#PUNJAB

ਵੱਡੇ ਅਫਸਰਾਂ ਦੀ ਪਹਿਲੀ ਪਸੰਦ ਬਣੇ ਗੁਰੂਗ੍ਰਾਮ, ਨਿਊ ਚੰਡੀਗੜ੍ਹ ਤੇ ਪੰਚਕੂਲਾ

-ਹਰਿਆਣਾ ਕਾਡਰ ਦੇ ਆਈ.ਏ.ਐੱਸ. ਅਫਸਰਾਂ ਨੇ ਖ਼ਰੀਦੀਆਂ ਕਈ ਜਾਇਦਾਦਾਂ
ਚੰਡੀਗੜ੍ਹ, 16 ਮਾਰਚ (ਪੰਜਾਬ ਮੇਲ)- ਹਰਿਆਣਾ ਕਾਡਰ ਦੇ 186 ਆਈ.ਏ.ਐੱਸ. ਅਫਸਰਾਂ ਵੱਲੋਂ ਸਾਲ 2025 ਲਈ ਦਾਇਰ ਕੀਤੇ ਸਾਲਾਨਾ ਅਚੱਲ ਸੰਪਤੀ ਦੇ ਵੇਰਵਿਆਂ ਤੋਂ ਪਤਾ ਲੱਗਦਾ ਹੈ ਕਿ ਗੁਰੂਗ੍ਰਾਮ, ਨਿਊ ਚੰਡੀਗੜ੍ਹ ਅਤੇ ਪੰਚਕੂਲਾ ਅਫ਼ਸਰਾਂ ਲਈ ਜਾਇਦਾਦ ਖ਼ਰੀਦਣ ਦੀਆਂ ਸਭ ਤੋਂ ਪਸੰਦੀਦਾ ਥਾਵਾਂ ਹਨ, ਜਿੱਥੇ ਕਈਆਂ ਕੋਲ ਪਲਾਟ ਜਾਂ ਫਲੈਟ ਹਨ। ਜਾਇਦਾਦਾਂ ਦੇ ਇਹ ਵੇਰਵੇ ਪਰਸੋਨਲ ਅਤੇ ਟ੍ਰੇਨਿੰਗ ਵਿਭਾਗ ਕੋਲ ਜਮ੍ਹਾਂ ਕਰਵਾਏ ਜਾਂਦੇ ਹਨ।
1989 ਬੈਚ ਦੇ ਅਧਿਕਾਰੀ ਵਿਵੇਕ ਜੋਸ਼ੀ, ਜਿਨ੍ਹਾਂ ਸਵੈ-ਇੱਛਾ ਨਾਲ ਸੇਵਾਮੁਕਤੀ ਲਈ ਅਤੇ ਫਰਵਰੀ 2025 ਵਿਚ ਚੋਣ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ, ਕੋਲ ਨੋਇਡਾ ਵਿਚ 1623.96 ਵਰਗ ਫੁੱਟ ਦਾ ਫਲੈਟ ਹੈ। ਏ.ਸੀ.ਐੱਸ. ਹੋਮ ਸੁਧੀਰ ਰਾਜਪਾਲ ਕੋਲ ਗੁਰੂਗ੍ਰਾਮ ਵਿਚ 420 ਵਰਗ ਮੀਟਰ ਦਾ ਮਕਾਨ, ਦਿੱਲੀ ਵਿਚ ਫਲੈਟ, ਕੋਲਕਾਤਾ ਵਿਚ ਫਲੈਟ, ਗੁਰੂਗ੍ਰਾਮ ਦੇ ਗੋਲਫ ਕੋਰਸ ਐਕਸਟੈਂਸ਼ਨ ਰੋਡ ‘ਤੇ ਫਲੈਟ, ਹਿਸਾਰ ਵਿਚ ਪਲਾਟ, ਪੰਚਕੂਲਾ ਦੀ ਹਾਈਲੈਂਡਜ਼ ਕੋਆਪ੍ਰੇਟਿਵ ਗਰੁੱਪ ਹਾਊਸਿੰਗ ਸੁਸਾਇਟੀ ਵਿਚ ਫਲੈਟ ਹੈ। ਵਿੱਤ ਕਮਿਸ਼ਨਰ (ਮਾਲ ਅਤੇ ਆਫ਼ਤ ਪ੍ਰਬੰਧਨ ਵਿਭਾਗ) ਸੁਮਿਤਾ ਮਿਸ਼ਰਾ ਪੰਜਾਬ ਆਈ.ਏ.ਐੱਸ./ਪੀ.ਸੀ.ਐੱਸ. ਅਫ਼ਸਰ ਕੋਲ ਕੋਆਪ੍ਰੇਟਿਵ ਗਰੁੱਪ ਹਾਊਸਿੰਗ ਸੁਸਾਇਟੀ ਮੁਹਾਲੀ ਵਿਚ ਪਲਾਟ, ਲਖਨਊ ਵਿਚ ਮਾਂ ਤੋਂ ਪ੍ਰਾਪਤ ਜ਼ਮੀਨ ਦੇ ਤਿੰਨ ਟੁਕੜੇ, ਨਿਊ ਚੰਡੀਗੜ੍ਹ ਵਿੱਚ ਪਲਾਟ ਅਤੇ ਦਿੱਲੀ ਦੇ ਹੌਜ਼ ਖਾਸ ਵਿੱਚ ਬਿਲਡਰ ਫਲੋਰ ਹੈ।
ਏ.ਸੀ.ਐੱਸ. ਫੂਡ ਐਂਡ ਸਿਵਲ ਸਪਲਾਈਜ਼ ਰਾਜਾ ਸ਼ੇਖਰ ਵੁੰਡਰੂ ਕੋਲ ਹੈਦਰਾਬਾਦ ਦੇ ਹਿਮਾਇਤਨਗਰ ਵਿਚ ਪਲਾਟ ਅਤੇ ਨੋਇਡਾ ਵਿਚ ਪਲਾਟ ਹੈ। ਏ.ਸੀ.ਐੱਸ. ਟਾਊਨ ਐਂਡ ਕੰਟਰੀ ਪਲਾਨਿੰਗ ਏ.ਕੇ. ਸਿੰਘ ਕੋਲ ਬਾਗਪਤ ਵਿਚ 28 ਵਿੱਘੇ ਜ਼ਮੀਨ ਹੈ। ਨਿਊ ਚੰਡੀਗੜ੍ਹ ਵਿਚ ਪਲਾਟ ਅਤੇ ਵਪਾਰਕ ਥਾਂ ਹੈ। ਏ.ਸੀ.ਐੱਸ. ਉਚੇਰੀ ਸਿੱਖਿਆ ਵਿਨੀਤ ਗਰਗ ਕੋਲ ਗੁਰੂਗ੍ਰਾਮ ਵਿਚ ਫਲੈਟ, ਪੰਚਕੂਲਾ ਦੇ ਸੈਕਟਰ 7 ਵਿਚ ਘਰ, ਦਿੱਲੀ ਵਿਚ ਫਲੈਟ (ਮਾਂ ਤੋਂ ਵਿਰਸੇ ਵਿਚ ਮਿਲਿਆ), ਸੋਨੀਪਤ ਵਿਚ ਵਾਹੀਯੋਗ ਜ਼ਮੀਨ ਅਤੇ ਪੰਚਕੂਲਾ ਦੇ ਸੈਕਟਰ 6 ਵਿਚ ਮਕਾਨ ਹੈ। ਇਸੇ ਤਰ੍ਹਾਂ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਅਰੁਣ ਕੁਮਾਰ ਗੁਪਤਾ, ਆਈ.ਏ.ਐੱਸ. ਦੀਪਤੀ ਉਮਾਸ਼ੰਕਰ, ਆਈ.ਏ.ਐੱਸ. ਅਧਿਕਾਰੀ ਡਾ. ਡੀ. ਸੁਰੇਸ਼, ਆਈ.ਏ.ਐੱਸ. ਡਾ. ਰਾਕੇਸ਼ ਗੁਪਤਾ, ਆਈ.ਏ.ਐੱਸ. ਮੁਹੰਮਦ ਸ਼ਾਇਨ ਅਤੇ ਆਈ.ਏ.ਐੱਸ. ਅਮਿਤ ਕੁਮਾਰ ਅਗਰਵਾਲ ਕੋਲ ਵੀ ਕਈ ਜਾਇਦਾਦਾਂ ਹਨ।