#CANADA

ਵੈਨਕੂਵਰ ਵਿਚਾਰ ਮੰਚ ਵੱਲੋਂ ਜਗਜੀਤ ਸੰਧੂ ਦੇ ਕਾਵਿ-ਸੰਗ੍ਰਹਿ ‘ਤਾਪਸੀ’ ਉੱਪਰ ਵਿਚਾਰ ਗੋਸ਼ਟੀ

ਸਰੀ, 5 ਅਪ੍ਰੈਲ (ਹਰਦਮ ਮਾਨ/ਪੰਜਾਬ ਮੇਲ)-ਵੈਨਕੂਵਰ ਵਿਚਾਰ ਮੰਚ ਵੱਲੋਂ ਬੀਤੇ ਦਿਨੀਂ ਪੰਜਾਬੀ ਸ਼ਾਇਰ ਜਗਜੀਤ ਸੰਧੂ ਦੀ ਪੁਸਤਕ ‘ਤਾਪਸੀ’ ਉੱਪਰ ਵਿਚਾਰ ਗੋਸ਼ਟੀ ਕਰਵਾਈ ਗਈ। ਜਰਨੈਲ ਆਰਟ ਗੈਲਰੀ ਅਤੇ ਗੁਰਦੀਪ ਆਰਟਸ ਅਕੈਡਮੀ ਦੇ ਵਿਹੜੇ ਵਿੱਚ ਕਰਵਾਏ ਗਏ ਇੱਕ ਸਮਾਗਮ ਵਿੱਚ ਵੱਖ-ਵੱਖ ਵਿਦਵਾਨਾਂ ਅਤੇ ਸਾਹਿਤਕਾਰਾਂ ਨੇ ਇਸ ਪੁਸਤਕ ਉਪਰ ਚਰਚਾ ਕੀਤੀ। ਸਮਾਗਮ ਦੀ ਪ੍ਰਧਾਨਗੀ ਜਗਜੀਤ ਸੰਧੂ, ਡਾ. ਹਰਜੋਤ ਕੌਰ ਖਹਿਰਾ ਅਤੇ ਜਸ਼ਨਪ੍ਰੀਤ ਕੌਰ ਨੇ ਕੀਤੀ। ਸਮਾਗਮ ਦੀ ਸ਼ੁਰੂਆਤ ਮੰਚ ਦੇ ਪ੍ਰਧਾਨ ਜਰਨੈਲ ਸਿੰਘ ਆਰਟਿਸਟ ਦੇ ਸਵਾਗਤੀ ਸ਼ਬਦਾਂ ਨਾਲ ਹੋਈ। ਮੋਹਨ ਗਿੱਲ ਨੇ ਸਮਾਗਮ ਦੀ ਰੂਪਰੇਖਾ ਅਤੇ ਤਾਪਸੀ ਦੇ ਲੇਖਕ ਬਾਰੇ ਸੰਖੇਪ ਜਾਣਕਾਰੀ ਦਿੱਤੀ।
ਪੁਸਤਕ ਉੱਪਰ ਪਹਿਲਾ ਪਰਚਾ ਡਾ. ਹਰਜੋਤ ਕੌਰ ਖਹਿਰਾ ਵੱਲੋਂ ਪੜ੍ਹਿਆ ਗਿਆ। ਡਾ. ਖਹਿਰਾ ਨੇ ਕਿਹਾ ਕਿ ਇਸ ਪੁਸਤਕ ਵਿਚਲੀ ਸਾਰੀ ਕਵਿਤਾ ਸਮਾਜ ਦੇ ਦੋਹਾਂ ਧੁਰਿਆਂ (ਔਰਤ ਅਤੇ ਮਰਦ) ਉੱਪਰ ਅਧਾਰਿਤ ਹੈ। ਇਸ ਵਿਚ ਇੱਕ ਪਾਸੜ ਨਹੀਂ, ਦੋਵੇਂ ਹੀ ਕਿਰਦਾਰਾਂ ਦੀਆਂ ਪ੍ਰਸਥਿਤੀਆਂ ਨੂੰ ਬੜੀ ਖੂਬਸੂਰਤੀ ਨਾਲ ਪੇਸ਼ ਕੀਤਾ ਗਿਆ ਹੈ। ਪੁਸਤਕ ਵਿਚਲੀਆਂ ਕਵਿਤਾਵਾਂ ਦੇ ਸਾਰੇ ਸਿਰਲੇਖ ਸੰਵਾਦ ਕਰਦੇ ਹਨ। ਬਹੁਤੀਆਂ ਕਵਿਤਾਵਾਂ ਪਤੀ ਪਤਨੀ ਦੇ ਸਰੀਰਕ ਸੰਬੰਧਾਂ ਨੂੰ ਬਿਆਨ ਕਰਦੀਆਂ ਹਨ ਪਰ ਇਨ੍ਹਾਂ ਵਿਚ ਜ਼ਿਆਦਾਤਰ ਸੈਕਸ ਸ਼ੋਸ਼ਣ ਵਧੇਰੇ ਨਜ਼ਰ ਆਉਂਦਾ ਹੈ। ਇਹ ਕਾਵਿ ਸੰਗ੍ਰਹਿ ਸੁਪਨਾ, ਹਕੀਕਤ ਅਤੇ ਸਮਾਜ ਦੇ ਆਲੇ ਦੁਆਲੇ ਘੁੰਮਦਾ ਹੈ।
ਜਸ਼ਨਪ੍ਰੀਤ ਕੌਰ ਵੱਲੋਂ ਪੇਸ਼ ਕੀਤੇ ਗਏ ਦੂਜੇ ਪਰਚੇ ਵਿੱਚ ਉਹਨਾਂ ਕਿਹਾ ਕਿ ਇਹ ਕਵਿਤਾਵਾਂ ਔਰਤ ਦੀ ਜਿਸਮੀ ਖੂਬਸੂਰਤੀ ਨਾਲੋਂ ਔਰਤ ਦੇ ਬੌਧਿਕ ਪੱਖ ਦੀ ਵਧੇਰੇ ਗੱਲ ਕਰਦੀਆਂ ਹਨ ਜੋ ਕਿ ਬਹੁਤ ਵਧੀਆ ਗੱਲ ਹੈ। ਕੁਝ ਕਵਿਤਾਵਾਂ ਵਿੱਚ ਆਦਮੀ ਦੇ ਨਜ਼ਰੀਏ ਤੋਂ ਲਿਖੀ ਗਈ ਨਾਰੀਵਾਦੀ ਕਵਿਤਾ ਬਹੁਤ ਡੂੰਘਾਈ ਤੇ ਮਨੋਵਿਗਿਆਨਕ ਸੂਝ ਬੂਝ ਨਾਲ ਪੇਸ਼ ਕੀਤੀ ਗਈ ਹੈ। ਉਹਨਾਂ ਇਹ ਵੀ ਕਿਹਾ ਕਿ ਔਰਤ ਨੂੰ ਮੁੱਖ ਰੱਖ ਕੇ ਕਵਿਤਾ ਲਿਖਣ ਵੇਲੇ ਔਰਤ ਨੂੰ ਆਦਮੀ ਤੋਂ ਆਜ਼ਾਦ ਕਰਕੇ ਵੇਖਣਾ ਦੀ ਲੋੜ ਹੈ ਕਿ ਉਸ ਦੀ ਆਪਣੀ ਕੀ ਸਥਿਤੀ ਹੈ, ਉਹ ਕਿੱਥੇ ਖੜ੍ਹੀ ਹੈ ਤੇ ਉਹਦਾ ਕੀ ਮੰਤਵ ਹੈ ਅਤੇ ਅਜਿਹੇ ਕੁਝ ਸ਼ਬਦਾਂ ਅਤੇ ਆਦਤਾਂ ਤੋਂ ਬਚਣਾ ਚਾਹੀਦਾ ਹੈ ਜੋ ਆਦਮੀ ਤੇ ਔਰਤ ਵਿਚਕਾਰ ਪਾੜਾ ਵਧਾ ਰਹੇ ਹਨ।
