ਵੈਨਕੂਵਰ ਵਿਚਾਰ ਮੰਚ ਵੱਲੋਂ ਇੰਗਲੈਂਡ ਤੋਂ ਆਏ ਕਲਾਕਾਰ ਜੱਗੀ ਯੂ.ਕੇ. ਨਾਲ ਰੂਬਰੂ  

233
Share

ਸਰੀ, 11 ਅਪ੍ਰੈਲ (ਹਰਦਮ ਮਾਨ/ਪੰਜਾਬ ਮੇਲ)ਵੈਨਕੂਵਰ ਵਿਚਾਰ ਮੰਚ ਵੱਲੋਂ ਇੰਗਲੈਂਡ ਤੋਂ ਆਏ ਬਹੁਪੱਖੀ ਕਲਾਕਾਰ ਜੱਗੀ ਯੂ.ਕੇ. ਨਾਲ ਰੂਬਰੂ ਪ੍ਰੋਗਰਾਮ ਕਰਵਾਇਆ ਗਿਆ। ਜਰਨੈਲ ਆਰਟ ਗੈਲਰੀ ਅਤੇ ਗੁਰਦੀਪ ਆਰਟਸ ਅਕੈਡਮੀ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਪ੍ਰੋਗਰਾਮ ਵਿਚ  ਜੱਗੀ ਯੂ.ਕੇ. ਨੇ ਆਪਣੀ ਕਲਾ ਦੇ ਸਫ਼ਰ ਦੀ ਸਾਂਝ ਪੁਆਈ।

ਪ੍ਰੋਗਰਾਮ ਦਾ ਆਗਾਜ਼ ਜਰਨੈਲ ਸਿੰਘ ਆਰਟਿਸਟ ਦੇ ਸਵਾਗਤੀ ਸ਼ਬਦਾਂ ਨਾਲ ਹੋਇਆ। ਉਪਰੰਤ  ਅੰਗਰੇਜ਼ ਬਰਾੜ ਨੇ ਜੱਗੀ ਯੂ.ਕੇ. ਦੇ ਜੀਵਨ ਤੇ ਝਾਤ ਪੁਆਈ ਅਤੇ ਉਸ ਨਾਲ ਆਪਣੀ ਮਿੱਤਰਤਾ ਅਤੇ ਸਾਂਝ ਦਾ ਜ਼ਿਕਰ ਕੀਤਾ। ਜੱਗੀ ਯੂ ਕੇ ਨੇ  ਦੱਸਿਆ ਕਿ ਕਾਲਜ ਪੜ੍ਹਦਿਆਂ ਹੀ ਉਸ ਦਾ ਝੁਕਾਅ ਕਲਾ ਵੱਲ ਹੋ ਗਿਆ ਸੀ ਤੇ ਫਿਰ ਨੌਰਥ ਕਲਚਰਲ ਜ਼ੋਨ ਪਟਿਆਲਾ ਵਿਚ ਪੰਮੀ ਬਾਈ ਨਾਲ ਭੰਗੜੇ ਦੀ ਟੀਮ ਵਿੱਚ ਸ਼ਾਮਲ ਹੋ ਕੇ ਭਾਰਤ ਭਰ ਵਿਚ  ਪ੍ਰੋਗਰਾਮ ਕੀਤੇ। ਕਈ ਗਾਇਕਾਂ ਨਾਲ ਸਟੇਜ ਸੰਚਾਲਨ ਕੀਤਾ ਅਤੇ ਕੁਝ ਫਿਲਮਾਂ ਵਿਚ ਵੀ ਅਦਾਕਾਰੀ ਕੀਤੀ। ਫਿਰ ਇੰਗਲੈਂਡ ਚਲੇ ਗਏ ਤੇ ਉੱਥੇ ਆਪਣਾ ਨਵਾਂ ਜੀਵਨ ਸ਼ੁਰੂ ਕੀਤਾ ਪਰ ਆਪਣੀ ਕਲਾ ਨਾਲ ਉਹ ਜੁੜੇ ਰਹੇ। ਜ਼ਿੰਦਗੀ ਵਿਚ ਕਈ ਉਤਰਾਅ ਚੜ੍ਹਾਅ ਆਏ ਪਰ ਅੰਗਰੇਜ਼ ਬਰਾੜ ਵਰਗੇ ਦੋਸਤਾਂ ਦੀ ਬਦੌਲਤ ਜ਼ਿੰਦਗੀ ਦੇ ਔਖੜ ਪੈਂਡੇ ਨੂੰ ਸਰ ਕਰ ਲਿਆ। ਤਾਜ਼ਾ ਸਫਰ ਦਾ ਜ਼ਿਕਰ ਕਰਦਿਆਂ ਉਸ ਨੇ ਪੰਜਾਬੀ ਗਾਇਕੀ ਵੱਲ ਮੋੜਾ ਕੱਟਣ ਦੀ ਗੱਲ ਕਹੀ ਅਤੇ ਚੰਗੀਆਂ ਰਚਨਾਵਾਂ ਨੂੰ ਪੰਜਾਬੀ ਸਰੋਤਿਆਂ ਦੇ ਤੀਕ ਪਹੁੰਚਾਉਣ ਦੀ ਇੱਛਾ ਪ੍ਰਗਟਾਈ।

ਇਸ ਮੌਕੇ ਉਸ ਨੇ ਪ੍ਰਸਿੱਧ ਸਾਰੰਗੀ ਵਾਦਕ ਚਮਕੌਰ ਸੇਖੋਂ ਅਤੇ ਰਾਜ ਸਿੱਧੂ ਦੇ ਸਹਿਯੋਗ ਨਾਲ ਕੁਝ ਕਲੀਆਂ ਆਪਣੀ ਆਵਾਜ਼ ਵਿੱਚ ਪੇਸ਼ ਕਰਕੇ ਮਾਹੌਲ ਨੂੰ ਸੰਗੀਤਮਈ ਬਣਾਇਆ। ਚਮਕੌਰ ਸੇਖੋਂ ਅਤੇ ਰਾਜ ਸਿੱਧੂ ਨੇ ਵੀ ਪ੍ਰਸਿੱਧ ਕਵੀਸ਼ਰ ਕਰਨੈਲ ਸਿੰਘ ਪਾਰਸ ਦੀਆਂ ਦੋ ਰਚਨਾਵਾਂ ਰਾਹੀਂ ਸੰਗੀਤਕ ਮਾਹੌਲ ਵਿੱਚ ਲੋਕ ਰੰਗ ਭਰਿਆ। ਇਸ ਗਾਇਕੀ ਵਿਚ ਪ੍ਰਸਿੱਧ ਆਰਟਿਸਟ ਬਿੱਲਾ ਤੱਖੜ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ।

ਸ਼ਾਇਰ ਮੋਹਨ ਗਿੱਲ, ਅੰਗਰੇਜ਼ ਬਰਾੜ ਅਤੇ ਹਰਦਮ ਮਾਨ ਨੇ ਵੀ ਆਪਣੀਆਂ ਕਾਵਿ-ਰਚਨਾਵਾਂ ਸਾਂਝੀਆਂ ਕੀਤੀਆਂ। ਅੰਤ ਵਿਚ ਪ੍ਰਸਿੱਧ ਨਾਵਲਕਾਰ  ਜਰਨੈਲ ਸਿੰਘ ਸੇਖਾ ਨੇ ਜੱਗੀ ਯੂ.ਕੇ. ਅਤੇ ਹਾਜਰੀਨ ਦੋਸਤਾਂ ਦਾ ਧੰਨਵਾਦ ਕੀਤਾ। ਇਸ ਪ੍ਰੋਗਰਾਮ ਵਿਚ ਜੱਗੀ ਦੇ ਦੋਸਤ ਗੁਰਪ੍ਰੀਤ ਗਿੱਲ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਜਰਨੈਲ ਸਿੰਘ ਸੇਖਾ ਵੱਲੋਂ ਜੱਗੀ ਯੂ.ਕੇ. ਨੂੰ ਆਪਣੀਆਂ ਕਿਤਾਬਾਂ ਦਾ ਸੈੱਟ ਵੀ ਭੇਟ ਕੀਤਾ ਗਿਆ।


Share