#SPORTS

ਵਿਸ਼ਵ ਕੱਪ ਟੀ-20: ਪਹਿਲੀ ਵਾਰ ਫਾਈਨਲ ਵਿੱਚ ਪੁੱਜੀ ਦੱਖਣੀ ਅਫਰੀਕਾ ਦੀ ਟੀਮ

ਕਿੰਗਸਟਨ, 27 ਜੂਨ (ਪੰਜਾਬ ਮੇਲ)- ਇਥੇ ਖੇਡੇ ਜਾ ਰਹੇ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ਮੈਚ ਵਿਚ ਦੱਖਣੀ ਅਫਰੀਕਾ ਨੇ ਅਫਗਾਨਿਸਤਾਨ ਨੂੰ ਹਰਾ ਦਿੱਤਾ ਹੈ ਤੇ ਉਹ ਪਹਿਲੀ ਵਾਰ ਵਿਸ਼ਵ ਕੱਪ ਦੇ ਫਾਈਨਲ ਵਿਚ ਪੁੱਜ ਗਈ ਹੈ। ਇਸ ਜਿੱਤ ਨਾਲ ਦੱਖਣੀ ਅਫਰੀਕਾ ਇਸ ਵਿਸ਼ਵ ਕੱਪ ਦੇ ਫਾਈਨਲ ਵਿਚ ਪੁੱਜਣ ਵਾਲੀ ਪਹਿਲੀ ਟੀਮ ਬਣ ਗਈ ਹੈ ਤੇ ਅੱਜ ਭਾਰਤ ਤੇ ਇੰਗਲੈਂਡ ਵਿਚੋਂ ਜੇਤੂ ਰਹਿਣ ਵਾਲੀ ਟੀਮ ਫਾਈਨਲ ਵਿਚ ਪੁੱਜੇਗੀ ਜੋ ਦੱਖਣੀ ਅਫਰੀਕਾ ਨਾਲ ਫਾਈਨਲ ਮੁਕਾਬਲਾ ਖੇਡੇਗੀ। ਅੱਜ ਦੇ ਮੈਚ ਵਿਚ ਅਫਗਾਨਿਸਤਾਨ ਸਿਰਫ 56 ਦੌੜਾਂ ਦੇ ਸਕੋਰ ’ਤੇ ਆਲ ਆਊਟ ਹੋ ਗਿਆ ਜਦਕਿ ਦੱਖਣੀ ਅਫਰੀਕਾ ਨੇ ਜੇਤੂ ਟੀਚਾ ਇਕ ਵਿਕਟ ਦੇ ਨੁਕਸਾਨ ਨਾਲ ਹਾਸਲ ਕਰ ਲਿਆ। ਦੱਸਣਾ ਬਣਦਾ ਹੈ ਕਿ ਦੱਖਣੀ ਅਫਰੀਕਾ ਪੰਜ ਵਾਰ ਇਕ ਦਿਨਾ ਕ੍ਰਿਕਟ ਤੇ ਦੋ ਵਾਰ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚੋਂ ਹਾਰ ਗਈ ਸੀ ਤੇ ਟੀਮ ਨੇ ਆਪਣੇ ’ਤੇ ਫਾਈਨਲ ਵਿਚ ਨਾ ਪੁੱਜਣ ਦਾ ਦਾਗ ਵੀ ਅੱਜ ਧੋ ਦਿੱਤਾ ਹੈ।