ਜਿੰਦਾ ਕਾਹਲੋਂ) ਦੀਆਂ ਸੇਵਾਵਾਂ ਨੇ ਸਾਰਿਆਂ ਨੂੰ ਮੋਹ ਲਿਆ। ਇਸ ਦੌਰਾਨ ਐਥਲੈਟਿਕਸ ਕੋਚ ਸ਼੍ਰੀ ਰਾਮ ਪ੍ਰਤਾਪ, ਸ. ਹਰਦਿਆਲ ਸਿੰਘ ਬੱਲ ਤੇ ਮਹਿਰੂਮ ਸ. ਹਰਦੇਵ ਸਿੰਘ ਹੋਰਾਂ ਨੂੰ ਸਤਿਕਾਰਤ ਸੰਦਰਭ ਵਿਚ ਯਾਦ ਕੀਤਾ ਗਿਆ। ਇਸ ਤੋਂ ਇਲਾਵਾ ਸਤਿਕਾਰਯੋਗ ਅਵਿਨਾਸ਼ ਚੰਦਰ ਚੌਧਰੀ, ਭਾਟੀਆ ਸਾਹਿਬ (ਸਕੂਲ), ਮੈਡਮ ਕਮਲਜੀਤ ਚੌਧਰੀ, ਕਾਹਲੋਂ ਸਾਹਿਬ, ਮਹਿਤਾ ਸਾਹਿਬ, ਦਿਓਲ ਸਾਹਿਬ (ਮਹਿਰੂਮ) ਕਾਲਜ ਦੇ ਅਧਿਆਪਕਾਂ ਤੇ ਹੋਰ ਭੁੱਲਿਆਂ ਨੂੰ ਵੀ ਯਾਦ ਕੀਤਾ ਗਿਆ। ਅਖੀਰ ਹਰਜਿੰਦਰ ਸਿੰਘ ਕਾਹਲੋਂ ਨੇ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਸੰਸਥਾ ਦੇ ਮੁਖੀ ਪੂਰਨ ਸਿੰਘ ਨੇ ਛੇਤੀ ਮਿਲਣ ਦੀ ਕਾਮਨਾ ਕੀਤੀ।