#AMERICA

ਵ੍ਹਾਈਟ ਹਾਊਸ ਵੱਲੋਂ ਰਾਸ਼ਟਰਪਤੀ ਬਾਇਡਨ ‘ਤੇ ਲੱਗੇ ਦੋਸ਼ਾਂ ਨੂੰ ਕੀਤਾ ਰੱਦ

ਵਾਸ਼ਿੰਗਟਨ, 16 ਸਤੰਬਰ (ਪੰਜਾਬ ਮੇਲ)- ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਬਾਅਦ ਹੁਣ ਜੋਅ ਬਾਇਡਨ ਵੀ ਮੁਸੀਬਤ ‘ਚ ਘਿਰਦੇ ਨਜ਼ਰ ਆ ਰਹੇ ਹਨ। ਅਮਰੀਕੀ ਸੰਸਦ ਦੇ ਸਪੀਕਰ ਕੇਵਿਨ ਮੈਕਕਾਰਥੀ ਨੇ ਉਨ੍ਹਾਂ ਦੇ ਖਿਲਾਫ ਮਹਾਦੋਸ਼ ਦੀ ਜਾਂਚ ਸ਼ੁਰੂ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਜਾਂਚ ਸ਼ੁਰੂ ਹੋਣ ਤੋਂ ਬਾਅਦ ਵ੍ਹਾਈਟ ਹਾਊਸ ਨੇ ਬਾਇਡਨ ‘ਤੇ ਲੱਗੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ।
ਪ੍ਰੈੱਸ ਸਕੱਤਰ ਕੈਰੀਨ ਜੀਨ-ਪੀਅਰੇ ਨੇ ਬਾਇਡਨ ਦੇ ਸਿਆਸੀ ਦੁਸ਼ਮਣਾਂ ਦੁਆਰਾ ਜਾਂਚ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਰਾਸ਼ਟਰਪਤੀ ਨੂੰ ਫਸਾਉਣ ਦੀ ਸਾਜ਼ਿਸ਼ ਹੈ। ਦੁਸ਼ਮਣਾਂ ਨੇ ਪੂਰਾ ਸਾਲ ਰਾਸ਼ਟਰਪਤੀ ਦੀ ਨਿਗਰਾਨੀ ਵਿਚ ਬਿਤਾਇਆ, ਪਰ ਉਨ੍ਹਾਂ ਨੂੰ ਕੋਈ ਸਬੂਤ ਨਹੀਂ ਮਿਲਿਆ। ਨਾਲ ਹੀ ਕਿਹਾ ਕਿ ਬਾਇਡਨ ਦੇ ਖਿਲਾਫ ਸਬੂਤ ਨਹੀਂ ਮਿਲੇ ਕਿਉਂਕਿ ਉਸ ਨੇ ਕੁਝ ਵੀ ਗਲਤ ਨਹੀਂ ਕੀਤਾ ਸੀ।
ਜ਼ਿਕਰਯੋਗ ਹੈ ਕਿ ਵਿਦੇਸ਼ੀ ਮੀਡੀਆ ਰਿਪੋਰਟਾਂ ਮੁਤਾਬਕ ਮੈਕਕਾਰਥੀ ਨੇ ਬਾਇਡਨ ਪਰਿਵਾਰ ਦੇ ਕਾਰੋਬਾਰੀ ਸੌਦਿਆਂ ਦੀ ਜਾਂਚ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਰਿਪਬਲੀਕਨਾਂ ਨੇ ਬਾਇਡਨ ‘ਤੇ ਦੋਸ਼ ਲਗਾਇਆ ਕਿ ਉਹ 2009 ਤੋਂ 2017 ਤੱਕ ਅਮਰੀਕੀ ਰਾਸ਼ਟਰਪਤੀ ਰਹਿੰਦਿਆਂ ਆਪਣੇ ਬੇਟੇ ਹੰਟਰ ਬਾਇਡਨ ਨੂੰ ਵਿਦੇਸ਼ੀ ਕਾਰੋਬਾਰ ‘ਚ ਲਾਭ ਪਹੁੰਚਾ ਰਹੇ ਹਨ। ਜੀਨ-ਪੀਅਰੇ ਨੇ ਕਿਹਾ ਕਿ ਰਿਪਬਲਿਕਨਾਂ ਕੋਲ ਮਹਾਦੋਸ਼ ਜਾਂਚ ਨੂੰ ਮਨਜ਼ੂਰੀ ਦੇਣ ਲਈ ਵੋਟ ਲਈ ਸਦਨ ਵਿਚ ਲੋੜੀਂਦਾ ਸਮਰਥਨ ਵੀ ਨਹੀਂ ਹੈ। ਉਸਨੇ ਕਿਹਾ ਕਿ ਹਾਊਸ ਰਿਪਬਲਿਕਨਾਂ ਨੇ ਵੀ ਕਿਹਾ ਹੈ ਕਿ ਸਬੂਤ ਮੌਜੂਦ ਨਹੀਂ ਹਨ। ਪੀਅਰੇ ਨੇ ਕਿਹਾ ਕਿ ਇਹ ਸਿਰਫ਼ ਇੱਕ ਸਿਆਸੀ ਸਟੰਟ ਸੀ। ਹਾਲਾਂਕਿ ਰਾਸ਼ਟਰਪਤੀ ਬਾਇਡਨ ਨੇ ਮਹਾਦੋਸ਼ ਦੀ ਜਾਂਚ ‘ਤੇ ਕੁਝ ਨਹੀਂ ਕਿਹਾ ਹੈ।
ਇਸ ਤੋਂ ਇਲਾਵਾ ਮੈਕਕਾਰਥੀ ਨੇ ਅਮਰੀਕਾ ਦੇ ਕੈਪੀਟਲ ਹਿੱਲ ‘ਚ ਕਿਹਾ ਕਿ ਮੈਂ ਸਦਨ ਦੀਆਂ ਕਮੇਟੀਆਂ ਨੂੰ ਰਾਸ਼ਟਰਪਤੀ ਬਾਇਡਨ ਖਿਲਾਫ ਮਹਾਦੋਸ਼ ਦੀ ਰਸਮੀ ਜਾਂਚ ਸ਼ੁਰੂ ਕਰਨ ਦਾ ਨਿਰਦੇਸ਼ ਦੇ ਰਿਹਾ ਹਾਂ। ਮੈਕਕਾਰਥੀ ਨੇ ਕਿਹਾ ਕਿ ਹਾਊਸ ਓਵਰਸਾਈਟ ਅਤੇ ਜਵਾਬਦੇਹੀ ਕਮੇਟੀ ਦੇ ਚੇਅਰਮੈਨ ਜੇਮਸ ਕਾਮਰ ਜਾਂਚ ਦੀ ਨਿਗਰਾਨੀ ਕਰਨਗੇ। ਇਸ ਤੋਂ ਇਲਾਵਾ, ਹਾਊਸ ਜੁਡੀਸ਼ਰੀ ਕਮੇਟੀ ਦੇ ਚੇਅਰਮੈਨ ਜਿਮ ਜੌਰਡਨ ਅਤੇ ਹਾਊਸ ਵੇਜ਼ ਐਂਡ ਮੀਨਜ਼ ਕਮੇਟੀ ਦੇ ਚੇਅਰਮੈਨ ਜੇਸਨ ਸਮਿਥ ਜੇਮਸ ਕਾਮਰ ਦੀ ਸਹਾਇਤਾ ਕਰਨਗੇ। ਜਦਕਿ, ਵ੍ਹਾਈਟ ਹਾਊਸ ਨੇ ਮਹਾਦੋਸ਼ ਜਾਂਚ ਦਾ ਵਿਰੋਧ ਕੀਤਾ ਹੈ।

Leave a comment