#CANADA

ਵੈਨਕੂਵਰ ਦੇ ਪ੍ਰਮੁੱਖ ਯਾਤਰੀ ਸਥਾਨ ‘Canada Place’ ਦਾ ਆਨਰੇਰੀ ਨਾਮ ‘Komagata Maru Place’ ਰੱਖਿਆ

ਵੈਨਕੂਵਰ ਸਿਟੀ ਦੇ ਮੇਅਰ ਕੇਨ ਸਿਮ ਨੇ ਕੀਤਾ ਉਦਘਾਟਨ
ਸਰੀ, 10 ਫਰਵਰੀ (ਹਰਦਮ ਮਾਨ/ਪੰਜਾਬ ਮੇਲ) – 1914 ਦੇ ਕਾਮਾਗਾਟਾ ਮਾਰੂ ਦੁਖਾਂਤ ਵਿਚ ਸਿਟੀ ਦੀ ਭੂਮਿਕਾ ਲਈ ਸੱਭਿਆਚਾਰਕ ਨਿਵਾਰਣ ਦਾ ਇੱਕ ਹੋਰ ਕਾਰਜ ਕਰਦਿਆਂ ਵੈਨਕੂਵਰ ਸਿਟੀ ਦੇ ਮੇਅਰ ਕੇਨ ਸਿਮ ਨੇ ਵੈਨਕੂਵਰ ਵਿਖੇ ਯਾਤਰੀਆਂ ਦੇ ਖਿੱਚ-ਕੇਂਦਰ ‘ਕੈਨੇਡਾ ਪਲੇਸ’ ਦਾ ਆਨਰੇਰੀ ਨਾਮ ‘ਕਾਮਾਗਾਟਾਮਾਰੂ ਪਲੇਸ’ ਰੱਖਣ ਦਾ ਉਦਘਾਟਨ ਕੀਤਾ। ਇਸ ਮੌਕੇ ਸਾਊਥ ਏਸ਼ੀਅਨ ਕੈਨੇਡੀਅਨ ਕਮਿਊਨਿਟੀ ਦੇ ਬਹੁਤ ਸਾਰੇ ਪਤਵੰਤੇ ਵੀ ਸ਼ਾਮਲ ਸਨ।
ਇਹ ਆਨਰੇਰੀ ਨਾਮਕਰਨ ਅਤੇ ਨਵਾਂ ਚਿੰਨ੍ਹ ਦੇਣ ਦਾ ਫੈਸਲਾ ਸਿਟੀ ਕੌਂਸਲ ਵੱਲੋਂ ਮਈ 2023 ‘ਚ ਲਿਆ ਗਿਆ ਸੀ। ਗੁਰੂ ਨਾਨਕ ਜਹਾਜ਼, ਜਿਸ ਨੂੰ ਆਮ ਤੌਰ ‘ਤੇ ਕਾਮਾਗਾਟਾਮਾਰੂ ਵਜੋਂ ਜਾਣਿਆ ਜਾਂਦਾ ਹੈ, ਵਿਚ ਔਰਤਾਂ ਅਤੇ ਬੱਚਿਆਂ ਸਮੇਤ 340 ਸਿੱਖ, 24 ਮੁਸਲਿਮ ਅਤੇ 12 ਹਿੰਦੂ ਯਾਤਰੀ ਸਵਾਰ ਸਨ ਅਤੇ ਜ਼ਿਆਦਾਤਰ ਪੰਜਾਬ ਭਾਰਤ ਤੋਂ ਸਨ। ਉਨ੍ਹਾਂ ਦੀ ਨਜ਼ਰਬੰਦੀ, ਉਨ੍ਹਾਂ ਨਾਲ ਕੀਤੇ ਦੁਰਵਿਵਹਾਰ, ਉਨ੍ਹਾਂ ਨੂੰ ਦਰਪੇਸ਼ ਆਈਆਂ ਅਨੇਕਾਂ ਪਰੇਸ਼ਾਨੀਆਂ ਸਰਕਾਰ ਵੱਲੋਂ ਤਿੰਨ ਪੱਧਰ ਤੋਂ ਕੀਤੇ ਗਏ ਨਸਲੀ ਵਿਤਕਰੇ ਦੇ ਦੁਖਦਾਈ ਦੌਰ ਦੀ ਨਿਸ਼ਾਨਦੇਹੀ ਕਰਦੀਆਂ ਹਨ। ਕਾਮਾਗਾਟਾਮਾਰੂ ਜਹਾਜ਼ ਦੀ ਇਤਿਹਾਸਕ ਮਹੱਤਤਾ ਨੂੰ ਮੁੱਖ ਰੱਖਦਿਆਂ ਹੀ ਸਿਟੀ ਕੌਂਸਲ ਵੱਲੋਂ ਕੈਨੇਡਾ ਪਲੇਸ ਨੂੰ ਚੁਣਿਆ ਗਿਆ, ਜੋ ਕਿ 1914 ਵਿਚ ਬੁਰਾਰਡ ਇਨਲੇਟ ਵਿਚ ਤਾਇਨਾਤ ਕਾਮਾਗਾਟਾ ਮਾਰੂ ਜਹਾਜ਼ ਦਾ ਸਭ ਤੋਂ ਨਜ਼ਦੀਕੀ ਸਥਾਨ ਹੈ।
ਇਸ ਸਥਾਨ ਦਾ ਨਵਾਂ ਚਿੰਨ੍ਹ ਪੰਜਾਬੀ ਵਿਜ਼ੀਅਲ ਕਲਾਕਾਰ ਜਗ ਨਾਗਰਾ ਨੇ ਬਣਾਇਆ ਹੈ। ਲੈਂਪ ਪੋਸਟਾਂ ‘ਤੇ ਲਾਏ ਗਏ ਸਟੋਰੀ ਬੋਰਡ ਰਾਹਗੀਰਾਂ ਨੂੰ ਕਲਾਕਾਰੀ ਅਤੇ ਕਾਮਾਗਾਟਾਮਾਰੂ ਤ੍ਰਾਸਦੀ ਦੇ ਇਤਿਹਾਸ ਬਾਰੇ ਜਾਣਨ ਦੀ ਪ੍ਰੇਰਿਤ ਕਰਦੇ ਹਨ। ਇੱਕ QR ਕੋਡ ਵੀ ਬਣਾਇਆ ਗਿਆ ਹੈ ਜਿਸ ਨਾਲ ਪਾਠਕ ਇੱਕ ਵੈੱਬਪੇਜ (vancouver.ca/komagata-maru) ‘ਤੇ ਵਧੇਰੇ ਜਾਣਕਾਰੀ ਦੇਖ ਸਕਦੇ ਹਨ।
ਜ਼ਿਕਰਯੋਗ ਹੈ ਕਿ 18 ਮਈ, 2021 ਨੂੰ, ਵੈਨਕੂਵਰ ਸਿਟੀ ਕੌਂਸਲ ਨੇ ਰਸਮੀ ਤੌਰ ‘ਤੇ 1914 ਵਿਚ ਕਾਮਾਗਾਟਾਮਾਰੂ ‘ਤੇ ਸਵਾਰ ਯਾਤਰੀਆਂ ਨਾਲ ਕੀਤੇ ਗਏ ਵਿਤਕਰੇ ਵਿਚ ਨਿਭਾਈ ਭੂਮਿਕਾ ਲਈ ਮੁਆਫੀ ਮੰਗੀ ਸੀ ਅਤੇ 23 ਮਈ ਨੂੰ ਅਧਿਕਾਰਤ ਤੌਰ ‘ਤੇ ਕਾਮਾਗਾਟਾਮਾਰੂ ਯਾਦਗਾਰੀ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਸੀ।
ਉਦਘਾਟਨੀ ਮੌਕੇ ਆਪਣੇ ਜਜ਼ਬਾਤ ਸਾਂਝੇ ਕਰਦਿਆਂ ਮੇਅਰ ਕੇਨ ਸਿਮ ਨੇ ਕਿਹਾ, ”ਸਾਡੇ ਸਾਂਝੇ ਇਤਿਹਾਸ ਦੇ ਇਸ ਦੁਖਦਾਈ ਅਧਿਆਏ ‘ਤੇ ਪ੍ਰਤੀਬਿੰਬਤ ਕਰਨ ਲਈ ਕਾਮਾਗਾਟਾਮਾਰੂ ਪਲੇਸ ਵਿਖੇ ਦੱਖਣੀ ਏਸ਼ੀਆਈ ਕੈਨੇਡੀਅਨ ਭਾਈਚਾਰਿਆਂ ਦੇ ਮੈਂਬਰਾਂ ਨਾਲ ਇਕੱਠੇ ਹੋਣਾ ਮਾਣ ਵਾਲੀ ਗੱਲ ਹੈ।