ਹੇਵਰਡ, 1 ਅਕਤੂਬਰ (ਲਾਜ ਨੀਲਮ ਸੈਣੀ/ਪੰਜਾਬ ਮੇਲ)- ਵਿਸ਼ਵ ਪੰਜਾਬੀ ਸਾਹਿਤ ਅਕਾਦਮੀ (ਵਿਪਸਾਅ) ਵਲੋਂ ਮਰਹੂਮ ਸ਼ਾਇਰ ਹਰਭਜਨ ਢਿੱਲੋਂ ਦੀ ਨਿੱਘੀ ਯਾਦ ਵਿਚ ਸ਼ਰਧਾਂਜਲੀ ਸਮਾਗਮ ਆਯੋਜਿਤ ਕੀਤਾ ਗਿਆ। ਜਨਰਲ ਸਕੱਤਰ ਜਗਜੀਤ ਨੌਸ਼ਿਹਰਵੀ ਨੇ ਸਟੇਜ ਦਾ ਕਾਰਜ-ਭਾਰ ਸੰਭਾਲਦੇ ਹੋਏ ਸ਼੍ਰੀਮਤੀ ਹਰਜੀਤ ਕੌਰ ਢਿੱਲੋਂ, ਮੇਜਰ ਭੁਪਿੰਦਰ ਦਲੇਰ, ਕੁਲਵਿੰਦਰ, ਦਿਲ ਨਿੱਜਰ ਅਤੇ ਡਾ. ਸੁਹਿੰਦਰਬੀਰ ਸਿੰਘ ਨੂੰ ਪ੍ਰਧਾਨਗੀ ਮੰਡਲ ਵਿਚ ਸੁਸ਼ੋਭਿਤ ਕੀਤਾ। ਸੁਰਿੰਦਰ ਸੀਰਤ ਨੇ ਹਰਭਜਨ ਢਿੱਲੋਂ ਨੂੰ ਯਾਦ ਕਰਦਿਆਂ ਦੱਸਿਆ ਕਿ ਸਾਂਝੀਆਂ ਕਿਰਨਾਂ, ਮਹਿਕ ਜ਼ਖਮਾਂ ਦੀ, ਹਾਲ ਫ਼ਕੀਰਾਂ ਦਾ, ਢੋਲ ਉੱਤੇ ਜੱਗ ਨੱਚਦਾ, ਰੰਗੀਨ ਮਹਿਫ਼ਲ, ਸੁਲਘਦੀ ਅੱਗ, ਦਰਦ ਕੇ ਆਂਸੂ ਵਰਗੇ ਕਾਵਿ ਸੰਗ੍ਰਹਾਂ ਦੇ ਰਚੇਤਾ ਕੋਲ ਆਪਣੀਆਂ ਰਚਨਾਵਾਂ ਨੂੰ ਤਰੰਨਮ ਵਿਚ ਪੇਸ਼ ਕਰਨ ਦੀ ਵਿਲੱਖਣ ਕਲਾ ਸੀ। ਉਸ ਦੇ ਲਿਖੇ ਗੀਤਾਂ ਅਤੇ ਗ਼ਜਲਾਂ ਨੂੰ ਨਾਮਵਰ ਗਾਇਕਾਂ ਵੱਲੋਂ ਆਵਾਜ਼ ਦਿੱਤੀ ਗਈ, ਜਿਨ੍ਹਾਂ ਵਿਚ ਸੁਰੇਸ਼ ਵਾਡੇਕਰ, ਦਲੇਰ ਮਹਿੰਦੀ, ਸ਼ਮਸ਼ੇਰ ਮਹਿੰਦੀ, ਮੰਗਲ ਸਿੰਘ, ਦਿਲਰਾਜ ਕੌਰ, ਮੀਨੂੰ ਅਟਵਾਲ, ਨਰਿੰਦਰ ਬੀਬਾ, ਜਸਪਾਲ ਸਿੰਘ, ਸਰਵਰ ਮਹਿੰਦੀ, ਸੁਰਜੀਤ ਮਾਧੋਪੁਰੀ, ਗੁਲਾਮ ਸਰਵਰ ਸਾਬਰੀ, ਤਰਲੋਕ ਸਿੰਘ, ਸੁਖਦੇਵ ਸਾਹਿਲ, ਕੁਸਮ, ਲਾਲ ਸਿੰਘ ਭੱਟੀ, ਜਗਦੇਵ ਸਿੰਘ ਅਤੇ ਜਤਿੰਦਰ ਦੱਤ ਆਦਿ ਦੇ ਨਾਮ ਵਰਣਨਯੋਗ ਹਨ। ਉਹ 1992 ਤੋਂ ਸਾਹਿਤ ਸਭਾਵਾਂ ਦੇ ਪ੍ਰਬੰਧਕੀ ਕਾਰਜਾਂ ਵਿਚ ਵੀ ਸਰਗਰਮ ਰਿਹਾ ਅਤੇ 1995 ਵਿਚ ਨਾਰਥ ਬੇ ਏਰੀਆਂ ਇਕਾਈ ਤਿਆਰ ਕੀਤੀ। ਉਸ ਦੀ ਸਾਹਿਤਕ ਅਤੇ ਜਥੇਬੰਦਕ ਦੇਣ ਲਈ ਵਿਪਸਾਅ ਵੱਲੋਂ ਉਸ ਨੂੰ ਲਾਈਫ਼ ਟਾਈਮ ਅਚੀਵਮੈਂਟ ਅਵਾਰਡ ਦਿੱਤਾ ਗਿਆ। ਗਗਨਦੀਪ ਮਾਹਲ (ਸੋਨੂੰ) ਨੇ ਢਿੱਲੋਂ ਦੀ ਯਾਦ ਵਿਚ ਲਿਖਿਆ ਸ਼ਬਦ-ਚਿੱਤਰ ਪੜ੍ਹਦੇ ਹੋਏ ਕਿਹਾ ਕਿ ਉਹ ਇੱਕ ਸ਼ਾਇਰ ਹੋਣ ਦੇ ਨਾਲ-ਨਾਲ ਮਿਲਾਪੜਾ ਅਤੇ ਦੂਜਿਆਂ ਨੂੰ ਉਤਸ਼ਾਹਿਤ ਕਰਨ ਵਾਲਾ ਇਨਸਾਨ ਸੀ। ਡਾ. ਸੁਹਿੰਦਰਬੀਰ ਸਿੰਘ ਨੇ ਕਿਹਾ ਕਿ ਉਸਨੇ ਢਿੱਲੋਂ ਦੀ ਕਾਵਿ-ਕਲਾ ਬਾਰੇ 2006 ਪਰਚਾ ਲਿਖਿਆ ਸੀ। ਸ਼ਾਇਰੀ ਢਿੱਲੋਂ ਲਈ ਸਾਧਨਾ ਸੀ। ਮੇਜਰ ਦਲੇਰ ਨੇ ਕਿਹਾ ਕਿ ਮੈਨੂੰ ਇਸ ਸਭਾ ਨਾਲ ਜੋੜਨ ਵਾਲਾ ਢਿੱਲੋਂ ਇੱਕ ਮਹਾਨ ਕਵੀ, ਯਾਰਾਂ ਵਰਗਾ ਭਰਾ ਅਤੇ ਭਰਾਵਾਂ ਵਰਗਾ ਯਾਰ ਸੀ। ਮੈਨੂੰ ਉਸਦੀ ਯਾਦ ਹਮੇਸ਼ਾ ਆਉਂਦੀ ਰਹੇਗੀ। ਚਰਨਜੀਤ ਸਿੰਘ ਪੰਨੂ ਨੇ ਕਿਹਾ ਕਿ ਢਿੱਲੋਂ ਨਾਲ ਮੇਰੀ ਬਹੁਤ ਗੂੜ੍ਹੀ ਸਾਂਝ ਸੀ। ਉਹ ਇੱਕ ਵੱਡਾ ਸਾਹਿਤਕਾਰ ਅਤੇ ਸ਼ਾਇਰ ਸੀ ਪਰ ਮੂਲ ਰੂਪ ਵਿਚ ਗੀਤਕਾਰ ਸੀ। ਗੁਲਸ਼ਨ ਦਿਆਲ ਨੇ ਕਿਹਾ ਕਿ ਢਿੱਲੋਂ ਦਾ ਗਿਆਰਾਂ-ਬਾਰ੍ਹਾਂ ਸਾਲ ਰੇਡੀਓ ਪੰਜਾਬੀ ਯੂ.ਐੱਸ.ਏ. ‘ਤੇ ਲਗਾਤਾਰ ਕਵੀ ਦਰਬਾਰ ਕਰਨਾ ਸ਼ਲਾਘਾਯੋਗ ਹੈ। ਦਿਲ ਨਿੱਜਰ ਨੇ ਕਿਹਾ ਕਿ ਢਿੱਲੋਂ ਸਾਹਿਬ ਦੇ ਤੁਰ ਜਾਣ ਦਾ ਬਹੁਤ ਦੁੱਖ ਹੈ। ਉਸ ਦੇ ਗੀਤ ਸਾਡੇ ਚੇਤਿਆਂ ਵਿਚ ਗੂੰਜਦੇ ਰਹਿਣਗੇ। ਸੁਰਜੀਤ ਸਖੀ ਨੇ ਢਿੱਲੋਂ ਦੀਆਂ ਯਾਦਾਂ ਦੀ ਪਟਾਰੀ ਖੋਲ੍ਹਦਿਆਂ ਸ਼ਿਅਰ ਸਾਂਝਾ ਕੀਤਾ।
ਪ੍ਰਿੰਸੀਪਲ ਹਜ਼ੂਰਾ ਸਿੰਘ ਨੇ ਕਿਹਾ ਕਿ ਢਿੱਲੋਂ ਉਸਦੇ ਗੀਤ ਸੁਣ ਕੇ ਬਹੁਤ ਪ੍ਰਭਾਵਿਤ ਹੋਇਆ ਅਤੇ ਉਸ ਨੂੰ ਕਵੀ ਦਰਬਾਰ ਵਿਚ ਪੇਸ਼ ਹੋਣ ਲਈ ਉਤਸ਼ਾਹਿਤ ਕੀਤਾ। ਉਸ ਦੇ ਤੁਰ ਜਾਣ ਨਾਲ ਬਹੁਤ ਘਾਟਾ ਪਿਆ ਹੈ। ਹਰਪ੍ਰੀਤ ਧੂਤ ਨੇ ਕਿਹਾ ਕਿ ਢਿੱਲੋਂ ਨਾਲ ਗੁਜ਼ਾਰੇ ਪਲ ਅਤੇ ਉਨ੍ਹਾਂ ਦੇ ਗੀਤ ਹਮੇਸ਼ਾ ਯਾਦ ਰਹਿਣਗੇ। ਲਖਵਿੰਦਰ ਲੱਕੀ ਨੇ ਢਿੱਲੋਂ ਦੀ ਯਾਦ ਵਿਚ ਲਿਖੀਆਂ ਕੁਝ ਸਤਰਾਂ ਪੇਸ਼ ਕੀਤੀਆਂ। ਸ਼੍ਰੀਮਤੀ ਹਰਜੀਤ ਢਿੱਲੋਂ ਨੇ ਕਿਹਾ ਕਿ ਉਸਦਾ ਪਤੀ ਹਰ ਇੱਕ ਨੂੰ ਸੱਚੇ ਦਿਲੋਂ ਪਿਆਰ ਕਰਨ ਵਾਲਾ ਇਨਸਾਨ ਅਤੇ ਵਧੀਆ ਸ਼ਾਇਰ ਸੀ। ਉਸ ਨੇ ਉਸ ਦੇ ਪਿਆਰ ਵਿਚ ਡੁੱਬ ਕੇ ਹਰ ਰਚਨਾ ਅਤੇ ਕਿਤਾਬ ਲਿਖੀ। ਵਿਪਸਾਅ ਦੇ ਪ੍ਰਧਾਨ ਕੁਲਵਿੰਦਰ ਨੇ ਢਿੱਲੋਂ ਦੇ ਪਰਿਵਾਰ ਅਤੇ ਹਾਜ਼ਰ ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ ਉਹ ਢਿੱਲੋਂ ਨੂੰ ਪਹਿਲੀ ਵਾਰੀ 1985 ਵਿਚ ਮਿਲਿਆ। ਇਸ ਤੋਂ ਬਾਅਦ ਉਸ ਦੀ ਸੰਗਤ ਮਾਣਨ ਦਾ ਮੌਕਾ ਮਿਲਦਾ ਰਿਹਾ। ਨਾਰਥ ਬੇ ਏਰੀਆ ਪੰਜਾਬੀ ਸਾਹਿਤ ਸਭਾ ਬਣਨ ਤੋਂ ਬਾਅਦ ਸਾਹਿਤਕ ਸਰਗਰਮੀਆਂ ਵਧ ਗਈਆਂ। ਢਿੱਲੋਂ ਦੇ ਗ੍ਰਹਿ ਵਿਖੇ ਗਾਇਕਾਂ ਨੂੰ ਮਿਲਣ ਦਾ ਮੌਕਾ ਅਕਸਰ ਮਿਲਦਾ ਰਿਹਾ। ਡਾ. ਜਗਤਾਰ ਨੇ ਉਸ ਦਾ ਇੱਕ ਗੀਤ ‘ਦੀਵਾ ਨਾ ਬੁਝਾਈਂ ਰਾਤੀਂ ਦੀਵਾ ਨਾ ਬੁਝਾਈਂ’ ਕਲਾ ਸਿਰਜਕ ਵਿਚ ਛਾਪਿਆ। ਢਿੱਲੋਂ ਨੇ ਵਿਪਸਾ ਦੀਆਂ ਕਾਨਫਰੰਸਾਂ ਲਈ ਫੰਡ ਰੇਜ਼ਿੰਗ ਵੀ ਕੀਤੀ। ਇਸ ਉਪਰੰਤ ਵਿਪਸਾਅ ਵੱਲੋਂ ਹਰਭਜਨ ਢਿੱਲੋਂ ਦੇ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ। ਇਸ ਮਿਲਨੀ ਵਿਚ ਹੋਰਾਂ ਤੋਂ ਇਲਾਵਾ, ਦਲਜਿੰਦਰ ਸਿੰਘ, ਅਮਰ ਸੂਫ਼ੀ, ਕਿਮਲਾ, ਸਿਮਰਨ, ਮਾਹਿਲ ਕਾਲਕਟ, ਸਤਵਿੰਦਰ ਸਿੰਘ, ਸਬਰੀਨਾ ਬੈਂਸ, ਵਾਨੀਆ ਬੈਂਸ, ਸਤਿੰਦਰ ਕੌਰ ਬੈਂਸ, ਅਰਜਨਵੀਰ ਬੈਂਸ, ਮਨਜੀਤ ਪਲੇਹੀ, ਅਮਰ ਕਾਹਲੋਂ, ਕਰਨੈਲ ਸਿੰਘ ਢਿੱਲੋਂ, ਸੁਖਪਾਲ, ਪ੍ਰੋ. ਬਲਜਿੰਦਰ ਸਿੰਘ, ਪ੍ਰੋ. ਸੁਖਦੇਵ ਸਿੰਘ ਅਤੇ ਲਾਜ ਨੀਲਮ ਸੈਣੀ ਹਾਜ਼ਰ ਸਨ।