ਤੀਜਾ ਪਰਚਾ ਕੈਲਗਰੀ ਤੋਂ ਸਰਬਜੀਤ ਕੌਰ ਜਵੰਦਾ ਦਾ ਲਿਖਿਆ ਹੋਇਆ ਸੀ ਜਿਸ ਨੂੰ ਜਗਜੀਤ ਸੰਧੂ ਨੇ ਹੀ ਪੜ੍ਹ ਕੇ ਸੁਣਾਇਆ। ਸਰਬਜੀਤ ਕੌਰ ਜਵੰਦਾ ਦਾ ਕਹਿਣਾ ਸੀ ਕਿ ਇਸ ਪੁਸਤਕ ਵਿੱਚ ਵਿਚਲੀਆਂ ਕਵਿਤਾਵਾਂ ਆਪਣਾ ਨਿਵੇਕਲਾ ਭਾਸ਼ਾ ਵਿਆਕਰਨ ਉਸਾਰਦੀਆਂ ਹਨ। ਇਹ ਸਾਰੀਆਂ ਕਵਿਤਾਵਾਂ ਬੇਹੱਦ ਸੂਖ਼ਮ ਭਾਵਾਂ ਦੀ ਸ਼ਬਦਾਂ ਰਾਹੀਂ ਸਹਿਜ ਪੇਸ਼ਕਾਰੀ ਕਰਦੀਆਂ ਹਨ। ਇਹਨਾਂ ਕਵਿਤਾਵਾਂ ਰਾਹੀਂ ‘ਤਾਪਸੀ’ ਦੇ ਤਾਪ ਦਾ ਅਹਿਸਾਸ ਕਰਨ ਲਈ ਤੁਹਾਨੂੰ ਔਰਤ ਹੋਣਾ ਪਵੇਗਾ।
ਨਾਮਵਰ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਕਿਹਾ ਕਿ ਜਗਜੀਤ ਸੰਧੂ ਦੀ ਕਵਿਤਾ ਪੰਜਾਬੀ ਕਵਿਤਾ ਨਾਲੋਂ ਬਿਲਕੁਲ ਹਟਵੀਂ ਹੈ। ਇਸ ਨੂੰ ਵਿਆਖਿਆ ਦੀ ਲੋੜ ਨਹੀਂ ਸਗੋਂ ਇਹ ਕਵਿਤਾ ਵਿਚਾਰਨ ਅਤੇ ਮਾਨਣ ਵਾਲੀ ਹੈ। ਸਵਰਨਜੀਤ ਸਵੀ ਵੱਲੋਂ ਇਸ ਪੁਸਤਕ ਵਿੱਚ ਕੀਤੀ ਗਈ ਚਿੱਤਰਕਾਰੀ ਵੀ ਬਹੁਤ ਕਮਾਲ ਦੀ ਹੈ। ਪੁਸਤਕ ਉੱਪਰ ਪ੍ਰਸਿੱਧ ਸ਼ਾਇਰ ਅਜਮੇਰ ਰੋਡੇ ਅਤੇ ਸੁਰਜੀਤ ਕਲਸੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਮੀਨੂ ਬਾਬਾ ਨੇ ਪੁਸਤਕ ਵਿਚਲੇ ਇੱਕ ਗੀਤ ਨੂੰ ਆਪਣੀ ਸੁਰੀਲੀ ਆਵਾਜ਼ ਰਾਹੀਂ ਪੇਸ਼ ਕੀਤਾ। ਅੰਤ ਵਿੱਚ ਸਟੇਜ ਸੰਚਾਲਨ ਕਰ ਰਹੇ ਮੰਚ ਦੇ ਸਕੱਤਰ ਮੋਹਨ ਗਿੱਲ ਨੇ ਸਾਰੇ ਵਿਦਵਾਨਾਂ ਅਤੇ ਸਮਾਗਮ ਵਿੱਚ ਹਾਜਰ ਸਭਨਾਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ।