ਵਾਸ਼ਿੰਗਟਨ, 12 ਨਵੰਬਰ (ਪੰਜਾਬ ਮੇਲ)- ਡੋਨਾਲਡ ਟਰੰਪ ਦਾ ਸਹੁੰ ਚੁੱਕ ਸਮਾਗਮ ਜਨਵਰੀ ‘ਚ ਹੋਣਾ ਹੈ। ਹਾਲਾਂਕਿ ਵ੍ਹਾਈਟ ਹਾਊਸ ‘ਚ ਸੱਤਾ ਦੇ ਤਬਾਦਲੇ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਸ ਦੇ ਤਹਿਤ ਰਾਸ਼ਟਰਪਤੀ ਬਾਇਡਨ ਨੇ ਡੋਨਾਲਡ ਟਰੰਪ ਨੂੰ ਵ੍ਹਾਈਟ ਹਾਊਸ ਆਉਣ ਦਾ ਸੱਦਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਤਿੰਨ ਦਹਾਕਿਆਂ ‘ਚ ਇਹ ਪਹਿਲਾ ਮੌਕਾ ਹੋਵੇਗਾ, ਜਦੋਂ ਕਿਸੇ ਬਾਹਰ ਜਾਣ ਵਾਲੇ ਰਾਸ਼ਟਰਪਤੀ ਅਤੇ ਨਵੇਂ ਚੁਣੇ ਗਏ ਰਾਸ਼ਟਰਪਤੀ ਵਿਚਾਲੇ ਵ੍ਹਾਈਟ ਹਾਊਸ ‘ਚ ਰਸਮੀ ਮੁਲਾਕਾਤ ਹੋਵੇਗੀ, ਜਿਨ੍ਹਾਂ ਵਿਚਾਲੇ ਚੋਣ ਪ੍ਰਚਾਰ ਦੌਰਾਨ ਮੁਕਾਬਲਾ ਸੀ। ਟਰੰਪ ਦੇ ਨਾਲ ਉਨ੍ਹਾਂ ਦੀ ਪਤਨੀ ਮੇਲਾਨੀਆ ਨੂੰ ਵੀ ਵ੍ਹਾਈਟ ਹਾਊਸ ਬੁਲਾਇਆ ਗਿਆ।
ਵਰਣਨਯੋਗ ਹੈ ਕਿ ਇਸ ਤੋਂ ਪਹਿਲਾਂ ਸਾਲ 1992 ‘ਚ ਰਿਪਬਲਿਕਨ ਰਾਸ਼ਟਰਪਤੀ ਜਾਰਜ ਡਬਲਯੂ ਬੁਸ਼ ਅਤੇ ਡੈਮੋਕ੍ਰੇਟ ਨੇਤਾ ਅਤੇ ਨਵੇਂ ਚੁਣੇ ਗਏ ਰਾਸ਼ਟਰਪਤੀ ਬਿਲ ਕਲਿੰਟਨ ਵਿਚਕਾਰ ਵ੍ਹਾਈਟ ਹਾਊਸ ਵਿਚ ਮੁਲਾਕਾਤ ਹੋਈ ਸੀ। ਜਾਰਜ ਡਬਲਯੂ ਬੁਸ਼ ਅਤੇ ਬਿਲ ਕਲਿੰਟਨ ਨੇ ਵੀ ਇੱਕ ਦੂਜੇ ਦੇ ਖਿਲਾਫ ਚੋਣ ਲੜੀ ਸੀ। ਸਾਲ 2020 ‘ਚ ਜਦੋਂ ਬਾਇਡਨ ਟਰੰਪ ਨੂੰ ਹਰਾ ਕੇ ਰਾਸ਼ਟਰਪਤੀ ਚੁਣੇ ਗਏ ਸਨ, ਤਾਂ ਸੱਤਾ ਦੇ ਤਬਾਦਲੇ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਸੀ। ਉਸ ਸਮੇਂ ਟਰੰਪ ਨੇ ਸੱਤਾ ਦੇ ਤਬਾਦਲੇ ਦੀ ਇਸ ਰਸਮੀ ਪ੍ਰਕਿਰਿਆ ਲਈ ਬਾਇਡਨ ਨੂੰ ਵ੍ਹਾਈਟ ਹਾਊਸ ਨਹੀਂ ਬੁਲਾਇਆ ਸੀ ਅਤੇ ਬਾਇਡਨ ਦੀ ਸਹੁੰ ਚੁੱਕਣ ਤੋਂ ਪਹਿਲਾਂ ਹੀ ਟਰੰਪ ਨੇ ਵ੍ਹਾਈਟ ਹਾਊਸ ਛੱਡ ਦਿੱਤਾ ਸੀ। ਹਾਲਾਂਕਿ, ਬਾਇਡਨ ਨੇ ਇਸ ਪ੍ਰੰਪਰਾ ਨੂੰ ਕਾਇਮ ਰੱਖਿਆ ਹੈ।