#Cricket #SPORTS

ਵਿਸ਼ਵ ਕੱਪ ਕ੍ਰਿਕਟ ਫਾਈਨਲ ਤੋਂ ਪਹਿਲਾਂ ਆਸਟਰੇਲਿਆਈ ਕਪਤਾਨ ਪੈਟ ਕਮਿੰਸ ਨੇ ਦੇਖੀ ਪਿੱਚ

ਅਹਿਮਦਾਬਾਦ, 18 ਨਵੰਬਰ (ਪੰਜਾਬ ਮੇਲ)- ਮੈਚ ਤੋਂ ਪਹਿਲਾਂ ਪਿੱਚ ਦਾ ਮੁਆਇਨਾ ਕਰਨਾ ਆਮ ਗੱਲ ਹੈ ਪਰ ਉਸ ਪਿੱਚ ਦੀਆਂ ਤਸਵੀਰਾਂ ਲੈਣਾ ਅਸਾਧਾਰਨ ਹੈ, ਜੋ ਡਰੈਸਿੰਗ ਰੂਮ ਵਿਚ ਚਰਚਾ ਕਰਨ ਅਤੇ ਰਣਨੀਤੀ ਬਣਾਉਣ ਲਈ ਲਈਆਂ ਗਈਆਂ ਹੋਣ। ਅਜਿਹਾ ਹੀ ਅੱਜ ਸਵੇਰੇ ਉਸ ਸਮੇਂ ਹੋਇਆ, ਜਦੋਂ ਆਸਟਰੇਲਿਆਈ ਕਪਤਾਨ ਪੈਟ ਕਮਿੰਸ ਭਾਰਤ ਖ਼ਿਲਾਫ਼ ਵਿਸ਼ਵ ਕੱਪ ਫਾਈਨਲ ਲਈ ਵਰਤੀ ਜਾਣ ਵਾਲੀ ਪਿੱਚ ਦੇਖਣ ਲਈ ਪਹੁੰਚੇ। ਵੱਡੇ ਮੈਚ ਤੋਂ ਪਹਿਲਾਂ ਆਸਟਰੇਲਿਆਈ ਖਿਡਾਰੀਆਂ ਦੇ ਮਨਾਂ ਵਿਚ ਪਿੱਚ ਨੂੰ ਲੈ ਕੇ ਕਈ ਤਰ੍ਹਾਂ ਦੇ ਸ਼ੰਕੇ ਹੋ ਸਕਦੇ ਹਨ, ਜਦੋਂ ਕਮਿੰਸ ਤੋਂ ਪੁੱਛਿਆ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡੇ ਗਏ ਮੈਚ ਲਈ ਕਿਸ ਤਰ੍ਹਾਂ ਦੀ ਪਿੱਚ ਦੀ ਵਰਤੋਂ ਕੀਤੀ ਗਈ ਸੀ, ਤਾਂ ਉਨ੍ਹਾਂ ਕਿਹਾ, ‘‘ਮੈਂ ਹੁਣੇ ਹੀ ਪਿੱਚ ਦੇਖੀ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਪਿੱਚ ਕਿਵੇਂ ਹੈ, ਤਾਂ ਉਨ੍ਹਾਂ ਕਿਹਾ, ‘ਮੈਂ ਪਿੱਚ ਨੂੰ ਚੰਗੀ ਤਰ੍ਹਾਂ ਨਹੀਂ ਸਮਝਦਾ ਪਰ ਇਹ ਕਾਫ਼ੀ ਸਖ਼ਤ ਲੱਗ ਰਹੀ ਹੈ। ਇਸ ’ਤੇ ਹੁਣੇ ਪਾਣੀ ਛਿੜਕਿਆ ਹੈ। ਇਸ ਲਈ ਅਸੀਂ ਇਸ ਨੂੰ 24 ਘੰਟਿਆਂ ਬਾਅਦ ਦੁਬਾਰਾ ਦੇਖਾਂਗੇ ਪਰ ਇਹ ਬਹੁਤ ਵਧੀਆ ਵਿਕਟ ਲੱਗ ਰਹੀ ਹੈ।’