#PUNJAB

ਵਿਸ਼ਵ ਭਰ ਵਿੱਚ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਦੀ ਲੋੜ- ਡਾ: ਕਥੂਰੀਆ

ਵਿਸ਼ਵ ਪੰਜਾਬੀ ਸਭਾ, ਕੈਨੇਡਾ ਦੇ ਚੇਅਰਮੈਨ ਦਾ ਫਗਵਾੜਾ ‘ਚ ਨਿੱਘਾ ਸਵਾਗਤ
ਫਗਵਾੜਾ, 19 ਦਸੰਬਰ (ਪੰਜਾਬ ਮੇਲ) ਪੰਜਾਬੀ ਲੇਖਕਾਂ ਅਤੇ ਪੰਜਾਬੀ ਪਿਆਰਿਆਂ ਨਾਲ ਕੀਤੀ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਵਿਸ਼ਵ ਪੰਜਾਬੀ ਸਭਾ, ਕੈਨੇਡਾ ਦੇ ਚੇਅਰਮੈਨ ਡਾ: ਦਲਬੀਰ ਸਿੰਘ ਕਥੂਰੀਆ ਨੇ ਕਿਹਾ ਕਿ ਵਿਸ਼ਵ ਭਰ ਵਿੱਚ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਨਿਰੰਤਰ ਯਤਨਾਂ ਦੀ ਲੋੜ ਹੈ। ਇਸੇ ਲੋੜ ਨੂੰ ਧਿਆਨ ‘ਚ ਰੱਖਦਿਆਂ ਕੈਨੇਡਾ ਵਿੱਚ ਵਿਸ਼ਵ ਪੰਜਾਬੀ ਸਭਾ ਦਾ ਗਠਨ ਕੀਤਾ ਗਿਆ ਹੈ ਜੋ ਕਿ ਵਿਸ਼ਵ ਭਰ ‘ਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਕੰਮ ਕਰ ਰਹੇ ਲੋਕਾਂ, ਸੰਸਥਾਵਾਂ ਨੂੰ ਇੱਕ ਪਲੇਟਫਾਰਮ ਉਤੇ ਲਿਆਏਗੀ। ਇਸੇ ਮੰਤਵ ਨਾਲ ਪੰਜਾਬ ਭਵਨ ਬਰੈਂਪਟਨ ਵਿਖੇ ਪੰਜਾਬ ਭਵਨ ਉਸਾਰਿਆ ਗਿਆ ਹੈ ਅਤੇ ਵੱਖੋ-ਵੱਖਰੇ ਦੇਸ਼ਾਂ ਖਾਸ ਕਰਕੇ ਪੰਜਾਬ ‘ਚ ਇਸ ਸੰਸਥਾ ਦੀਆਂ ਸਰਗਰਮੀਆਂ ਵਧਾਈਆਂ ਜਾ ਰਹੀਆਂ ਹਨ। ਫਗਵਾੜਾ ਵਿਖੇ ਡਾ: ਦਲਬੀਰ ਸਿੰਘ ਕਥੂਰੀਆ ਅਤੇ ਬਲਬੀਰ ਕੌਰ ਰਾਏਕੋਟੀ ਪ੍ਰਧਾਨ ਪੰਜਾਬ ਚੈਪਟਰ ਦਾ ਸਕੇਪ ਸਾਹਿੱਤਕ ਸੰਸਥਾ ਦੇ ਪ੍ਰਧਾਨ ਪਰਵਿੰਦਰਜੀਤ ਸਿੰਘ, ਸਾਬਕਾ ਪ੍ਰਧਾਨ ਬਲਦੇਵ ਰਾਜ ਕੋਮਲ , ਸਾਬਕਾ ਪ੍ਰਧਾਨ ਰਵਿੰਦਰ ਚੋਟ, ਸਾਬਕਾ ਪ੍ਰਧਾਨ ਕਰਮਜੀਤ ਸਿੰਘ ਸੰਧੂ, ਸੁਖਵਿੰਦਰ ਸਿੰਘ ਪ੍ਰਧਾਨ ਸਰਬ ਨੌਜਵਾਨ ਸਭਾ, ਵਿਜੈ ਕੁਮਾਰ ਜਨਰਲ ਸਕੱਤਰ, ਮੀਤ ਪ੍ਰਧਾਨ ਰਵਿੰਦਰ ਰਾਏ ਅਤੇ ਉੱਘੇ ਵਕੀਲ ਐਸ.ਐਲ. ਵਿਰਦੀ ਅਤੇ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਨੇ ਸਵਾਗਤ ਕੀਤਾ।
ਇਸ ਸਮੇਂ ਬੋਲਦਿਆਂ ਐਡਵੋਕੇਟ ਐਸ .ਐਲ. ਵਿਰਦੀ ਨੇ ਕਿਹਾ ਕਿ ਫਗਵਾੜਾ ਵਿਦਿਅਕ, ਸਾਹਿੱਤਕ, ਸਭਿਆਚਾਰਕ ਸਰਗਰਮੀਆਂ ਦਾ ਧੁਰਾ ਹੈ ਅਤੇ ਇਥੋਂ ਦੇ ਲੇਖਕ, ਚਿੰਤਕ, ਲਗਾਤਾਰ ਪੰਜਾਬੀ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਲਈ ਯਤਨਸ਼ੀਲ ਹਨ।
ਪ੍ਰਿੰ: ਗੁਰਮੀਤ ਸਿੰਘ ਪਲਾਹੀ ਨੇ ਕਿਹਾ ਕਿ ਫਗਵਾੜਾ ਦੀਆਂ ਸਾਹਿੱਤਕ, ਸਮਾਜਿਕ ਸੰਸਥਾਵਾਂ ਵਿਸ਼ਵ ਪੱਧਰ ‘ਚ ਡਾ: ਦਲਬੀਰ ਸਿੰਘ ਕਥੂਰੀਆ, ਸੁੱਖੀ ਬਾਠ ਅਤੇ ਹੋਰ ਸ਼ਖ਼ਸੀਅਤਾਂ ਵਲੋਂ ਆਰੰਭੀਆਂ ਸਰਗਰਮੀਆਂ ਨਾਲ ਸਾਂਝ ਪਾਕੇ ਖੁਸ਼ੀ ਮਹਿਸੂਸ ਕਰਦੀਆਂ ਹਨ। ਇਸ ਸਮੇਂ ਹੋਰਨਾਂ ਤੋਂ ਬਿਨ੍ਹਾਂ ਸੰਧੂ ਵਰਿਆਣਵੀ, ਕੰਵਲਜੀਤ ਸਿੰਘ ਲੱਕੀ ਲੁਧਿਆਣਾ, ਗੁਰਸੇਵਕ ਸਿੰਘ ਜਲੰਧਰ, ਅਮਰਜੋਤ ਸਿੰਘ ਜਲੰਧਰ,ਮਨਦੀਪ ਬਾਸੀ ਆਦਿ ਹਾਜ਼ਰ ਸਨ।
ਇਸ ਸਮੇਂ ਡਾ: ਦਲਬੀਰ ਸਿੰਘ ਕਥੂਰੀਆ ਅਤੇ ਬਲਬੀਰ ਕੌਰ ਰਾਏਕੋਟੀ ਨੂੰ ਪੁਸਤਕਾਂ ਦਾ ਸੈੱਟ ਅਤੇ ਦੁਸ਼ਾਲੇ ਦੇ ਕੇ ਸਨਮਾਨਤ ਕੀਤਾ ਗਿਆ।