ਅਸੀਂ ਅਤੀਤ ਤੋਂ ਸਿੱਖਣ ਅਤੇ ਇੱਕ ਹੋਰ ਸਰਬ ਸਾਂਝਾ ਭਵਿੱਖ ਸਿਰਜਣ ਲਈ ਵਚਨਬੱਧ ਹਾਂ। ਕਾਮਾਗਾਟਾਮਾਰੂ ਸਥਾਨ ਦਾ ਆਨਰੇਰੀ ਨਾਮਕਰਨ ਇੱਕ ਪ੍ਰਤਿਭਾਸ਼ਾਲੀ ਸਥਾਨਕ ਕਲਾਕਾਰ ਜਗ ਨਾਗਰਾ ਦੁਆਰਾ ਡਿਜ਼ਾਈਨ ਕੀਤਾ ਗਿਆ ਹੈ, ਜੋ ਇਕ ਪ੍ਰਭਾਵਸ਼ਾਲੀ ਨਵਾਂ ਸੰਕੇਤ ਹੈ ਅਤੇ ਦੱਖਣੀ ਏਸ਼ੀਆਈ ਭਾਈਚਾਰਿਆਂ ਪ੍ਰਤੀ ਇਤਿਹਾਸਕ ਵਿਤਕਰੇ ਨੂੰ ਹੱਲ ਕਰਨ ਲਈ ਸ਼ਹਿਰ ਦੇ ਚੱਲ ਰਹੇ ਵੱਡੇ ਕਾਰਜਾਂ ਦਾ ਇੱਕ ਮਹੱਤਵਪੂਰਨ ਕਦਮ ਹੈ।”
ਕਲਾਕਾਰ ਜਗ ਨਾਗਰਾ ਨੇ ਕਿਹਾ ਕਿ ਕਲਾ ਰਾਹੀਂ ਸਾਡੇ ਭਾਈਚਾਰੇ ਦੀਆਂ ਇਤਿਹਾਸਕ ਕਹਾਣੀਆਂ ਸਾਂਝੀਆਂ ਕਰਨ ਦੇ ਯੋਗ ਹੋਣਾ ਮੇਰੇ ਲਈ ਬਹੁਤ ਮਹੱਤਵਪੂਰਨ ਹੈ ਅਤੇ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਮੈਨੂੰ ਕਾਮਾਗਾਟਾਮਾਰੂ ਦੇ ਮੁਸਾਫਿਰਾਂ ਅਤੇ ਉਨ੍ਹਾਂ ਦੀ ਵਿੱਥਿਆ, ਸੰਘਰਸ਼ ਅਤੇ ਉਨ੍ਹਾਂ ਨੂੰ ਦਰਪੇਸ਼ ਵਿਤਕਰੇ ਭਰੇ ਅਹਿਸਾਸਾਂ ਦਾ ਮਾਨਵੀਕਰਨ ਕਰਨ ਲਈ ਕਲਾਕ੍ਰਿਤੀਆਂ ਬਣਾਉਣ ਦਾ ਮੌਕਾ ਮਿਲਿਆ।
ਆਨਰੇਰੀ ਨਾਮਕਰਨ ਅਤੇ ਚਿੰਨ੍ਹ ਦੇ ਉਦਘਾਟਨੀ ਮੌਕੇ ਹੋਰਨਾਂ ਤੋਂ ਇਲਾਵਾ ਕਾਮਾਗਾਟਾਮਾਰੂ ਡੈਸੀਡੈਂਟਸ ਸੋਸਾਇਟੀ, ਖਾਲਸਾ ਦੀਵਾਨ ਸੁਸਾਇਟੀ, ਪੰਜਾਬੀ ਮਾਰਕੀਟ ਕੁਲੈਕਟਿਵ, ਸਿਟੀ ਆਫ਼ ਵੈਨਕੂਵਰ ਦੇ ਦੱਖਣੀ ਏਸ਼ੀਆਈ ਕਲਾਕਾਰ, ਕਿਊਰੇਟਰਜ਼ ਅਤੇ ਸੱਭਿਆਚਾਰਕ ਵਰਕਰ, ਕਲਾਕਾਰ ਚੋਣ ਪੈਨਲ ਅਤੇ ਦੱਖਣੀ ਏਸ਼ੀਅਨ ਡੀਸੇਂਟ ਕਮਿਊਨਿਟੀ ਐਡਵਾਇਜ਼ਰੀ ਕਮੇਟੀ ਦੇ ਨੁਮਾਇੰਦੇ ਹਾਜ਼ਰ ਸਨ।