#INDIA

ਵਿਰੋਧੀ ਧਿਰਾਂ ਦੇ ਆਗੂਆਂ ਨੇ ਭਾਜਪਾ ਨੂੰ ਹਰਾਉਣ ਦਾ ਦਿੱਤਾ ਸੱਦਾ

ਤਿੰਨ ਅਪਰਾਧਿਕ ਬਿੱਲ ਪਾਸ ਕਰਾਉਣ ਲਈ ਮੈਂਬਰਾਂ ਨੂੰ ਕੀਤਾ ਮੁਅੱਤਲ: ਖੜਗੇ

* ਭਾਜਪਾ ਨੇ ਸੰਸਦ ’ਚ 60 ਫ਼ੀਸਦੀ ਲੋਕਾਂ ਦੀ ਆਵਾਜ਼ ਦਬਾਈ: ਰਾਹੁਲ

ਨਵੀਂ ਦਿੱਲੀ,  23 ਦਸੰਬਰ (ਪੰਜਾਬ ਮੇਲ)- ਹਾਕਮ ਧਿਰ ’ਤੇ ਵਿਰੋਧੀਆਂ ਦੀ ਆਵਾਜ਼ ਦਬਾਉਣ ਦੇ ਦੋਸ਼ ਲਾਉਂਦਿਆਂ ਵਿਰੋਧੀ ਧਿਰਾਂ ਦੇ ਆਗੂਆਂ ਨੇ ਲੋਕਾਂ ਨੂੰ 2024 ਦੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਨੂੰ ਹਰਾਉਣ ਦਾ ਸੱਦਾ ਦਿੱਤਾ ਹੈ। ਸਰਦ ਰੁੱਤ ਇਜਲਾਸ ਦੌਰਾਨ ਸੰਸਦ ਦੇ ਦੋਵੇਂ ਸਦਨਾਂ ’ਚੋਂ 146 ਸੰਸਦ ਮੈਂਬਰਾਂ ਦੀ ਮੁਅੱਤਲੀ ਖ਼ਿਲਾਫ਼ ਇਥੇ ਜੰਤਰ-ਮੰਤਰ ’ਤੇ ਕੀਤੇ ਗਏ ਰੋਸ ਪ੍ਰਦਰਸ਼ਨ ’ਚ ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ’ ਦੇ ਆਗੂਆਂ ਨੇ ਲੋਕਤੰਤਰ ਦੀ ਰਾਖੀ ਦਾ ਅਹਿਦ ਲਿਆ।

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤਿੰਨ ਅਪਰਾਧਿਕ ਕਾਨੂੰਨ ਵਿਰੋਧੀ ਧਿਰ ਤੋਂ ਬਿਨਾਂ ਹੀ ਪਾਸ ਕਰ ਦਿੱਤੇ ਗਏ। ਉਨ੍ਹਾਂ ਉਪ ਰਾਸ਼ਟਰਪਤੀ ਜਗਦੀਪ ਧਨਖੜ ਵੱਲੋਂ ਸੰਸਦ ’ਚ ਜਾਤ ਦਾ ਮੁੱਦਾ ਚੁੱਕਣ ਲਈ ਉਨ੍ਹਾਂ ’ਤੇ ਅਸਿੱਧੇ ਤੌਰ ’ਤੇ ਵਰ੍ਹਦਿਆਂ ਕਿਹਾ,‘‘ਜੇਕਰ ਕੋਈ ਵਿਅਕਤੀ ਉੱਚੇ ਸੰਵਿਧਾਨਕ ਅਹੁਦੇ ’ਤੇ ਬੈਠਾ ਹੋਵੇ ਅਤੇ ਅਜਿਹੀ ਗੱਲ ਕਰੇ ਤਾਂ ਤੁਸੀਂ ਦਲਿਤਾਂ ਦੀ ਹਾਲਤ ਬਾਰੇ ਸੋਚ ਸਕਦੇ ਹੋ।’’ ਉਨ੍ਹਾਂ ਕਿਹਾ ਕਿ ‘ਇੰਡੀਆ’ ਗੱਠਜੋੜ ਇਸ ਲਈ ਬਣਾਇਆ ਗਿਆ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕਤੰਤਰ ਅਤੇ ਸੰਵਿਧਾਨ ਦੇ ਖ਼ਾਤਮੇ ਦਾ ਪ੍ਰਣ ਲਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ, ਜਵਾਹਰਲਾਲ ਨਹਿਰੂ, ਬੀ ਆਰ ਅੰਬੇਦਕਰ ਅਤੇ ਲੋਕਾਂ ਦੇ ਬਲੀਦਾਨ ਨਾਲ ਆਜ਼ਾਦੀ ਮਿਲੀ ਸੀ ਪਰ ਉਨ੍ਹਾਂ (ਭਾਜਪਾ) ਦੇ ਇਕ ਵੀ ਆਗੂ ਨੇ ਕੁਰਬਾਨੀ ਨਹੀਂ ਦਿੱਤੀ। ਤਿੰਨ ਅਪਰਾਧਿਕ ਬਿੱਲ ਪਾਸ ਕਰਨ ਲਈ ਸਰਕਾਰ ਦੀ ਨੁਕਤਾਚੀਨੀ ਕਰਦਿਆਂ ਉਨ੍ਹਾਂ ਕਿਹਾ,‘‘ਤੁਸੀਂ ਸੰਸਦ ਮੈਂਬਰ ਮੁਅੱਤਲ ਕਰਕੇ ਸਾਰੇ ਬਿੱਲ ਪਾਸ ਕਰਵਾ ਲਏ। ਤਿੰਨ ਅਪਰਾਧਿਕ ਬਿੱਲ ਅਜਿਹੇ ਹਨ ਜਿਨ੍ਹਾਂ ਦਾ ਲੋਕਾਂ ’ਤੇ ਬਹੁਤ ਜ਼ਿਆਦਾ ਅਸਰ ਪਵੇਗਾ।’’ ਖੜਗੇ ਨੇ ਕਿਹਾ ਕਿ ਸਰਕਾਰ ਨੇ ਤਿੰਨ ਖੇਤੀ ਕਾਨੂੰਨ ਵੀ ਲਿਆਂਦੇ ਸਨ ਪਰ ਕਿਸਾਨਾਂ ਨੇ ਉਨ੍ਹਾਂ ਨੂੰ ਇਹ ਵਾਪਸ ਲੈਣ ਲਈ ਮਜਬੂਰ ਕਰ ਦਿੱਤਾ ਸੀ। ‘ਇਸ ਕਰ ਕੇ ਸਾਨੂੰ ਰਲ ਕੇ ਲੜਨਾ ਪਵੇਗਾ ਕਿਉਂਕਿ ਮੋਦੀ ਸਾਡੇ ਵਰਕਰਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਜਿਥੇ ਕਿਤੇ ਵੀ ਚੋਣਾਂ ਹੁੰਦੀਆਂ ਹਨ ਉਹ ਸੀਬੀਆਈ, ਈਡੀ ਅਤੇ ਆਈਟੀ ਨਾਲ ਡਰਾਵੇ ਦਿੰਦੇ ਹਨ। ਕਾਂਗਰਸ ਅਜਿਹੇ ਹੱਥਕੰਡਿਆਂ ਤੋਂ ਨਹੀਂ ਡਰੇਗੀ ਅਤੇ ਨਾ ਹੀ ਝੁਕੇਗੀ।’ ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਇਕ ਬੀਜ ਵਾਂਗ ਹੈ ਅਤੇ ਇਹ ਵਧਦਾ-ਫੁਲਦਾ ਰਹੇਗਾ ਜੋ ਰਲ ਕੇ ਲੋਕਤੰਤਰ ਨੂੰ ਬਚਾਏਗਾ। ਉਨ੍ਹਾਂ ਕਿਹਾ ਕਿ ਮੋਦੀ ’ਚ ਇੰਨਾ ਹੰਕਾਰ ਆ ਗਿਆ ਹੈ ਕਿ ਉਹ ਆਖ ਰਿਹਾ ਹੈ ਕਿ ਭਾਜਪਾ 400 ਸੀਟਾਂ ਜਿੱਤੇਗੀ ਪਰ ਕਈ ਸੂਬਿਆਂ ’ਚ ਉਸ ਦੀ ਮਕਬੂਲੀਅਤ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕਾਂ ਨੇ ਮੋਦੀ ਨੂੰ ਸੱਤਾ ਸੌਂਪੀ ਹੈ, ਉਹ ਜਾਣਦੇ ਹਨ ਕਿ ਉਸ ਨੂੰ ਸੱਤਾ ਤੋਂ ਕਿਵੇਂ ਲਾਂਭੇ ਕੀਤਾ ਜਾਣਾ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ‘ਸੇਵ ਡੈਮੋਕਰੈਸੀ’ ਪ੍ਰਦਰਸ਼ਨ ’ਚ ਹਿੱਸਾ ਲੈਂਦਿਆਂ ਸਰਕਾਰ ’ਤੇ ਦੋਸ਼ ਲਾਇਆ ਕਿ ਬੇਰੁਜ਼ਗਾਰੀ ਕਾਰਨ ਹੀ ਨੌਜਵਾਨਾਂ ਨੇ ਲੋਕ ਸਭਾ ਦੀ ਸੁਰੱਖਿਆ ’ਚ ਸੰਨ੍ਹ ਲਾਈ ਸੀ। ਆਪਣੇ ਸੰਬੋਧਨ ’ਚ ਉਨ੍ਹਾਂ ਕਿਹਾ,‘‘ਜਦੋਂ ਦੋ ਨੌਜਵਾਨਾਂ ਨੇ ਵਿਜ਼ਿਟਰ ਗੈਲਰੀ ’ਚੋਂ ਲੋਕ ਸਭਾ ’ਚ ਛਾਲ ਮਾਰ ਕੇ ਧੂੰਆਂ ਕੀਤਾ ਸੀ ਤਾਂ ਭਾਜਪਾ ਦੇ ਸਾਰੇ ਸੰਸਦ ਮੈਂਬਰ ਭੱਜ ਗਏ ਸਨ ਜਿਹੜੇ ਆਪਣੇ ਆਪ ਨੂੰ ਦੇਸ਼ਭਗਤ ਆਖਦੇ ਹਨ, ‘ਹਵਾ ਨਿਕਲ ਗਈ ਉਨਕੀ’। ਤੁਸੀਂ ਟੀਵੀ ’ਤੇ ਨਹੀਂ ਦੇਖ ਸਕੇ ਪਰ ਅਸੀਂ ਸਭ ਦੇਖਿਆ ਹੈ।’’ ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਬਿਆਨ ਦੀ ਮੰਗ ਕੀਤੀ ਗਈ ਸੀ ਕਿ ਸੰਸਦ ਦੀ ਸੁਰੱਖਿਆ ’ਚ ਸੰਨ੍ਹ ਕਿਵੇਂ ਲੱਗੀ ਪਰ ਭਾਜਪਾ ਨੇ ਕਰੀਬ 150 ਸੰਸਦ ਮੈਂਬਰਾਂ ਨੂੰ ਹੀ ਦੋਵੇਂ ਸਦਨਾਂ ’ਚੋਂ ਮੁਅੱਤਲ ਕਰ ਦਿੱਤਾ। ਸੰਸਦ ਮੈਂਬਰਾਂ ਨੂੰ ਦੇਸ਼ ਦੇ ਲੋਕਾਂ ਦੀ ਆਵਾਜ਼ ਕਰਾਰ ਦਿੰਦਿਆਂ ਰਾਹੁਲ ਨੇ ਕਿਹਾ,‘‘ਸਰਕਾਰ ਨੇ ਦੇਸ਼ ਦੇ 60 ਫ਼ੀਸਦੀ ਲੋਕਾਂ ਦੀ ਆਵਾਜ਼ ਦਬਾ ਦਿੱਤੀ ਹੈ ਅਤੇ ਕੀ ਤੁਸੀਂ ਸਮਝਦੇ ਹੋ ਕਿ ਇਸ ਨਾਲ ਲੋਕ ਡਰ ਜਾਣਗੇ। ਪਰ ਇੰਜ ਨਹੀਂ ਹੋਵੇਗਾ ਅਤੇ ਉਹ ਆਮ ਚੋਣਾਂ ’ਚ ਭਾਜਪਾ ਨੂੰ ਸਹੀ ਰਾਹ ਦਿਖਾ ਦੇਣਗੇ।’’ ਉਨ੍ਹਾਂ ਕਿਹਾ ਕਿ ਇਹ ਮੁਹੱਬਤ ਅਤੇ ਨਫ਼ਰਤ ਵਿਚਕਾਰ ਜੰਗ ਹੈ। ‘ਤੁਸੀਂ ਜਿੰਨੀ ਨਫ਼ਰਤ ਫੈਲਾਓਗੇ, ਇੰਡੀਆ ਬਲਾਕ ਦੇ ਆਗੂਆਂ ਵੱਲੋਂ ਓਨੀ ਜ਼ਿਆਦਾ ਮੁਹੱਬਤ ਫੈਲਾਈ ਜਾਵੇਗੀ।’ ਉਨ੍ਹਾਂ ਮੀਡੀਆ ਨੂੰ ਘੇਰਦਿਆਂ ਕਿਹਾ ਕਿ ਉਹ ਵੀ ਮੁੱਦਿਆਂ ਤੋਂ ਧਿਆਨ ਵੰਡਾਉਣ ਦੀ ਕੋਸ਼ਿਸ਼ ਕਰਦਾ ਹੈ। ਉਨ੍ਹਾਂ ਇਸ ਦੀ ਮਿਸਾਲ ਰਾਜ ਸਭਾ ਚੇਅਰਮੈਨ ਜਗਦੀਪ ਧਨਖੜ ਦੀ ਨਕਲ ਉਤਾਰਨ ਦੇ ਮਾਮਲੇ ਨਾਲ ਕੀਤੀ ਜਿਸ ਨੂੰ ਲੈ ਕੇ ਹੁਣ ਭਾਜਪਾ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਸੰਸਦ ਮੈਂਬਰਾਂ ਦੀ ਮੁਅੱਤਲੀ ਦਾ ਹਵਾਲਾ ਦਿੰਦਿਆਂ ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਨਸੀਪੀ) ਮੁਖੀ ਸ਼ਰਦ ਪਵਾਰ ਨੇ ਕਿਹਾ ਕਿ ਸਰਕਾਰ ਵਿਰੋਧੀ ਧਿਰ ਨੂੰ ਖਾਮੋਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ‘ਭਾਜਪਾ ਸੋਚਦੀ ਹੈ ਕਿ ਇੰਜ ਕਰਕੇ ਉਹ ਵਿਰੋਧੀ ਧਿਰ ਨੂੰ ਖਾਮੋਸ਼ ਕਰ ਦੇੇਵੇਗੀ। ਅਸੀਂ ਲੋਕਤੰਤਰ ਬਚਾਉਣ ਲਈ ਕੋਈ ਵੀ ਕੀਮਤ ਤਾਰਨ ਵਾਸਤੇ ਤਿਆਰ ਹਾਂ।’ ਪਵਾਰ ਨੇ ਕਿਹਾ ਕਿ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ ਅਤੇ ਫੈਕਟਰੀਆਂ ’ਚ ਵਰਕਰ ਪਰੇਸ਼ਾਨ ਹਨ ਕਿਉਂਕਿ ਉਨ੍ਹਾਂ ਨੂੰ ਆਪਣੀ ਮਿਹਨਤ ਦਾ ਸਹੀ ਮੁੱਲ ਨਹੀਂ ਮਿਲ ਰਿਹਾ ਹੈ। ‘ਦਲਿਤ ਵੀ ਪਰੇਸ਼ਾਨ ਹਨ। ਸਾਨੂੰ ਸਾਰਿਆਂ ਨੂੰ ਜ਼ਿੰਮੇਵਾਰੀ ਲੈਣੀ ਪਵੇਗੀ ਕਿ ਅਸੀਂ ਸਖ਼ਤ ਮਿਹਨਤ ਕਰੀਏ ਤਾਂ ਜੋ ਸੰਵਿਧਾਨ ’ਤੇ ਹਮਲੇ ਕਰਨ ਵਾਲੀ ਤਾਕਤ ਨੂੰ ਮਾਤ ਦੇ ਸਕੀਏ।’ ਸੀਪੀਐੱਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਕਿਹਾ ਕਿ ਸਰਕਾਰ ਸੰਸਦ ਪ੍ਰਤੀ ਜਵਾਬਦੇਹ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ਲੋਕਾਂ ਨੂੰ ਖੁਦਮੁਖਤਿਆਰੀ ਦਾ ਹੱਕ ਦਿੰਦਾ ਹੈ ਜੋ ਨੁਮਾਇੰਦਿਆਂ ਰਾਹੀਂ ਲਾਗੂ ਕੀਤਾ ਜਾਂਦਾ ਹੈ। ‘ਇਸ ਕਰਕੇ ਸਰਕਾਰ ਸੰਸਦ ਪ੍ਰਤੀ ਅਤੇ ਸੰਸਦ ਮੈਂਬਰ ਲੋਕਾਂ ਪ੍ਰਤੀ ਜਵਾਬਦੇਹ ਹਨ। ਇਹ ਸਾਡੀ ਜਮਹੂਰੀਅਤ ਦਾ ਸਾਰ ਹੈ।’ ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ‘ਅੰਮ੍ਰਿਤ ਕਾਲ’ ਬਾਰੇ ਗੱਲ ਕਰਦੀ ਹੈ ਪਰ ‘ਅੰਮ੍ਰਿਤ’ ਗਲਤ ਹੱਥਾਂ ’ਚ ਚਲਾ ਗਿਆ ਹੈ ਜਿਵੇਂ ਵਿਸ਼ਨੂੰ ਪੁਰਾਣ ਮੁਤਾਬਕ ‘ਅੰਮ੍ਰਿਤ ਮੰਥਨ’ ਸਮੇਂ ਵਾਪਰਿਆ ਸੀ। ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮੌਸਮ ਨੂਰ ਨੇ ‘ਭਾਜਪਾ ਮੁਕਤ ਭਾਰਤ’ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ,‘‘ਭਾਜਪਾ ਲੋਕਤੰਤਰ ਦੀ ਹੱਤਿਆ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਉਹ ਲੋਕਤੰਤਰ ਮੁਕਤ ਭਾਰਤ ਚਾਹੁੰਦੇ ਹਨ। ਅਸੀਂ ਲੋਕਾਂ ਨੂੰ ਭਾਜਪਾ ਮੁਕਤ ਭਾਰਤ ਬਣਾਉਣ ਦੀ ਅਪੀਲ ਕਰਦੇ ਹਾਂ।’’ ਸੀਪੀਆਈ ਦੇ ਜਨਰਲ ਸਕੱਤਰ ਡੀ ਰਾਜਾ ਨੇ ਕਿਹਾ ਕਿ ਸਰਕਾਰ ਸੰਸਦ ਦੀ ਅਹਿਮੀਅਤ ਘਟਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ,‘‘ਜੇਕਰ ਤੁਸੀਂ ਸਾਜ਼ਿਸ਼ ਕਰਕੇ ਵਿਰੋਧੀ ਧਿਰ ਨੂੰ ਖ਼ਤਮ ਕਰਦੇ ਹੋ ਤਾਂ ਤੁਸੀਂ ਸੰਸਦ ਦੀ ਅਹਿਮੀਅਤ ਘਟਾ ਰਹੇ ਹੋ। ਜੇਕਰ ਸੰਸਦ ਗ਼ੈਰ-ਜ਼ਰੂਰੀ ਬਣ ਗਈ ਤਾਂ ਲੋਕਤੰਤਰ ਦੀ ਹੱਤਿਆ ਹੋ ਜਾਵੇਗੀ।