ਕੁਲਵਿੰਦਰ, ਜਗਜੀਤ ਨੌਸ਼ਹਿਰਵੀ ਅਤੇ ਨੀਲਮ ਲਾਜ ਸੈਣੀ ਦੀ ਟੀਮ ਕਾਰਜਕਾਰਨੀ ਲਈ ਮੁੜ ਚੁਣੀ ਗਈ
ਸਰੀ, 31 ਜਨਵਰੀ (ਹਰਦਮ ਮਾਨ/ਪੰਜਾਬ ਮੇਲ)-ਬੀਤੇ ਦਿਨੀਂ ਵਿਸ਼ਵ ਪੰਜਾਬੀ ਸਾਹਿਤ ਅਕਾਦਮੀ (ਵਿਪਸਾਅ) ਕੈਲੀਫੋਰਨੀਆ ਦੀ ਮਾਸਿਕ ਮਿਲਣੀ ਹੋਈ। ਸਭ ਤੋਂ ਪਹਿਲਾਂ ਪ੍ਰਧਾਨ ਕੁਲਵਿੰਦਰ ਨੇ ਨਵੇਂ ਸਾਲ ਨੂੰ ਜੀ ਆਇਆਂ ਕਹਿੰਦੇ ਹੋਏ ਹਾਜ਼ਰ ਮੈਂਬਰਾਂ ਨੂੰ ਪਿਛਲੇ ਵਰ੍ਹੇ ਦੀ ਕਾਨਫ਼ਰੰਸ ਦੀ ਸਫ਼ਲਤਾ ਲਈ ਵਧਾਈ ਦਿੱਤੀ। ਉਸ ਨੇ ਕਿਹਾ ਕਿ ਇਹ ਕਾਰਜ ਸਭ ਦੇ ਭਰਵੇਂ ਸਹਿਯੋਗ ਨਾਲ਼ ਹੀ ਕਾਮਯਾਬ ਰਿਹਾ। ਜਨਰਲ ਸਕੱਤਰ ਜਗਜੀਤ ਨੌਸ਼ਿਹਰਵੀ ਨੇ ਕਾਨਫਰੰਸ ਦੇ ਆਮਦਨ/ਖ਼ਰਚ ਦੀ ਪਾਰਦਰਸ਼ੀ ਰਿਪੋਰਟ ਪੇਸ਼ ਕੀਤੀ। ਜਿਸ ਦੀ ਸਭ ਵੱਲੋਂ ਸ਼ਲਾਘਾ ਕੀਤੀ ਗਈ। ਮੀਤ ਪ੍ਰਧਾਨ ਪ੍ਰੋ. ਸੁਰਿੰਦਰ ਸਿੰਘ ਸੀਰਤ ਨੇ ਕਿਹਾ ਕਿ ਕੁਲਵਿੰਦਰ, ਜਗਜੀਤ ਨੌਸ਼ਿਹਰਵੀ ਅਤੇ ਲਾਜ ਨੀਲਮ ਸੈਣੀ ਦੀ ਤਿੱਕੜੀ ਦੀ ਮਿਹਨਤ ਸਦਕਾ ਪਿਛਲੇ ਵਰ੍ਹੇ ਵਿਪਸਾਅ ਗੁਣਾਤਮਕ ਮਿਲਣੀਆਂ ਅਤੇ ਕਾਨਫਰੰਸ ਕਰਵਾਉਣ ਵਿੱਚ ਕਾਮਯਾਬ ਰਹੀ ਹੈ।
ਕੁਲਵਿੰਦਰ ਨੇ ਸਭ ਮੈਂਬਰਾਂ ਦਾ ਇਸ ਫ਼ੈਸਲੇ ਲਈ ਇੱਕ ਵਾਰੀ ਫਿਰ ਧੰਨਵਾਦ ਕਰਦੇ ਹੋਏ ਕਿਹਾ ਕਿ ਪਿਛਲੇ ਵਰ੍ਹੇ ਐਸ਼ ਕੁਮ ਐਸ਼ ਅਤੇ ਮੁਕੇਸ਼ ਸ਼ਰਮਾ ਨੇ ਕਾਨਫ਼ਰੰਸ ਨੂੰ ਨੇਪਰੇ ਚਾੜ੍ਹਨ ਲਈ ਬਹੁਤ ਸਹਿਯੋਹ ਦਿੱਤਾ ਹੈ। ਉਹ ਦੋਵਾਂ ਨੂੰ ਕਾਰਜਕਾਰਨੀ ਵਿੱਚ ਸ਼ਾਮਲ ਕਰਾਂਗੇ। ਉਸ ਨੇ ਇਹ ਵੀ ਕਿਹਾ ਕਿ ਇਸ ਵਰ੍ਹੇ ਵਿਪਸਾ ਸਿਲਵਰ ਜੁਬਲੀ ’ਤੇ ਦੋ ਰੋਜ਼ਾ ਕਾਨਫ਼ਰੰਸ ਕਰਵਾਏਗੀ। ਸੁਖਦੇਵ ਸਾਹਿਲ ਨੇ ਦੱਸਿਆ ਕਿ ਉਹ ਅਕਾਦਮੀ ਦੇ ਮੈਂਬਰਾਂ ਦੀਆਂ ਗ਼ਜ਼ਲਾਂ ਅਤੇ ਗੀਤਾਂ ਦੀ ਵਿਸ਼ੇਸ਼ ਐਲਬਮ ਤਿਆਰ ਕਰੇਗਾ ਜੋ ਕਾਨਫ਼ਰੰਸ ਮੌਕੇ ਲੋਕ ਅਰਪਣ ਕੀਤੀ ਜਾਵੇਗੀ।