#AMERICA

ਵਿਪਸਾਅ ਕੈਲੀਫ਼ੋਰਨੀਆ ਵੱਲੋਂ ਪਦਮ ਸ਼੍ਰੀ ਡਾ. ਸੁਰਜੀਤ ਪਾਤਰ ਦੀ ਨਿੱਘੀ ਯਾਦ ਵਿਚ ਸ਼ਰਧਾਂਜਲੀ ਸਮਾਗਮ

ਹੇਵਰਡ, 29 ਮਈ (ਪੰਜਾਬ ਮੇਲ)- ਵਿਪਸਾਅ ਵੱਲੋਂ ਫਰੀਮਾਂਟ ਵਿਖੇ ਪਦਮ ਸ਼੍ਰੀ ਡਾ. ਸੁਰਜੀਤ ਪਾਤਰ ਦੀ ਨਿੱਘੀ ਯਾਦ ਵਿਚ ਸ਼ਰਧਾਂਜਲੀ ਸਮਾਗਮ ਆਯੋਜਿਤ ਕੀਤਾ ਗਿਆ। ਗ਼ਮਗੀਨ ਮਾਹੌਲ ਵਿਚ ਵਿਪਸਾਅ ਦੇ ਜਨਰਲ ਸਕੱਤਰ ਜਗਜੀਤ ਨੌਸ਼ਹਿਰਵੀ ਨੇ ਪ੍ਰੋਗਰਾਮ ਦੇ ਸ਼ੁਰੂ ਵਿਚ ਵਿਪਸਾਅ ਦੇ ਲੰਮਾ ਵਕਤ ਮੈਂਬਰ ਰਹੇ ਅਤੇ ਅਮਰੀਕਾ ਦੀਆਂ ਮਹਿਫ਼ਲਾਂ ਦਾ ਸ਼ਿੰਗਾਰ ਰਹੇ ਸ਼ਾਇਰ ਆਜ਼ਾਦ ਜਲੰਧਰੀ ਦੇ ਸਦੀਵੀ ਵਿਛੋੜੇ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਕਿਹਾ ਕਿ ਉਨ੍ਹਾਂ ਦੇ ਸੰਸਕਾਰ ਦੀ ਜਾਣਕਾਰੀ ਸਭ ਨਾਲ ਸਾਂਝੀ ਕੀਤੀ ਜਾਵੇਗੀ। ਇਸ ਉਪਰੰਤ ਡਾ. ਸੁਰਜੀਤ ਪਾਤਰ ਅਤੇ ਆਜ਼ਾਦ ਜਲੰਧਰੀ ਜੀ ਦੀਆਂ ਵਿੱਛੜੀਆਂ ਰੂਹਾਂ ਦੀ ਸ਼ਾਂਤੀ ਲਈ ਸਭ ਵੱਲੋਂ ਮੋਨ ਧਾਰਨ ਕੀਤਾ ਗਿਆ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਵਿਪਸਾਅ ਪ੍ਰਧਾਨ ਕੁਲਵਿੰਦਰ, ਹਰਜਿੰਦਰ ਕੰਗ, ਸੁਰਜੀਤ ਸਖੀ, ਡਾ. ਸੁਖਵਿੰਦਰ ਕੰਬੋਜ, ਸਾਹਿਤ ਪ੍ਰੇਮੀ ਲਾਲੀ ਧਨੋਆ ਅਤੇ ਜਸਵੀਰ ਗਿੱਲ ਸ਼ਾਮਲ ਹੋਏ। ਵਿਪਸਾਅ ਦੇ ਸਰਗਰਮ ਮੈਂਬਰ ਅਤੇ ਪੰਜਾਬ ਲੋਕ ਰੰਗ ਨਾਲ ਜੁੜੇ ਕਲਾਕਾਰ ਮੁਕੇਸ਼ ਸ਼ਰਮਾ ਦਾ ਕਾਵਿ ਸੰਗ੍ਰਹਿ ‘ਆਪੇ ਨਾਲ ਬਾਤ’ ਲੋਕ ਅਰਪਣ ਕੀਤਾ ਗਿਆ। ਪੰਜਾਬ ਲੋਕ ਰੰਗ ਦੇ ਸੁਰਿੰਦਰ ਸਿੰਘ ਧਨੋਆ ਨੇ ਕਿਹਾ ਕਿ ਮੁਕੇਸ਼ ਇੱਕ ਸ਼ਾਇਰ ਹੋਣ ਦੇ ਨਾਲ ਵਧੀਆ ਰੰਗ-ਕਰਮੀ ਅਤੇ ਕਲਾਕਾਰ ਵੀ ਹੈ। ਉਹ ਉਸਦੀ ਅਗਲੀ ਕਿਤਾਬ ਵਿਚ ਹਰ ਨਜ਼ਮ ਦੇ ਨਾਲ ਉਸਦਾ ਬਣਾਇਆ ਸਕੈੱਚ ਦੇਖਣਾ ਚਾਹੁੰਦੇ ਹਨ। ਹਰਜਿੰਦਰ ਕੰਗ ਨੇ ਕਿਹਾ ਕਿ ਕਿਤਾਬ ਦਾ ਨਾਮ ‘ਆਪੇ ਨਾਲ ਬਾਤ’ ਹੀ ਸਪੱਸ਼ਟ ਕਰਦਾ ਹੈ ਕਿ ਇਸ ਵਿਚ ਕਵੀ ਨੇ ਆਤਮ ਮੰਥਨ ਕਰਦੇ ਹੋਏ ਸਮਾਜ ਨਾਲ ਸਾਂਝ ਪਾਈ ਹੈ। ਸੁਖਵਿੰਦਰ ਕੰਬੋਜ ਨੇ ਇਸੇ ਸੰਦਰਭ ਵਿਚ ਕਿਹਾ ਕਿ ਮੁਕੇਸ਼ ਮੰਚ ਦਾ ਧਨੀ ਹੈ। ਇਸ ਦੀ ਕਵਿਤਾ ਮਨ ਦੇ ਕਈ ਭਾਵਾਂ ਨੂੰ ਬਿਆਨਦੀ ਹੈ।
ਸਮਾਗਮ ਵਿਚ ਹਾਜ਼ਰ ਲੇਖਕਾਂ, ਸਾਹਿਤ ਪ੍ਰੇਮੀਆਂ ਅਤੇ ਡਾ. ਸੁਰਜੀਤ ਪਾਤਰ ਦੇ ਨਜ਼ਦੀਕੀਆਂ ਵਲੋਂ ਉਨ੍ਹਾਂ ਦੀ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਉਨ੍ਹਾਂ ਦੇ ਜੀਵਨ ਅਤੇ ਸਾਹਿਤਕ ਸਫ਼ਰ ਦੀ ਗੱਲ ਤੋਰਦਿਆਂ ਜਗਜੀਤ ਨੇ ਦੱਸਿਆ ਕਿ 14 ਜਨਵਰੀ 1945 ਨੂੰ ਪਾਤੜ ਕਲਾਂ ਵਿਚ ਜਨਮਿਆਂ ਇਹ ਬਾਲ ਪੰਜਾਹ ਸਾਲ ਤੋਂ ਵੱਧ ਪੰਜਾਬੀ ਸਾਹਿਤ ਜਗਤ ਦੀ ਆਭਾ ਬਣਿਆ ਰਿਹਾ। ਉਸਦੀ ਸ਼ਖ਼ਸੀਅਤ ਅਤੇ ਸ਼ਾਇਰੀ ਦੋਵਾਂ ਵਿਚ ਹੀ ਅਜਿਹੀ ਚੁੰਬਕੀ ਖਿੱਚ ਸੀ ਕਿ ਪਾਠਕ ਅਤੇ ਸਰੋਤੇ ਉਸ ਵੱਲ ਖਿੱਚੇ ਜਾਂਦੇ ਸਨ। ਲੇਖਕ ਵਰਿਆਮ ਸੰਧੂ ਦੇ ਸ਼ਬਦਾਂ ਵਿਚ, ‘ਸੁਰਜੀਤ ਪਾਤਰ ਨਾਅਰੇ ਜਾਂ ਲਲਕਾਰੇ ਦਾ ਨਹੀਂ, ਰਮਜ਼ ਤੇ ਇਸ਼ਾਰੇ ਦਾ ਸ਼ਾਇਰ ਹੈ’। ਇਸ ਉਪਰੰਤ ਜਯੋਤੀ ਸਿੰਘ, ਚਰਨਜੀਤ ਸਿੰਘ ਪਨੂੰ, ਅਵਤਾਰ ਸਿੰਘ ਗੋਂਦਾਰਾ, ਅਮਰ ਸੂਫ਼ੀ, ਮੁਕੇਸ਼ ਸ਼ਰਮਾ, ਜਸਵੰਤ ਸਿੰਘ ਸੰਧੂ, ਅਮਰਜੀਤ ਕੌਰ ਪੰਨੂੰ, ਮਨਦੀਪ ਗੋਰਾ, ਹਰਪ੍ਰੀਤ ਕੌਰ ਧੂਤ, ਐੱਸ. ਕੁਮ ਐੱਸ. ਵਿਕ, ਲਾਜ ਨੀਲਮ ਸੈਣੀ, ਪ੍ਰੋ. ਸੁਰਿੰਦਰ ਸਿੰਘ ਸੀਰਤ, ਲਾਲੀ ਧਨੋਆ, ਸੁਰਜੀਤ ਸਖੀ, ਹਰਜਿੰਦਰ ਕੰਗ, ਡਾ. ਸੁਖਵਿੰਦਰ ਕੰਬੋਜ, ਜਸਵੀਰ ਗਿੱਲ ਅਤੇ ਕੁਲਵਿੰਦਰ ਨੇ ਡਾ. ਪਾਤਰ ਨਾਲ ਜੁੜੀਆਂ ਯਾਦਾਂ ਸਾਂਝੀਆਂ ਕਰਕੇ, ਉਨ੍ਹਾਂ ਦੀਆਂ ਗ਼ਜਲਾਂ ਦੇ ਸ਼ਿਅਰ ਅਤੇ ਸ਼ਬਦ ਚਿੱਤਰ ਪੜ੍ਹ ਕੇ ਗ਼ਮਗੀਨ ਕਾਇਨਾਤ ਨੂੰ ਸਹਿਜ ਕਰ ਦਿੱਤਾ। ਉਨ੍ਹਾਂ ਦੇ ਸ਼ਬਦਾਂ ਦੀ ਲੋਅ ਹਨੇਰੇ ਵਿਚ ਰੌਸ਼ਨੀ ਦੀ ਕਿਰਨ ਦਿਖਾ ਰਹੀ ਸੀ। ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ, ਜਿਵੇਂ ਡਾ. ਸੁਰਜੀਤ ਪਾਤਰ ਉਸ ਸਮਾਗਮ ਵਿਚ ਆਪ ਸ਼ਾਮਲ ਹੋਣ। ਉਨ੍ਹਾਂ ਦੀ ਸ਼ਾਇਰੀ ਵਿਚੋਂ ਉਨ੍ਹਾਂ ਦੀ ਸੂਰਤ ਤੇ ਸੀਰਤ ਝਲਕਦੀ ਸੀ। ਸਭ ਤੋਂ ਵੱਡੀ ਗੱਲ ਇਹ ਕਿ ਜਦੋਂ ਵੀ ਕੋਈ ਬੁਲਾਰਾ ਉਨ੍ਹਾਂ ਦਾ ਸ਼ਿਅਰ ਬੋਲਦਾ, ਤਾਂ ਹਾਲ ਵਿਚ ਬੈਠਾ ਹਰ ਸਰੋਤਾ ਉਸ ਸ਼ਿਅਰ ਨੂੰ ਨਾਲ ਹੀ ਬੋਲਦਾ। ਅਜਿਹਾ ਉਦੋਂ ਹੀ ਹੁੰਦਾ ਹੈ, ਜਦੋਂ ਕਿਸੇ ਕਵੀ ਦੀ ਕਵਿਤਾ ਲੋਕ ਮਨਾਂ ਵਿਚ ਵੱਸੀ ਹੋਵੇ। ਪਾਤਰ ਦੀ ਸ਼ਾਇਰੀ ਹਰ ਕਿਸੇ ਦੇ ਮਨ ਨੂੰ ਟੁੰਬਦੀ, ਕੀਲਦੀ ਤੇ ਗੁੱਝੀਆਂ ਰਮਜ਼ਾਂ ਦੇ ਭੇਦ ਪਛਾਣਨ ਦੇ ਯੋਗ ਬਣਾਉਂਦੀ ਹੈ। ਪਾਠਕ ਨੂੰ ਇਹ ਵੀ ਮਹਿਸੂਸ ਹੁੰਦਾ ਹੈ ਜਿਵੇਂ ਇਹ ਉਸ ਲਈ ਲਿਖੀ ਹੋਵੇ।
