#AMERICA

ਵਿਸ਼ਵ ਪ੍ਰਸਿੱਧ ਕਬੱਡੀ ਖਿਡਾਰੀ ਦੇਵੀ ਦਿਆਲ ਨਹੀਂ ਰਹੇ

-ਖੇਡ ਕਲੱਬਾਂ ‘ਚ ਸ਼ੋਕ ਦੀ ਲਹਿਰ
ਸੈਕਰਾਮੈਂਟੋ, 17 ਜਨਵਰੀ (ਪੰਜਾਬ ਮੇਲ)-ਵਿਸ਼ਵ ਪ੍ਰਸਿੱਧ ਕਬੱਡੀ ਖਿਡਾਰੀ ਅਤੇ ਕੋਚ, ਕਬੱਡੀ ਦੇ ਭੀਸ਼ਮ ਪਿਤਾਮਾ ਵਜੋਂ ਸਤਿਕਾਰੇ ਜਾਂਦੇ ਦੇਵੀ ਦਿਆਲ ਸ਼ਰਮਾ ਜੀ 76 ਸਾਲ ਦੀ ਉਮਰ ਵਿਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਅਕਾਲ ਚਲਾਣਾ ਕਰ ਗਏ ਹਨ। ਉਹ ਫੋਰਟਿਸ ਹਸਪਤਾਲ ਲੁਧਿਆਣਾ ‘ਚ ਦਾਖਲ ਸਨ, ਜਿੱਥੇ ਉਨ੍ਹਾਂ ਅੰਤਿਮ ਸਾਹ ਲਏ। ਉਹ ਪਿੰਡ ਕੂਬੇ ਦੇ ਜੰਮਪਲ ਸਨ।
ਉਨ੍ਹਾਂ ਦੇ ਦਿਹਾਂਤ ‘ਤੇ ਵਿਸ਼ਵ ਭਰ ‘ਚ ਕਬੱਡੀ ਜਗਤ ਨਾਲ ਜੁੜੀਆਂ ਸ਼ਖਸੀਅਤਾਂ ਵਿਚ ਗਹਿਰੇ ਸ਼ੋਕ ਦੀ ਲਹਿਰ ਹੈ। ਕੈਲੀਫੋਰਨੀਆ ਕਬੱਡੀ ਫੈਡਰੇਸ਼ਨ ਆਫ ਅਮਰੀਕਾ, ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਅਕੈਡਮੀ, ਯੂਨਾਈਟਿਡ ਸਪੋਰਟਸ ਕਲੱਬ ਯੂਨੀਅਨ ਸਿਟੀ, ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਫਰਿਜ਼ਨੋ, ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਫਰਿਜ਼ਨੋ, ਬੇਅ ਏਰੀਆ ਸਪੋਰਟਸ ਕਲੱਬ, ਯੂਬਾ ਸਿਟੀ ਸਪੋਰਟਸ ਕਲੱਬ, ਮੋਡੈਸਟੋ ਸਪੋਰਟਸ ਕਲੱਬ, ਨਿਊਯਾਰਕ, ਸ਼ਿਕਾਗੋ, ਸਿਆਟਲ, ਕੈਨੇਡਾ ਦੀਆਂ ਸਮੁੱਚੀਆਂ ਖੇਡ ਕਲੱਬਾਂ ਨੇ ਇਸ ਮਹਾਨ ਖਿਡਾਰੀ ਦੇ ਅਕਾਲ ਚਲਾਣੇ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਆਪਣੇ ਕਬੱਡੀ ਸਫਰ ਦੌਰਾਨ ਉਨ੍ਹਾਂ ਨੇ ਜਿਥੇ ਆਪਣੀ ਖੇਡ ਰਾਹੀਂ ਨਾਮਣਾ ਖੱਟਿਆ, ਉਥੇ ਉਨ੍ਹਾਂ ਨੇ ਸੈਂਕੜੇ ਖਿਡਾਰੀਆਂ ਨੂੰ ਮੈਦਾਨ ਵਿਚ ਉਤਾਰ ਕੇ ਉਨ੍ਹਾਂ ਨੂੰ ਕਬੱਡੀ ਦੇ ਦਾਅਪੇਚ ਸਿਖਾਏ। ਭਾਵੇਂ ਕਿ ਉਹ ਕੁੱਝ ਸਮਾਂ ਕੈਨੇਡਾ ਵਿਚ ਵੀ ਰਹੇ, ਪਰ ਇਥੋਂ ਉਹ ਸੁੱਖ-ਸੁਵਿਧਾਵਾਂ ਛੱਡ ਕੇ ਵਾਪਸ ਪੰਜਾਬ ਚਲੇ ਗਏ, ਜਿਥੇ ਉਨ੍ਹਾਂ ਨੇ ਆਪਣੇ ਇਕਲੌਤੇ ਮਰਹੂਮ ਬੇਟੇ ਅਲੰਕਾਰ ਦੇ ਨਾਂ ‘ਤੇ ਲੁਧਿਆਣਾ-ਚੰਡੀਗੜ੍ਹ ਰੋਡ ‘ਤੇ ਨੀਲੋਂ ਦੇ ਪੁੱਲ ਦੇ ਕੋਲ ਕਬੱਡੀ ਅਕੈਡਮੀ ਖੋਲ੍ਹੀ। ਇਥੇ ਉਨ੍ਹਾਂ ਨੇ ਕਬੱਡੀ ਖਿਡਾਰੀਆਂ ਨੂੰ ਜਿਥੇ ਮੁਫਤ ਸਿੱਖਿਆ ਦਿੱਤੀ, ਉਥੇ ਹੀ ਉਨ੍ਹਾਂ ਦੇ ਰਹਿਣ ਦਾ ਮੁਫਤ ਬੰਦੋਬਸਤ ਵੀ ਕੀਤਾ। ਉਨ੍ਹਾਂ ਦੀ ਇੱਛਾ ਸੀ ਕਿ ਉਨ੍ਹਾਂ ਦੇ ਆਖਰੀ ਸਾਹ ਉਸ ਕਬੱਡੀ ਮੈਦਾਨ ਵਿਚ ਹੀ ਨਿਕਲੇ। ਭਾਵੇਂ ਕਿ ਪਿਛਲੇ ਲੰਮੇ ਸਮੇਂ ਤੋਂ ਉਨ੍ਹਾਂ ਦੀ ਸਿਹਤ ਸਾਥ ਨਹੀਂ ਸੀ ਦਿੰਦੀ ਅਤੇ ਫਿਰ ਵੀ ਉਨ੍ਹਾਂ ਨੇ ਹੌਂਸਲਾ ਨਹੀਂ ਛੱਡਿਆ ਅਤੇ ਬੱਚਿਆਂ ਨੂੰ ਟ੍ਰੇਨਿੰਗ ਦੇਣੀ ਜਾਰੀ ਰੱਖੀ।
ਭਾਵੇਂ ਕਿ ਬਹੁਤ ਸਾਰੇ ਖਿਡਾਰੀਆਂ ਨੇ ਕਬੱਡੀ ਦੇ ਖੇਤਰ ਵਿਚ ਨਾਮਣਾ ਖੱਟਿਆ ਸੀ, ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੁੰਦਾ ਸੀ ਕਿ ਉਨ੍ਹਾਂ ਦੇ ਕੋਚ ਦੇਵੀ ਦਿਆਲ ਸ਼ਰਮਾ ਜੀ ਸਨ।
ਉਨ੍ਹਾਂ ਦੀ ਕਬੱਡੀ ਲਈ ਦਿੱਤੀ ਦੇਣ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਦੇ ਅਕਾਲ ਚਲਾਣੇ ‘ਤੇ ਕਬੱਡੀ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ।