ਸਰੀ, 2 ਜਨਵਰੀ (ਹਰਦਮ ਮਾਨ/ਪੰਜਾਬ ਮੇਲ)-ਬੀਤੇ ਦਿਨ ਵੈਨਕੂਵਰ ਵਿਚਾਰ ਮੰਚ ਵੱਲੋਂ ਉਰਦੂ ਅਤੇ ਫਾਰਸੀ ਦੇ ਪ੍ਰਸਿੱਧ ਸ਼ਾਇਰ ਮਿਰਜ਼ਾ ਗ਼ਾਲਿਬ ਦਾ ਜਨਮ ਦਿਨ ਮਨਾਇਆ ਗਿਆ। ਜਨਰਲ ਜਰਨੈਲ ਆਰਟ ਗੈਲਰੀ ਵਿਚ ਮੰਚ ਦੇ ਮੈਂਬਰਾਂ ਨੇ ਮਿਰਜ਼ਾ ਗ਼ਾਲਿਬ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਸ਼ਾਇਰੀ ਅਤੇ ਜੀਵਨ ਬਾਰੇ ਗੱਲਬਾਤ ਕੀਤੀ। ਜਗਜੀਤ ਸੰਧੂ ਨੇ ਮਿਰਜ਼ਾ ਗ਼ਾਲਿਬ ਦੇ ਜੀਵਨ ਬਾਰੇ ਸੰਖੇਪ ਵਿਚ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਮਿਰਜ਼ਾ ਗ਼ਾਲਿਬ ਨੇ 11 ਸਾਲ ਦੀ ਉਮਰ ਤੋਂ ਹੀ ਉਰਦੂ ਅਤੇ ਫਾਰਸੀ ਵਿਚ ਨਜ਼ਮ ਅਤੇ ਵਾਰਤਕ ਲਿਖਣੀ ਸ਼ੁਰੂ ਕਰ ਦਿੱਤੀ ਸੀ। ਬੇਸ਼ਕ ਉਨ੍ਹਾਂ ਦੇ ਫਾਰਸੀ ਭਾਸ਼ਾ ਵਿੱਚ ਛੇ ਕਾਵਿ ਸੰਗ੍ਰਹਿ ਛਪੇ ਹਨ ਪਰ ਉਨ੍ਹਾਂ ਦੀ ਪ੍ਰਸਿੱਧੀ ਉਨ੍ਹਾਂ ਦੇ ਉਰਦੂ ਸੰਗ੍ਰਹਿ ‘ਦੀਵਾਨ-ਇ-ਗ਼ਾਲਿਬ’ ਨਾਲ ਹੋਈ। ਉਨ੍ਹਾਂ ਵੱਲੋਂ ਆਪਣੇ ਬੇਬਾਕ ਅੰਦਾਜ਼ ਵਿਚ ਲਿਖੇ ਪੱਤਰ ਅੱਜ ਵੀ ਸਾਹਿਤ ਦਾ ਬੇਸ਼ਕੀਮਤੀ ਸਰਮਾਇਆ ਹਨ। ਗ਼ਾਲਿਬ ਸਾਹਿਬ ਨੇ ਬੇਸ਼ਕ ਸਾਰੀ ਉਮਰ ਫਾਕਿਆਂ ਵਿਚ ਹੀ ਬਸਰ ਕੀਤੀ ਪਰ ਉਨ੍ਹਾਂ ਦੀ ਤਬੀਅਤ ਵਿਚ ਜ਼ਿੰਦਾਦਿਲੀ ਹਮੇਸ਼ਾ ਧੜਕਦੀ ਰਹੀ।
ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਕਿਹਾ ਕਿ ਗ਼ਾਲਿਬ ਨੇ ਗ਼ਜ਼ਲ ਨੂੰ ਜਾਮ ਸੁਰਾਹੀਆਂ ਵਿਚੋਂ ਬਾਹਰ ਕੱਢਿਆ। ਉਹ ਇਕੱਲੇ ਉਰਦੂ ਦੇ ਹੀ ਨਹੀਂ, ਫਾਰਸੀ ਦੇ ਵੀ ਉੱਚਕੋਟੀ ਦੇ ਸ਼ਾਇਰ ਸਨ। ਉਨ੍ਹਾਂ ਗ਼ਜ਼ਲ ਵਿਚ ਬੇਹਦ ਨਾਮਨਾ ਖੱਟਿਆ। ਗ਼ਾਲਿਬ ਦੇ ਬੇਹੱਦ ਪ੍ਰਸ਼ੰਸਕ ਸ. ਸੇਖਾ ਨੇ ਦੱਸਿਆ ਕਿ ਜਦੋਂ ਕਦੇ ਉਹ ਬਹੁਤ ਮਾਯੂਸ ਹੁੰਦੇ ਹਨ, ਤਾਂ ਉਹ ਆਪਣੀ ਲਾਇਬਰੇਰੀ ਵਿਚੋਂ ਗ਼ਾਲਿਬ ਸਾਹਿਬ ਦਾ ਦੀਵਾਨ ਚੁੱਕ ਕੇ ਪੜ੍ਹਨ ਲੱਗ ਜਾਂਦੇ ਹਨ। ਪ੍ਰਸਿੱਧ ਸ਼ਾਇਰ ਅਜਮੇਰ ਰੋਡੇ ਨੇ ਕਿਹਾ ਕਿ ਗ਼ਾਲਿਬ ਦੀ ਮਹਾਨਤਾ ਇਸ ਕਰਕੇ ਵੀ ਹੈ ਕਿ ਉਨ੍ਹਾਂ ਦੀ ਸ਼ਾਇਰੀ ਨੇ ਅਨੇਕ ਲੋਕਾਂ ਨੂੰ ਸਕੂਨ ਦਿੱਤਾ। ਉਨ੍ਹਾਂ ਦਾ ਅੰਦਾਜ਼ੇ-ਬਿਆਂ ਉਨ੍ਹਾਂ ਦੀ ਸ਼ਾਹਿਰੀ ਦਾ ਵੱਡਾ ਗੁਣ ਸੀ।
ਸ਼ਾਇਰ ਮੋਹਨ ਗਿੱਲ ਨੇ ਕਿਹਾ ਕਿ ਗ਼ਾਲਿਬ ਹੋਰਾਂ ਨੇ ਆਪਣੀ ਸ਼ਾਇਰੀ ਵਿਚ ਸਾਰੀ ਦੁਨੀਆਂ ਸਮੋਈ ਹੋਈ ਸੀ। ਉਨ੍ਹਾਂ ਨੇ ਆਪਣੀ ਗ਼ਜ਼ਲ ਵਿਚ ਜ਼ਿੰਦਗੀ ਦੇ ਹਰ ਖੇਤਰ, ਹਰ ਮਸਲੇ ਨੂੰ ਬੇਹੱਦ ਖੂਬਸੂਰਤ ਅੰਦਾਜ਼ ਵਿਚ ਪੇਸ਼ ਕੀਤਾ। ਇਹੀ ਉਨ੍ਹਾਂ ਦਾ ਵੱਡਾ ਹਾਸਲ ਹੈ ਅਤੇ ਅੱਜ ਵੀ ਉਨ੍ਹਾਂ ਦੇ ਸ਼ਿਅਰ ਹਰ ਮਹਿਫ਼ਿਲ ਦਾ ਸ਼ਿੰਗਾਰ ਬਣਦੇ ਹਨ। ਪ੍ਰਸਿੱਧ ਆਰਟਿਸਟ ਜਰਨੈਲ ਸਿੰਘ, ਹਰਦਮ ਸਿੰਘ ਮਾਨ ਅਤੇ ਅੰਗਰੇਜ਼ ਬਰਾੜ ਨੇ ਵੀ ਆਪਣੇ ਲਫ਼ਜ਼ਾਂ ਰਾਹੀਂ ਉਰਦੂ ਅਤੇ ਫਾਰਸੀ ਦੇ ਨਾਮਵਰ ਸ਼ਾਇਰ ਮਿਰਜ਼ਾ ਗ਼ਾਲਿਬ ਨੂੰ ਯਾਦ ਕੀਤਾ।