ਹੇਵਰਡ, 12 ਫਰਵਰੀ (ਪੰਜਾਬ ਮੇਲ)- ਵਿਪਸਾ ਦੀ ਮਾਸਿਕ ਮਿਲਣੀ ਸੈਫਾਇਰ ਬੈਂਕੁਇਟ ਹਾਲ, ਹੇਵਰਡ ਵਿਖੇ ਹੋਈ। ਪ੍ਰਧਾਨ ਕੁਲਵਿੰਦਰ ਨੇ ਸਭ ਨੂੰ ਜੀਅ ਆਇਆਂ ਕਹਿੰਦੇ ਹੋਏ ਅਗਲੇ ਦੋ ਵਰ੍ਹਿਆਂ ਲਈ ਆਪਣੀ ਕਾਰਜਕਾਰਨੀ ਦੀ ਘੋਸ਼ਣਾ ਕਰਦੇ ਹੋਏ ਕਿਹਾ ਕਿ ਸ. ਸੁਰਿੰਦਰ ਸਿੰਘ ਧਨੋਆ ਸਰਪ੍ਰਸਤ, ਡਾ. ਸੁਖਵਿੰਦਰ ਕੰਬੋਜ ਆਰਗੇਨਾਈਜ਼ਰ, ਅਮਰਜੀਤ ਕੌਰ ਪੰਨੂੰ ਅਤੇ ਪ੍ਰੋ. ਸੁਰਿੰਦਰ ਸੀਰਤ ਮੀਤ ਪ੍ਰਧਾਨ, ਜਗਜੀਤ ਨੌਸ਼ਹਿਰਵੀ ਸੰਧੂ ਜਰਨਲ ਸਕੱਤਰ, ਲਾਜ ਨੀਲਮ ਸੈਣੀ ਸਾਹਿਤ ਸਕੱਤਰ, ਗੁਲਸ਼ਨ ਦਿਆਲ ਅਤੇ ਤਾਰਾ ਸਾਗਰ ਵਿੱਤ ਸਕੱਤਰ, ਮੁਕੇਸ਼ ਸ਼ਰਮਾ ਕਲਾ ਸਕੱਤਰ ਅਤੇ ਐੱਸ.ਕੁਮ ਐੱਸ. ਵਿੱਕ ਮੀਡੀਆ ਸਕੱਤਰ ਦੀਆਂ ਸੇਵਾਵਾਂ ਨਿਭਾਉਣਗੇ।
ਇਸ ਵਰ੍ਹੇ ਮਾਰਚ 30, 2025 ਨੂੰ ਸਾਨ ਫ਼ਰਾਂਸਿਸਕੋ ਗ਼ਦਰ ਮੈਮੋਰੀਅਲ ਵਿਖੇ ਕਵੀ ਦਰਬਾਰ ਕਰਵਾਇਆ ਜਾਵੇਗਾ। ਅਪ੍ਰੈਲ ਵਿਚ ਲਾਜ ਨੀਲਮ ਸੈਣੀ ਦੇ ਸਵੈ ਜੀਵਨੀ ਮੂਲਕ ਨਾਵਲ ‘ਅਲਵਿਦਾ!…ਕਦੀ ਵੀ ਨਹੀਂ’ ਅਤੇ ਮਈ ਵਿਚ ਜਗਜੀਤ ਨੌਸ਼ਹਿਰਵੀ ਦੇ ਕਾਵਿ ਸੰਗ੍ਰਹਿ ‘ਹਾਲ ਉਥਾਈਂ ਕਹੀਏ’ ਉੱਪਰ ਵਿਚਾਰ ਚਰਚਾ ਹੋਵੇਗੀ। ਜੂਨ ਵਿਚ ਵਿਪਸਾ ਕਹਾਣੀਕਾਰਾਂ ਦੀਆਂ ਨਵੀਆਂ ਕਹਾਣੀਆਂ ‘ਤੇ ਗੱਲਬਾਤ ਹੋਵੇਗੀ। ਜੁਲਾਈ ਵਿਚ ਸੁਰਜੀਤ ਸਖੀ ਦੀ ਵਾਰਤਕ ਕਿਤਾਬ ‘ਗੱਲ ਤਾਂ ਚਲਦੀ ਰਹੇਗੀ’ ਅਤੇ ਹਰਜਿੰਦਰ ਕੰਗ ਦੇ ਕਾਵਿ-ਸੰਗ੍ਰਹਿ ‘ਵੇਲ ਰੁਪਈਏ ਦੀ ਵੇਲ’ ‘ਤੇ ਵਿਚਾਰ ਚਰਚਾ ਹੋਵੇਗੀ। ਸਤੰਬਰ ਮਹੀਨੇ ਵਿਪਸਾ ਦੀ ਸਿਲਵਰ ਜੁਬਲੀ ‘ਤੇ ਦੋ ਰੋਜ਼ਾ ਕਾਨਫ਼ਰੰਸ ਕਰਵਾਈ ਜਾਵੇਗੀ। ਇਸ ਮੌਕੇ ਪੰਜਾਬੀ ਮਾਤ ਭਾਸ਼ਾ ਦੇ ਪਸਾਰ ਲਈ ਸਾਰਥਕ ਯਤਨ ਕੀਤੇ ਜਾਣਗੇ। ਨਵੀਂ ਪੀੜ੍ਹੀ ਨੂੰ ਨਾਲ਼ ਜੋੜਨ ਲਈ ਸੁਰਿੰਦਰ ਸਿੰਘ ਧਨੋਆ ਅਤੇ ਮੁਕੇਸ਼ ਸ਼ਰਮਾ ਵੱਲੋਂ ਬੱਚਿਆਂ ਦੀ ਵਿਸ਼ੇਸ਼ ਆਈਟਮ ਤਿਆਰ ਕਰਵਾਈ ਜਾਵੇਗੀ। ਵਿਪਸਾ ਮੈਂਬਰਾਂ ਦੀਆਂ ਕਵਿਤਾਵਾਂ ਦਾ ਕਾਵਿ ਸੰਗ੍ਰਹਿ ਪ੍ਰਕਾਸ਼ਿਤ ਕੀਤਾ ਜਾਵੇਗਾ। ਤਾਰਾ ਸਾਗਰ ਨੇ ਕਿਹਾ ਕਿ ਉਹ ਇਸ ਕਾਵਿ ਸੰਗ੍ਰਹਿ ਨੂੰ ਸਪਾਂਸਰ ਕਰਨਗੇ। ਸੁਖਦੇਵ ਸਾਹਿਲ ਵੱਲੋਂ ‘ਅਵਤਾਰ ਰੈਕਰਡਜ਼’ ਦੀ ਦੇਖ-ਰੇਖ ਹੇਠ ਵਿਪਸਾ ਮੈਂਬਰਾਂ ਦੇ ਗੀਤਾਂ/ਗ਼ਜ਼ਲਾਂ ਦੀ ਆਡੀਓ/ਵੀਡੀਓ ਤਿਆਰ ਕੀਤੀ ਜਾਵੇਗੀ।
ਇਸ ਉਪਰੰਤ ਪੰਜਾਬ ਲੋਕ ਰੰਗ ਦੇ ਨਿਰਦੇਸ਼ਕ ਅਤੇ ਰੰਗਕਰਮੀ ਸੁਰਿੰਦਰ ਸਿੰਘ ਧਨੋਆ ਸਭ ਦੇ ਰੂ-ਬ-ਰੂ ਹੋਏ। ਉਨ੍ਹਾਂ ਬੜੇ ਉਤਸ਼ਾਹ ਨਾਲ਼ ਦੱਸਿਆ ਕਿ ਉਹ ਪੰਜਾਬ ਵਿਚ ‘ਜ਼ਫਰਨਾਮਾ’ ਨਾਟਕ ਦੇ ਉੱਨੀ ਸਫ਼ਲ ਸ਼ੋਅ ਕਰਕੇ ਵਾਪਸ ਪਰਤੇ ਹਨ। ਪੰਜਾਬ ਫੇਰੀ ਤੋਂ ਪਹਿਲਾਂ ਇਸ ਨਾਟਕ ਦੇ ਪੱਚੀ ਸ਼ੋਅ ਅਮਰੀਕਾ ਅਤੇ ਕੈਨੇਡਾ ਵਿਚ ਕਰ ਚੁੱਕੇ ਹਨ ਅਤੇ ਪੰਤਾਲ਼ੀਵਾਂ ਸ਼ੋਅ 22 ਮਾਰਚ, 2025 ਨੂੰ ਰੋਜ਼ਵਿਲ ਵਿਖੇ ਹੋਣ ਜਾਣ ਰਿਹਾ ਹੈ। ਉਨ੍ਹਾਂ ਪੰਜਾਬ ਫੇਰੀ ਬਾਰੇ ਕਿਹਾ ਕਿ ਉਨ੍ਹਾਂ ਨਾਟਕ ਦਾ ਆਗਾਜ਼ ਅਨੰਦਪੁਰ ਸਾਹਿਬ ਤੋਂ ਗਿਆਨੀ ਸੁਲਤਾਨ ਸਿੰਘ ਅਤੇ ਗੁਰਦੁਆਰਾ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਸਾਹਿਬ ਜੋਗਿੰਦਰ ਸਿੰਘ ਦੇ ਸਹਿਯੋਗ ਨਾਲ ਕੀਤਾ। ਉਸ ਤੋਂ ਬਾਅਦ ਉਸ ਰਹਿਬਰ ਦੀ ਬਖ਼ਸ਼ਿਸ਼ ਨਾਲ਼ ਪੰਜਾਬ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਵਿਚ ਨਾਟਕ ਖੇਡਦੇ ਹੋਏ ਪ੍ਰੋ. ਸੁਰਿੰਦਰ ਸੀਰਤ ਦੇ ਯਤਨਾਂ ਨਾਲ਼ ਜੰਮੂ ਪਹੁੰਚੇ, ਜਿੱਥੇ ਉਨ੍ਹਾਂ ਨੂੰ ਸੂਝਵਾਨ ਦਰਸ਼ਕ ਮਿਲੇ। ਉਨ੍ਹਾਂ ਦੇ ਸ਼ੋਅ ਵਿਚ 6000 ਤੋਂ ਲੈ ਕੇ 22000 ਤੱਕ ਦਰਸ਼ਕ ਪਹੁੰਚਦੇ ਰਹੇ। ਸ਼ੋਅ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲਦਾ ਰਿਹਾ ਅਤੇ ਸਾਡੀ ਟੀਮ ਦਾ ਉਤਸ਼ਾਹ ਵੀ ਵੱਧਦਾ ਰਿਹਾ। ਉਨ੍ਹਾਂ ਨੇ ਅਨੁਭਵ ਕੀਤਾ ਕਿ ਪੰਜਾਬ ਵਿਚ ਸਿੱਖ ਇਤਿਹਾਸ ਨਹੀਂ ਪੜ੍ਹਾਇਆ ਜਾ ਰਿਹਾ। ਬੱਚੇ ਚਾਰ ਸਾਹਿਬਜ਼ਾਦਿਆਂ ਦੇ ਨਾਵਾਂ ਤੋਂ ਵਾਕਫ਼ ਨਹੀਂ। ਦਰਸ਼ਕ ਮੋਤੀ ਮਹਿਰਾ ਬਾਰੇ ਨਹੀਂ ਜਾਣਦੇ। ਉਨ੍ਹਾਂ ਡਾ. ਆਤਮ ਰੰਧਾਵਾ, ਡਾ. ਮੋਨੋਜੀਤ ਅਤੇ ਬਲਜੀਤ ਕੌਰ ਦਾ ਪ੍ਰਾਹੁਣਾਚਾਰੀ ਲਈ ਵਿਸ਼ੇਸ਼ ਜ਼ਿਕਰ ਕੀਤਾ। ਖੁਮਾਣੋਂ ਦੇ ਡੀ.ਆਈ.