ਪ੍ਰੋ. ਸੁਰਿੰਦਰ ਸੀਰਤ ਨੇ ਪਾਤਰ ਸਾਹਿਬ ਨੂੰ ਇਸ ਸਦੀ ਦਾ ਕਵੀ ਕਹਿੰਦੇ ਹੋਏ ਆਪਣੀ ਗ਼ਜ਼ਲ ‘ਡੁੱਬਿਆ ਹੈ ਅੰਤ ਸੂਰਜਾ ਆਪਣੇ ਸਮੇਂ ਦੇ ਨਾਲ’ ਪਾਤਰ ਸਾਹਿਬ ਨੂੰ ਸਮਰਪਿਤ ਕੀਤੀ। ਹਰਜਿੰਦਰ ਕੰਗ ਨੇ ਕਿਹਾ ਕਿ ਪਾਤਰ ਅਸੀਮ ਸ਼ਾਇਰ ਸੀ, ਜੋ ਖ਼ੂਬਸੂਰਤ ਸਾਹਿਤਕ ਜੀਵਨ ਜੀ ਕੇ ਨਵਿਆਂ ਰਾਹਾਂ ਨੂੰ ਤੁਰ ਗਿਆ। ਡਾ. ਸੁਖਵਿੰਦਰ ਕੰਬੋਜ ਨੇ ਇਤਿਹਾਸ ਸਿਰਜਕ ਦਾ ਦਰਜਾ ਦਿੱਤਾ। ਜ਼ਿਕਰਯੋਗ ਹੈ ਕਿ 2002 ਵਿਚ ਵਿਪਸਾਅ ਦਾ ਸੰਗਠਨ ਡਾ. ਸੁਰਜੀਤ ਪਾਤਰ ਦੇ ਕਰ-ਕਮਲਾਂ ਨਾਲ ਹੋਇਆ ਸੀ। ਇਸ ਲਈ ਉਹ ਵਿਪਸਾਅ ਦਾ ਅੰਗ ਹੀ ਸਨ। ਕੁਲਵਿੰਦਰ ਨੇ ਪਾਤਰ ਜੀ ਨਾਲ ਬਿਤਾਏ ਵਕਤਾਂ ਦੀਆਂ ਕਈ ਨਿੱਘੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਪਾਤਰ ਦੀ ਸਖ਼ਸ਼ੀਅਤ ਉੱਪਰ ਲਿਖੀ ਆਪਣੀ ਇੱਕ ਨਜ਼ਮ ਸੁਣਾ ਕੇ ਸ਼ਰਧਾਂਜਲੀ ਭੇਂਟ ਕਿਤੀ। ਅਮਰ ਸੂਫ਼ੀ ਨੇ ਦੋਹੜਾ ਛੰਦ ਵਿਚ ਪਾਤਰ ਜੀ ‘ਤੇ ਲਿਖਿਆ ਸ਼ਬਦ ਚਿੱਤਰ ਸੁਣਾਇਆ ਅਤੇ ਉਨ੍ਹਾਂ ਨਾਲ ਵਾਬਸਤਾ ਕਈ ਯਾਦਾਂ ਸਾਂਝੀਆਂ ਕੀਤੀਆਂ।
ਜਸਵੀਰ ਗਿੱਲ ਨੇ ਕਿਹਾ ਕਿ ਪਾਤਰ ਸਾਹਿਬ ਕੁਦਰਤ ਅਤੇ ਧਰਤੀ ਨਾਲ ਜੁੜੇ ਹੋਏ ਸ਼ਾਇਰ ਸਨ। ਉਨ੍ਹਾਂ ਦੀ ਗ਼ਜ਼ਲ ‘ਮੈਂ ਰਾਹਾਂ ‘ਤੇ ਨਹੀਂ ਤੁਰਦਾ’ ਮੈਨੂੰ ਬਹੁਤ ਪ੍ਰਭਾਵਿਤ ਕਰਦੀ ਹੈ। ਇਹ ਸੱਚ ਹੈ ਕਿ ਸਾਰੀ ਦੁਨੀਆਂ ਪੈੜਾਂ ‘ਤੇ ਹੀ ਤੁਰਦੀ ਹੈ। ਅਸੀਂ ਅਮਰੀਕਾ ਪਹੁੰਚ ਕੇ ਇਸ ਗ਼ਜ਼ਲ ਦੀ ਤਰ੍ਹਾਂ ਆਪਣੇ ਰਾਹ ਬਣਾਏ ਹਨ। ਲਾਲੀ ਧਨੋਆ ਨੇ ਕਿਹਾ ਕਿ ਇਸ ਦਰਵੇਸ਼ ਸ਼ਾਇਰ ਨੂੰ ਅਸੀਂ ਕਾਲਜ ਦੇ ਸਮੇਂ ਤੋਂ ਹੀ ਪੜ੍ਹਦੇ ਅਤੇ ਸੁਣਦੇ ਆਏ ਹਾਂ। ਉਨ੍ਹਾਂ ਦੇ ਬਹੁਤ ਸਾਰੇ ਗੀਤ ਅਤੇ ਸ਼ਿਅਰ ਸਾਡੇ ਮਨਾਂ ਵਿਚ ਵੱਸੇ ਹੋਏ ਹਨ। ਹਰਪ੍ਰੀਤ ਧੂਤ ਨੇ ਕਿਹਾ ਕਿ ਉਹ ਪਾਤਰ ਸਾਹਿਬ ਨੂੰ ਭਾਵੇਂ ਮਿਲੀ ਪਰ ਉਨ੍ਹਾਂ ਦੀਆਂ ਰਚਨਾਵਾਂ ਪੜ੍ਹਦੇ ਇੰਝ ਮਹਿਸੂਸ ਹੁੰਦਾ ਕਿ ਉਹ ਮੇਰੇ ਨਾਲ ਹੀ ਹਨ। ਉਸ ਨੇ ਪਾਤਰ ਸਾਹਿਬ ਨੂੰ ਸਮਰਪਿਤ ਬਹੁਤ ਭਾਵ-ਪੂਰਤ ਨਜ਼ਮ ਪੇਸ਼ ਕੀਤੀ। ਸਮਾਗਮ ‘ਚ ਬੈਠੇ ਹਰ ਪਾਤਰ ਪਿਆਰੇ ਨੇ ਮਹਿਸੂਸ ਕੀਤਾ ਕਿ ਸੁਰਜੀਤ ਪਾਤਰ ਆਪਣੇ ਸ਼ਬਦਾਂ ਦੇ ਨਾਲ ਹਮੇਸ਼ਾ ਉਨ੍ਹਾਂ ਦੇ ਅੰਗ-ਸੰਗ ਹੀ ਰਹੇਗਾ। ਸੁਖਦੇਵ ਸਾਹਿਲ ਨੇ ਡਾ. ਪਾਤਰ ਦੀਆਂ ਗ਼ਜ਼ਲਾਂ ਦਾ ਗਾਇਨ ਕਰਕੇ ਸਮਾਂ ਬੰਨ੍ਹਦੇ ਹੋਏ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਇਸ ਸਮਾਗਮ ਵਿਚ ਅਮਰੀਕ ਸਿੰਘ ਪੰਨੂੰ, ਮਨਜੀਤ ਪਲਾਹੀ, ਮਨਜੀਤ ਕੌਰ, ਕਮਲਜੀਤ ਸਿੰਘ ਬਾਸੀ, ਰਮਜੀਤ ਕੌਰ, ਜਸਵਿੰਦਰ ਧਨੋਆ, ਕੰਵਲਦੀਪ ਕੌਰ, ਬਰਜਿੰਦਰ ਸਿੰਘ, ਰਿੱਮੀ ਸੰਧੂ, ਜੇਅ ਸੰਧੂ, ਇਜਾਜ਼ ਸਈਅਦ, ਕੁਲਦੀਪ ਸੇਖੋਂ, ਵਿਜੇ ਸਿੰਘ,ਤਾਰਾ ਸਾਗਰ, ਰਮੇਸ਼ ਬੰਗੜ, ਲਾਜ ਨੀਲਮ ਸੈਣੀ ਆਦਿ ਨੇ ਸ਼ਿਰਕਤ ਕੀਤੀ। ਸਮੁੱਚੇ ਪ੍ਰੋਗਰਾਮ ਦਾ ਸੰਚਾਲਨ ਜਗਜੀਤ ਨੌਸ਼ਹਿਰਵੀ ਨੇ ਬਾਖ਼ੂਬੀ ਨਿਭਾਇਆ। ਅਗਲੇ ਮਹੀਨੇ ਦੀ ਬੈਠਕ ਵਿਚ ਹਰਪ੍ਰੀਤ ਕੌਰ ਧੂਤ ਦੇ ਕਹਾਣੀ ਸੰਗ੍ਰਹਿ ‘ਸੂਰਜ ਹਾਰ ਗਿਆ ਹੈ’ ‘ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ।