#Cricket #SPORTS

ਵਿਸ਼ਵ ਕੱਪ 2023: ਆਸਟ੍ਰੇਲੀਆ ਨੇ ਦੱਖਣੀ ਅਫਰੀਕਾ ਨੂੰ 3 ਵਿਕਟਾਂ ਨਾਲ ਹਰਾਇਆ

ਫਾਈਨਲ ‘ਚ ਭਾਰਤ ਨਾਲ ਹੋਵੇਗਾ ਮੁਕਾਬਲਾ

ਕੋਲਕਾਤਾ, 16 ਨਵੰਬਰ (ਪੰਜਾਬ ਮੇਲ)- ਦੱਖਣੀ ਅਫਰੀਕਾ ਅਤੇ ਆਸਟ੍ਰੇਲੀਆ ਵਿਚਾਲੇ ਵਨਡੇ ਵਿਸ਼ਵ ਕੱਪ 2023 ਦਾ ਦੂਜਾ ਅਤੇ ਆਖਰੀ ਸੈਮੀਫਾਈਨਲ ਮੈਚ ਕੋਲਕਾਤਾ ਦੇ ਈਡਨ ਗਾਰਡਨ ‘ਚ ਖੇਡਿਆ ਗਿਆ। ਮੈਚ ‘ਚ ਆਸਟ੍ਰੇਲੀਆ ਨੇ ਦੱਖਣੀ ਅਫਰੀਕਾ ਨੂੰ 3 ਵਿਕਟਾਂ ਨਾਲ ਹਰਾਇਆ। ਇਸ ਦੇ ਨਾਲ ਹੀ ਆਸਟ੍ਰੇਲੀਆ ਫਾਈਨਲ ‘ਚ ਭਾਰਤ ਨਾਲ ਭਿੜੇਗਾ।
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਦੱਖਣੀ ਅਫਰੀਕਾ ਦੀ ਟੀਮ ਨੇ ਡੇਵਿਡ ਮਿਲਰ ਦੇ ਸੈਂਕੜੇ ਦੀ ਬਦੌਲਤ 49.4 ਓਵਰਾਂ ‘ਚ ਸਾਰੀਆਂ ਵਿਕਟਾਂ ਗੁਆ ਕੇ 212 ਦੌੜਾਂ ਬਣਾਈਆਂ ਤੇ ਆਸਟ੍ਰੇਲੀਆ ਨੂੰ ਜਿੱਤ ਲਈ 213 ਦੌੜਾਂ ਦਾ ਟੀਚਾ ਦਿੱਤਾ। ਦੱਖਣੀ ਅਫਰੀਕਾ ਲਈ ਡੇਵਿਡ ਮਿਲਰ ਨੇ 101 ਦੌੜਾਂ, ਹੈਨਰਿਕ ਕਲਾਸੇਨ ਨੇ 47 ਦੌੜਾਂ ਬਣਾਈਆਂ। ਇਨ੍ਹਾਂ ਤੋਂ ਇਲਾਵਾ ਦੱਖਣੀ ਅਫਰੀਕਾ ਦਾ ਕੋਈ ਹੋਰ ਬੱਲੇਬਾਜ਼ ਟਿਕ ਕੇ ਨਾ ਖੇਡ ਸਕਿਆ ਤੇ ਵਿਕਟਾਂ ਲਗਾਤਾਰ ਡਿਗਦੀਆਂ ਗਈਆਂ। ਆਸਟ੍ਰੇਲੀਆ ਲਈ ਮਿਸ਼ੇਲ ਸਟਾਰਕ ਨੇ 3, ਜੋਸ਼ ਹੇਜ਼ਲਵੁੱਡ ਨੇ 2, ਪੈਟ ਕਮਿੰਸ ਨੇ 3 ਤੇ ਟ੍ਰੈਵਿਸ ਹੈੱਡ ਨੇ 2 ਵਿਕਟਾਂ ਲਈਆਂ। ਟੀਚੇ ਦਾ ਪਿੱਛਾ ਕਰਨ ਆਈ ਆਸਟ੍ਰੇਲੀਆ ਨੇ 47.2 ਓਵਰਾਂ ‘ਚ 7 ਵਿਕਟਾਂ ਗੁਆ ਕੇ 215 ਦੌੜਾਂ ਬਣਾਈਆਂ ਤੇ 3 ਵਿਕਟਾਂ ਨਾਲ ਨਾਲ ਮੈਚ ਜਿੱਤ ਲਿਆ। ਦੱਖਣੀ ਅਫਰੀਕਾ ਲਈ ਕਗਿਸੋ ਰਬਾਡਾ ਨੇ 1, ਏਡਨ ਮਾਰਕਰਮ ਨੇ 1, ਗੇਰਾਡਲ ਕੋਇਟਜ਼ੀ ਨੇ 2, ਤਬਰੇਜ਼ ਸ਼ਮਸੀ ਨੇ 2 ਤੇ ਕੇਸ਼ਵ ਮਹਾਰਾਜ ਨੇ 1 ਵਿਕਟਾਂ ਲਈਆਂ।