ਜੀ. ਨਵਦੀਪ ਸਿੱਧੂ ਸੁਰੱਖਿਆ ਜਾਇਜ਼ਾ ਲੈਣ ਆਏ ਨਾਟਕ ਤੋਂ ਪ੍ਰਭਾਵਿਤ ਹੋਏ। ਪਾਕਿਸਤਾਨ ਫੇਰੀ ਦੌਰਾਨ ਲਹਿੰਦੇ ਪੰਜਾਬ ਵਿਚ ਦਿਆਲ ਸਿੰਘ ਕਾਲਜ ਅਤੇ ਲਾਇਬ੍ਰੇਰੀ ਤੋਂ ਪ੍ਰਭਾਵਿਤ ਹੋਏ। ਪੰਜਾਬ ਲੋਕ ਰੰਗ ਅਤੇ ਵਿਪਸਾ ਦੇ ਮੈਂਬਰ ਮੁਕੇਸ਼ ਸ਼ਰਮਾ ਅਤੇ ਜਸਵਿੰਦਰ ਕੌਰ ਧਨੋਆ ਨੇ ਵੀ ਆਪਣੇ ਅਨੁਭਵ ਸਾਂਝੇ ਕੀਤੇ। ਵਿਪਸਾ ਮੈਂਬਰਾਂ ਵੱਲੋਂ ਉਨ੍ਹਾਂ ਦਾ ਕਰਮ ਭੂਮੀ ‘ਤੇ ਵਾਪਸ ਪਰਤਣ ‘ਤੇ ਨਿੱਘਾ ਸੁਆਗਤ ਕੀਤਾ ਗਿਆ ਅਤੇ ਇਸ ਸਫ਼ਲਤਾ ਲਈ ਵਧਾਈ ਦਿੱਤੀ ਗਈ। ਤਾਰਾ ਸਾਗਰ ਨੇ ਸੁਰਿੰਦਰ ਧਨੋਆ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਕੈਲੀਫ਼ੋਰਨੀਆ ਦੇ ਪੰਜਾਬੀ ਭਾਈਚਾਰੇ ਨੂੰ ਵੱਡੀ ਦੇਣ ਹੈ। ਦੂਜੇ ਸੈਸ਼ਨ ਵਿਚ ਕਵੀ ਦਰਬਾਰ ਹੋਇਆ, ਜਿਸ ਵਿਚ ਅਮਰ ਸੂਫ਼ੀ, ਮੁਕੇਸ਼ ਸ਼ਰਮਾ, ਤਾਰਾ ਸਿੰਘ ਸਾਗਰ, ਸੁਖਪਾਲ ਸੰਘੇੜਾ, ਗੁਲਸ਼ਨ ਦਿਆਲ, ਡਾ. ਸੁਖਵਿੰਦਰ ਕੰਬੋਜ, ਅਮਰਜੀਤ ਕੌਰ ਪੰਨੂ, ਡਾ. ਸੁਖਪਾਲ ਸੰਘੇੜਾ, ਚਰਨਜੀਤ ਸਿੰਘ ਪੰਨੂ, ਕੁਲਵਿੰਦਰ ਅਤੇ ਪ੍ਰੋ. ਸੁਰਿੰਦਰ ਸੀਰਤ ਨੇ ਆਪਣੇ ਕਲਾਮ ਪੇਸ਼ ਕੀਤੇ। ਸਾਹਿਲ ਨੇ ਤਿਆਰੀ ਅਧੀਨ ਐਲਬਮ ਵਿਚੋਂ ਜਗਜੀਤ ਨੌਸ਼ਹਿਰਵੀ, ਡਾ. ਸੁਖਵਿੰਦਰ ਕੰਬੋਜ, ਪ੍ਰੋ. ਸੁਰਿੰਦਰ ਸੀਰਤ, ਲਾਜ ਨੀਲਮ ਸੈਣੀ ਅਤੇ ਕੁਲਵਿੰਦਰ ਦੀਆਂ ਗ਼ਜ਼ਲਾਂ ਅਤੇ ਗੀਤਾਂ ਦੇ ਮੁਖੜੇ ਸੁਰਬੱਧ ਕੀਤੇ।
ਵਿਪਸਾ ਵੱਲੋਂ ਪੰਜਾਬ ਲੋਕ ਰੰਗ ਟੀਮ ਦਾ ਭਾਰਤ ਵਿਚ ‘ਜ਼ਫਰਨਾਮਾ’ ਨਾਟਕ ਦੀ ਸਫ਼ਲ ਪੇਸ਼ਕਾਰੀ ਕਰਕੇ ਵਾਪਸੀ ‘ਤੇ ਨਿੱਘਾ ਸੁਆਗਤ
