ਕਨੀਨਾ, 11 ਅਪ੍ਰੈਲ (ਪੰਜਾਬ ਮੇਲ)- ਹਰਿਆਣਾ ਦੇ ਮਹਿੰਦਰਗੜ੍ਹ ਦੇ ਉਨਹਾਨੀ ਪਿੰਡ ਵਿੱਚ ਅੱਜ ਸਵੇਰੇ 9 ਵਜੇ ਬੱਚਿਆਂ ਨਾਲ ਭਰੀ ਨਿੱਜੀ ਸਕੂਲ ਦੀ ਬੱਸ ਪਲਟ ਗਈ। ਇਸ ਹਾਦਸੇ ਵਿੱਚ ਛੇ ਬੱਚਿਆਂ ਦੀ ਮੌਤ ਹੋ ਗਈ ਤੇ 15 ਜ਼ਖਮੀ ਹੋ ਗਏ। ਕਥਿਤ ਸ਼ਰਾਬੀ ਬੱਸ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ ਪਰ ਬਾਅਦ ਵਿੱਚ ਪੁਲੀਸ ਨੇ ਉਸ ਨੂੰ ਕਾਬੂ ਕਰ ਲਿਆ। ਬੱਸ ਵਿੱਚ 50 ਦੇ ਕਰੀਬ ਬੱਚੇ ਸਵਾਰ ਸਨ। 3 ਬੱਚਿਆਂ ਦੀ ਮੌਕੇ ‘ਤੇ ਮੌਤ ਹੋ ਗਈ, ਜਦਕਿ 3 ਬੱਚਿਆਂ ਦੀ ਹਸਪਤਾਲ ‘ਚ ਮੌਤ ਹੋਈ। ਬੱਸ ਡਰਾਈਵਰ ਨੇ ਕਥਿਤ ਤੌਰ ’ਤੇ ਸ਼ਰਾਬ ਪੀਤੀ ਹੋਈ ਸੀ, ਜਿਸ ਕਾਰਨ ਪਿੰਡ ਖੇੜੀ ਦੇ ਲੋਕਾਂ ਨੇ ਡਰਾਈਵਰ ਨੂੰ ਝਾੜਿਆ ਸੀ। ਇਸ ਦੌਰਾਨ ਬੱਸ ਉੱਥੇ ਕਰੀਬ 10 ਮਿੰਟ ਪਛੜ ਗਈ। ਸਮੇਂ ਦੀ ਦੇਰੀ ਨੂੰ ਪੂਰਾ ਕਰਨ ਲਈ ਡਰਾਈਵਰ ਨੇ ਬੱਸ ਨੂੰ ਤੇਜ਼ ਰਫਤਾਰ ਨਾਲ ਭਜਾਇਆ। ਇਸ ਦੌਰਾਨ ਓਵਰਟੇਕ ਕਰਦਿਆਂ ਬੱਸ ਹਾਦਸਾਗ੍ਰਸਤ ਹੋ ਗਈ। ਬੱਸ ਚਾਲਕ ਮੌਕੇ ਦਾ ਫਾਇਦਾ ਉਠਾ ਕੇ ਫਰਾਰ ਹੋ ਗਿਆ। ਪੁਲੀਸ ਨੇ ਕਿਹਾ ਕਿ ਡਰਾਈਵਰ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ ਤੇ ਇਸ ਤੋਂ ਬਾਅਦ ਹੀ ਉਸ ਦੇ ਸ਼ਰਾਬ ਪੀਤੀ ਹੋਣ ਦਾ ਪਤਾ ਲੱਗੇਗਾ।