#CANADA

ਵੈਨਕੂਵਰ ਵਿਚਾਰ ਮੰਚ ਵੱਲੋਂ ਸਰੀ ਵਿਚ ਕਰਵਾਇਆ ਵਿਸਾਖੀ ਨੂੰ ਸਮਰਪਿਤ ਕਵੀ ਦਰਬਾਰ

ਸਰੀ, 1 ਮਈ (ਹਰਦਮ ਮਾਨ/ਪੰਜਾਬ ਮੇਲ)-ਬੀਤੇ ਐਤਵਾਰ ਵੈਨਕੂਵਰ ਵਿਚਾਰ ਮੰਚ ਵੱਲੋਂ ਜਰਨੈਲ ਆਰਟ ਗੈਲਰੀ ਅਤੇ ਗੁਰਦੀਪ ਆਰਟਸ ਅਕੈਡਮੀ ਸਰੀ ਦੇ ਸਹਿਯੋਗ ਨਾਲ ਵਿਸਾਖੀ ਨੂੰ ਸਮਰਪਿਤ ਸਾਲਾਨਾ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿਚ ਸਰੀ, ਕੋਕੁਇਟਲਮ, ਵੈਨਕੂਵਰ ਦੇ ਉੱਘੇ ਕਵੀਆਂ ਨੇ ਵਿਸਾਖੀ, ਸਮਾਜ, ਦੇਸ਼-ਵਿਦੇਸ਼ ਦੇ ਅਨੇਕਾਂ ਰੰਗ ਆਪਣੀਆਂ ਵੱਖ ਵੱਖ ਕਾਵਿ-ਰਚਨਾਵਾਂ ਰਾਹੀਂ ਪੇਸ਼ ਕੀਤੇ।
ਕਵੀ ਦਰਬਾਰ ਦੇ ਆਗਾਜ਼ ਵਿਚ ਮੰਚ ਵੱਲੋਂ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਪੰਜਾਬੀ ਸ਼ਾਇਰ ਮੋਹਨਜੀਤ ਅਤੇ ਵਿਜੇ ਮਿਊਜ਼ਿਕ ਅਕੈਡਮੀ ਦੇ ਵਿਜੇ ਕੁਮਾਰ ਦੀ ਮੌਤ ਉਪਰ ਦੁੱਖ ਦਾ ਪ੍ਰਗਟਾਵਾ ਕਰਦਿਆਂ ਵਿਛੜੀਆਂ ਸ਼ਖ਼ਸੀਅਤਾਂ ਨੂੰ ਮੋਨ ਧਾਰ ਕੇ ਸ਼ਰਧਾਂਜਲੀ ਅਰਪਿਤ ਕੀਤੀ ਗਈ। ਉਪਰੰਤ ਮੰਚ ਦੇ ਸਰਪ੍ਰਸਤ ਜਰਨੈਲ ਸਿੰਘ ਸੇਖਾ ਨੇ ਸਭਨਾਂ ਨੂੰ ਜੀ ਆਇਆਂ ਕਿਹਾ ਅਤੇ ਉਨ੍ਹਾਂ ਪੰਜਾਬ ਦੇ ਇਤਿਹਾਸ, ਸੱਭਿਆਚਾਰ, ਧਰਮ, ਸਮਾਜ ਅਤੇ ਸਾਹਿਤ ਵਿਚ ਵਿਸਾਖੀ ਦੀ ਮਹੱਤਤਾ ਬਾਰੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਵਿਸਾਖੀ ਪੰਜਾਬੀਆਂ ਦੀ ਖੁਸ਼ੀ ਅਤੇ ਖੁਸ਼ਹਾਲੀ ਦਾ ਤਿਓਹਾਰ ਹੈ। ਉਨ੍ਹਾਂ ਮਰਹੂਮ ਸ਼ਾਇਰ ਧਨੀ ਰਾਮ ਚਾਤ੍ਰਿਕ ਵੱਲੋਂ ਵਿਸਾਖੀ ਦੀ ਕਾਵਿਕ ਤਸਵੀਰ ਰਾਹੀਂ ਪੰਜਾਬੀਆਂ ਦੇ ਵਿਸਾਖੀ ਨਾਲ ਜੁੜੇ ਜਜ਼ਬਾਤ ਦੀ ਗੱਲ ਕੀਤੀ।
ਕਵੀ ਦਰਬਾਰ ਦਾ ਆਗਾਜ਼ ਬਿੱਲਾ ਤੱਖੜ ਅਤੇ ਗੁਰਨਾਮ ਥਾਂਦੀ ਦੀ ਸਾਰੰਗੀ ਦੇ ਸੁਰਾਂ ਨਾਲ ਹੋਇਆ ਅਤੇ ਉਨ੍ਹਾਂ ਆਪਣੇ ਸੁਰੀਲੇ ਸੁਰਾਂ ਵਿਚ ਕਵੀਸ਼ਰੀ ਪੇਸ਼ ਕੀਤੀ। ਫਿਰ ਦਵਿੰਦਰ ਕੌਰ ਜੌਹਲ, ਪਰਮਿੰਦਰ ਸਵੈਚ, ਗੁਰਮੀਤ ਸਿੰਘ ਸਿੱਧੂ, ਬਲਰਾਜ ਬਾਸੀ, ਇੰਦਰਜੀਤ ਧਾਮੀ, ਬਿੰਦੂ ਮਠਾੜੂ, ਗੁਰਦਰਸ਼ਨ ਬਾਦਲ, ਮਹਿੰਦਰਪਾਲ ਸਿੰਘ ਪਾਲ, ਦਵਿੰਦਰ ਗੌਤਮ, ਜਗਜੀਤ ਸੰਧੂ, ਨਰਿੰਦਰ ਬਾਈਆ, ਰਾਜਵੰਤ ਰਾਜ, ਮੀਨੂੰ ਬਾਵਾ, ਅਸ਼ੋਕ ਭਾਰਗਵਾ, ਮਸਹਨ ਗਿੱਲ ਅਤੇ ਅੰਗਰੇਜ਼ ਬਰਾੜ ਨੇ ਆਪਣੀਆਂ ਕਾਵਿ ਰਚਨਾਵਾਂ ਰਾਹੀਂ ਖੂਬ ਰੰਗ ਬੰਨ੍ਹਿਆਂ। ਕਵੀ ਦਰਬਾਰ ਦੀ ਸਮਾਪਤੀ ਚਮਕੌਰ ਸਿੰਘ ਸੇਖੋਂ ਵੱਲੋਂ ਪੇਸ਼ ਕੀਤੀ ਕਵੀਸ਼ਰੀ ਨਾਲ ਹੋਈ।
ਅੰਤ ਵਿਚ ਮੰਚ ਦੇ ਪ੍ਰਧਾਨ ਜਰਨੈਲ ਸਿੰਘ ਆਰਟਿਸਟ ਨੇ ਸਾਰੇ ਕਵੀਆਂ ਦਾ ਧੰਨਵਾਦ ਕੀਤਾ ਅਤੇ ਸਭ ਨੂੰ ਵਿਸਾਖੀ ਦੀ ਵਧਾਈ ਦਿੱਤੀ। ਕਵੀ ਦਰਬਾਰ ਦਾ ਸੰਚਾਲਨ ਮੋਹਨ ਗਿੱਲ ਅਤੇ ਅੰਗਰੇਜ਼ ਬਰਾੜ ਨੇ ਬਾਖੂਬੀ ਕੀਤਾ।